ਅੰਤਰਰਾਸ਼ਟਰੀ ਯੋਗ ਦਿਵਸ 'ਤੇ ਵਿਸ਼ੇਸ਼ : ਮਨ ਦੀ ਇਕਾਗਰਤਾ ਤੇ ਸਿਹਤਯਾਬੀ ਲਈ ਲਾਹੇਵੰਦ ਹੈ ਯੋਗ

06/20/2020 6:26:19 PM

ਸ੍ਰੀ ਮੁਕਤਸਰ ਸਾਹਿਬ(ਪਵਨ ਤਨੇਜਾ, ਖ਼ੁਰਾਣਾ, ਸੁਖਪਾਲ) - ਮਨ ਦੀ ਇਕਾਗਰਤਾ ਤੇ ਸਿਹਤਯਾਬੀ ਲਈ ਕਾਰਗਰ ਮੰਨੇ ਜਾਂਦੇ ਯੋਗ ਸਬੰਧੀ ਲੋਕਾ। ਇਸ ਵਾਰ ਕੋਵਿਡ-19 ਦੇ ਚੱਲਦਿਆਂ ਯੋਗ ਦਿਵਸ ਭਾਵੇਂ ਗਰੁੱਪ ਵਿਚ ਨਾ ਮਨਾਇਆ ਜਾਵੇ, ਪਰ ਘਰ ਬੈਠੇ ਲੋਕ ਇਸ ਵਾਰ ਯੋਗ ਗਤੀਵਿਧੀਆਂ ਕਰਨ ਦੀ ਠਾਣ ਚੁੱਕੇ ਹਨ। ਹਰ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਸਕੂਲਾਂ, ਕਾਲਜਾਂ, ਵੱਖ-ਵੱਖ ਸੰਸਥਾਵਾਂ, ਅਦਾਰਿਆਂ ਤੇ ਸੋਸਾਇਟੀਆਂ ਵੱਲੋਂ ਇਕਜੁੱਟਤਾ ਕਰਕੇ ਮਨਾਇਆ ਜਾਂਦਾ ਹੈ, ਪਰ ਕੋਰੋਨਾ ਦੇ ਚੱਲਦਿਆਂ ਸਮਾਜਿਕ ਦੂਰੀ ਨੂੰ ਧਿਆਨ ਵਿਚ ਰੱਖਦਿਆਂ ਇਸ ਵਾਰ ਸ਼ਹਿਰਾਂ ਵਿਚ ਯੋਗ ਦਿਵਸ ਦੀਆਂ ਝਲਕਾਂ ਘੱਟ ਨਜ਼ਰ ਆਉਣਗੀਆਂ, ਜਦੋਂਕਿ ਜ਼ਿਆਦਾਤਰ ਲੋਕਾਂ ਨੇ ਘਰ ਬੈਠੇ ਹੀ ਯੋਗ ਗਤੀਵਿਧੀਆਂ ਕਰਨ ਦਾ ਫੈਸਲਾ ਕੀਤਾ ਹੈ।

ਕੋਰੋਨਾ ਦੇ ਚੱਲਦਿਆਂ ਸਰਕਾਰ ਵੱਲੋਂ ਸਮਾਜਿਕ ਦੂਰੀ ਪ੍ਰਤੀ ਵਿਸ਼ੇਸ਼ ਤੌਰ 'ਤੇ ਚੌਕੰਣੇ ਰਹਿਣ ਲਈ ਕਿਹਾ ਗਿਆ ਹੈ। ਅਜਿਹੇ 'ਚ ਕਿਸੇ ਪਾਰਕ ਜਾਂ ਹੋਰ ਜਗ੍ਹਾ 'ਤੇ  ਸਮੂਹਿਕ ਇਕੱਠ ਜ਼ਰੀਏ ਯੋਗ ਦਿਵਸ ਮਨਾਉਣਾ ਲਗਭਗ ਨਾਮੁਮਕਿਨ ਹੈ। ਸਿੱਖਿਆ ਵਿਭਾਗ  ਵੱਲੋਂ ਵੀ ਇਸ ਵਾਰ ਦਾ ਯੋਗ ਦਿਵਸ ਆਨਲਾਈਨ ਢੰਗ ਜ਼ਰੀਏ ਮਨਾਏ ਜਾਣ ਦਾ ਫੈਸਲਾ ਕੀਤਾ ਗਿਆ ਹੈ, ਜਦੋਂਕਿ ਯੋਗ ਪ੍ਰੇਮੀ ਵੀ ਇਸ ਵਾਰ ਯੋਗ ਦਿਵਸ ਆਨਲਾਈਨ ਮਾਧਿਅਮਾਂ ਜ਼ਰੀਏ ਕਾਨਫਰੰਸਾਂ 'ਚ ਕਰਦੇ ਵਿਖਾਈ ਦੇਣਗੇ।

ਸ਼ਹਿਰ ਦੇ ਸੂਝਵਾਨ ਅਧਿਆਪਕ ਅਤੇ ਯੋਗ ਟੀਚਰ ਸਤੀਸ਼ ਬੇਦਾਗ ਅਤੇ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਯੋਗ ਦਾ ਸਾਡੇ ਸਰੀਰ ਲਈ ਬੜਾ ਮਹੱਤਵ ਹੈ। ਇਸ ਵਾਰ ਭਾਵੇਂ ਕੋਵਿਡ-19 ਦੇ  ਚੱਲਦਿਆਂ ਯੋਗ ਦਿਵਸ ਨੂੰ ਵੱਡੇ ਪੱਧਰ 'ਤੇ ਨਹੀਂ ਮਨਾਇਆ ਜਾ ਸਕੇਗਾ, ਪਰ ਘਰ ਬੈਠੇ  ਲੋਕਾਂ ਨੂੰ ਯੋਗ ਕਿਰਿਆਵਾਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਸਾਡੀ ਸਿਹਤਯਾਬੀ ਬਣੀ ਰਹੇ ਅਤੇ ਸਾਡਾ ਸਰੀਰ ਕੋਰੋਨਾ ਖ਼ਿਲਾਫ਼ ਲੜਣ ਲਈ ਸਮਰੱਥ ਬਣਿਆ ਰਹੇ।

ਦੱਸ ਦੇਈਏ ਕਿ ਯੋਗ ਨੂੰ ਸਾਡੇ ਦੇਸ਼ ਅੰਦਰ ਵੱਡੇ ਪੱਧਰ 'ਤੇ ਲੋਕ ਰੋਜ਼ਾਨਾ ਜੀਵਨ ਵਿਚ ਪ੍ਰਯੋਗ ਕਰ ਰਹੇ ਹਨ,  ਕਿਉਂਕਿ ਯੋਗ ਪ੍ਰਕਿਰਿਆਵਾਂ ਨਾਲ ਸਰੀਰ ਤੰਦਰੁਸਤ, ਫੁਰਤੀਲਾ, ਮਾਨਸਿਕ ਤੌਰ 'ਤੇ  ਤੰਦਰੁਸਤ ਅਤੇ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ। ਇਸ ਲਈ ਕੋਰੋਨਾ ਦੇ ਚਲਦਿਆਂ ਵੀ  ਲੋਕ ਯੋਗ ਕਿਰਿਆਵਾਂ ਨੂੰ ਅਪਨਾਉਣਗੇ, ਪਰ ਜ਼ਿਆਦਾਤਰ ਇਸ ਵਾਰ ਇਹ ਪ੍ਰਕਿਰਿਆਵਾਂ ਘਰ  ਬੈਠੇ ਹੀ ਲੋਕ ਕਰਨ ਵਾਲੇ ਹਨ।


Harinder Kaur

Content Editor

Related News