ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 'ਕਪਿਲ ਸ਼ਰਮਾ ਸ਼ੋਅ' ਦੇ ਕਲਾਕਾਰ ਕੀਕੂ ਸ਼ਾਰਦਾ ਪਰਿਵਾਰ ਸਣੇ ਹੋਏ ਨਤਮਸਤਕ
Saturday, Jan 03, 2026 - 01:24 AM (IST)
ਅੰਮ੍ਰਿਤਸਰ (ਸਰਬਜੀਤ) : ਕਪਿਲ ਸ਼ਰਮਾ ਸ਼ੋਅ ਵਿੱਚ ਆਪਣੇ ਹਾਸੇ-ਮਜ਼ਾਕ ਭਰੇ ਕਿਰਦਾਰਾਂ ਨਾਲ ਦਰਸ਼ਕਾਂ ਨੂੰ ਲੋਟ-ਪੋਟ ਕਰਨ ਵਾਲੇ ਮਸ਼ਹੂਰ ਕਲਾਕਾਰ ਕੀਕੂ ਸ਼ਾਰਦਾ ਪਰਿਵਾਰ ਸਮੇਤ ਗੁਰੂ ਨਗਰੀ ਪਹੁੰਚੇ। ਏਅਰਪੋਰਟ ਤੋਂ ਆਉਂਦਿਆਂ ਹੀ ਉਨ੍ਹਾਂ ਨੇ ਸ਼ਹਿਰ ਦੇ ਮਸ਼ਹੂਰ ਅੰਮ੍ਰਿਤਸਰੀ ਕੁਲਚਿਆਂ ਨਾਲ ਆਪਣੇ ਦੌਰੇ ਦੀ ਸ਼ੁਰੂਆਤ ਕੀਤੀ। ਕੀਕੂ ਸ਼ਾਰਦਾ ਨੇ ਕਿਹਾ ਕਿ ਉਹ ਅੰਮ੍ਰਿਤਸਰ ਖਾਸ ਤੌਰ ’ਤੇ ਖਾਣੇ ਦੇ ਇਰਾਦੇ ਨਾਲ ਆਏ ਹਨ ਅਤੇ ਇੱਥੋਂ ਦੇ ਸੁਆਦੀ ਖਾਣੇ ਉਨ੍ਹਾਂ ਨੂੰ ਬਹੁਤ ਪਸੰਦ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਕੂ ਸ਼ਾਰਦਾ ਨੇ ਦੱਸਿਆ ਕਿ ਉਹ ਪੂਰੇ ਪਰਿਵਾਰ ਨਾਲ ਆਏ ਹਨ ਅਤੇ ਲਗਭਗ 13 ਲੋਕਾਂ ਦਾ ਗਰੁੱਪ ਇਕੱਠੇ ਘੁੰਮ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਉਹ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਵੀ ਗਏ ਅਤੇ ਆਪਣੇ ਦੌਰੇ ਦੀ ਸ਼ੁਰੂਆਤ ਵਾਹਿਗੁਰੂ ਦਾ ਆਸ਼ੀਰਵਾਦ ਲੈ ਕੇ ਕੀਤੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਮਹਿਮਾਨ-ਨਿਵਾਜ਼ੀ ਅਤੇ ਲੋਕਾਂ ਦਾ ਪਿਆਰ ਇਸ ਸ਼ਹਿਰ ਨੂੰ ਬਾਕੀ ਸਾਰੇ ਸ਼ਹਿਰਾਂ ਤੋਂ ਵੱਖਰਾ ਬਣਾਉਂਦਾ ਹੈ।
ਇਹ ਵੀ ਪੜ੍ਹੋ : ਉਡੀਕ ਖ਼ਤਮ! ਰਿਲੀਜ਼ ਹੋਇਆ 'ਬਾਰਡਰ 2' ਦਾ ਸਭ ਤੋਂ ਵੱਡਾ ਗੀਤ; ਮਸ਼ਹੂਰ ਗਾਇਕਾਂ ਨੇ ਦਿੱਤੀ ਆਵਾਜ਼
ਦੱਸਣਯੋਗ ਹੈ ਕਿ ਕੀਕੂ ਸ਼ਾਰਦਾ ਭਾਰਤੀ ਟੈਲੀਵਿਜ਼ਨ ਦੇ ਪ੍ਰਸਿੱਧ ਕਾਮੇਡੀਅਨ ਅਤੇ ਅਦਾਕਾਰ ਹਨ, ਜਿਨ੍ਹਾਂ ਨੂੰ ਸਭ ਤੋਂ ਵੱਧ ਪਛਾਣ “ਦ ਕਪਿਲ ਸ਼ਰਮਾ ਸ਼ੋਅ” ਰਾਹੀਂ ਮਿਲੀ ਹੈ। ਸ਼ੋਅ ਵਿੱਚ ਉਨ੍ਹਾਂ ਵੱਲੋਂ ਨਿਭਾਇਆ ਗਿਆ “ਬੱਚਾ ਯਾਦਵ” ਦਾ ਕਿਰਦਾਰ ਦਰਸ਼ਕਾਂ ਵਿੱਚ ਖਾਸਾ ਲੋਕਪ੍ਰਿਯ ਰਿਹਾ ਹੈ, ਜਿਸ ਨੇ ਉਨ੍ਹਾਂ ਨੂੰ ਘਰ-ਘਰ ਵਿੱਚ ਮਸ਼ਹੂਰ ਕਰ ਦਿੱਤਾ। ਉਨ੍ਹਾਂ ਦੀ ਕਾਮਿਕ ਟਾਈਮਿੰਗ ਅਤੇ ਅਦਾਕਾਰੀ ਨੂੰ ਹਰ ਉਮਰ ਦੇ ਦਰਸ਼ਕ ਪਸੰਦ ਕਰਦੇ ਹਨ। ਆਪਣੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਗੱਲ ਕਰਦਿਆਂ ਕੀਕੂ ਸ਼ਾਰਦਾ ਨੇ ਦੱਸਿਆ ਕਿ ਉਹ “ਕੌਣ ਬਣੇਗਾ ਕਰੋੜਪਤੀ” ਦੇ ਫਾਈਨਲ ਸ਼ੋਅ ਵਿੱਚ ਅਮਿਤਾਭ ਬੱਚਨ ਨਾਲ ਖਾਸ ਜੁਗਲਬੰਦੀ ਕਰਦੇ ਨਜ਼ਰ ਆਉਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਤੋਂ ਬਾਅਦ ਉਹ ਮੁੜ ਕਪਿਲ ਸ਼ਰਮਾ ਦੇ ਨਾਲ ਸ਼ੋਅ ਵਿੱਚ ਨਜ਼ਰ ਆਉਣਗੇ।
