ਸੀਟੂ ਨੇ ਪੰਜਾਬ ਤੇ ਹਰਿਆਣਾ ਸਰਕਾਰ ਖਿਲਾਫ ਕੀਤੀ ਰੋਸ ਰੈਲੀ
Monday, Oct 22, 2018 - 08:03 AM (IST)

ਲੁਧਿਆਣਾ, (ਸਲੂਜਾ)- ਦੇਸ਼ ਦਾ ਭਵਿੱਖ ਸੰਵਾਰਨ ਵਾਲੇ ਅਧਿਆਪਕਾਂ ਦੀ ਤਨਖਾਹ ’ਚ ਭਾਰੀ ਕਟੌਤੀ ਕਰਨ ਅਤੇ ਹਰਿਆਣਾ ਦੀ ਸਰਕਾਰੀ ਬੱਸ ਸਰਵਿਸ ਨੂੰ ਪ੍ਰਾਈਵੇਟ ਹੱਥਾਂ ’ਚ ਸੌਂਪੇ ਜਾਣ ਦੀਆਂ ਤਿਆਰੀਆਂ ਦੇ ਮੁੱਦੇ ਨੂੰ ਲੈ ਕੇ ਸੀਟੂ ਨੇ ਅੱਜ ਇਥੇ ਫੋਕਲ ਪੁਆਇੰਟ ਇਲਾਕੇ ਵਿਚ ਰੋਸ ਰੈਲੀ ਕੀਤੀ। ਸੀਟੂ ਜ਼ਿਲਾ ਲੁਧਿਆਣਾ ਦੇ ਜਨਰਲ ਸਕੱਤਰ ਕਾਮਰੇਡ ਜਗਦੀਸ਼ ਚੰਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕਾਂ ਦੀ ਤਨਖਾਹ ਨੂੰ ਘੱਟ ਕੀਤੇ ਜਾਣਾ ਸ਼ਰੇਆਮ ਸਰਕਾਰ ਦੀ ਧੱਕੇਸ਼ਾਹੀ ਹੈ। ਉਨ੍ਹ ਨੇ ਕਿਹਾ ਕਿ ਜਿਨ੍ਹਾਂ ਅਧਿਆਪਕਾਂ ਨੇ ਸਮਾਜ ਵਿਚ ਗਿਆਨ ਦਾ ਪ੍ਰਸਾਰ ਕਰਨਾ ਹੈ, ਜੇਕਰ ਉਹੀ ਆਪਣੇ ਮਿਹਨਤਾਨਾ ਨੂੰ ਲੈ ਕੇ ਸਡ਼ਕਾਂ ’ਤੇ ਧਰਨੇ ਦੇਣਗੇ ਤਾਂ ਫਿਰ ਦੇਸ਼ ਦਾ ਭਵਿੱਖ ਕੀ ਹੋਵੇਗਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਧਿਆਪਕਾਂ ਨੂੰ ਪੂਰੀ ਤਨਖਾਹ ਸਮੇਤ ਰੈਗੂਲਰ ਕਰਨ ਦਾ ਐਲਾਨ ਕਰਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਜੋ ਸਰਕਾਰੀ ਬੱਸ ਸਰਵਿਸ ਦਾ ਨਿਜੀਕਰਨ ਜਾ ਰਹੀ ਹੈ ਅਤੇ ਮੁਲਾਜ਼ਮਾਂ ’ਤੇ ਜ਼ੁਲਮ ਕਰ ਰਹੀ ਹੈ। ਉਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸੀਟੂ ਤਾਂ ਸ਼ੁਰੂ ਤੋਂ ਹੀ ਨਿਜੀਕਰਨ ਦੇ ਖਿਲਾਫ ਅੰਦੋਲਨ ਕਰਦੀ ਆ ਰਹੀ ਹੈ। ਸਰਕਾਰ ਮੁਲਾਜ਼ਮ ਵਿਰੋਧੀ ਨੀਤੀਆਂ ਨੂੰ ਬੰਦ ਕਰੇ। ਕਾਮਰੇਡ ਜਗਦੀਸ਼ ਚੰਦ ਨੇ ਐਲਾਨ ਕੀਤਾ ਕਿ ਸੀਟੂ ਅਧਿਆਪਕ ਅਤੇ ਹਰਿਆਣਾ ਦੇ ਬੱਸ ਮੁਲਾਜ਼ਮਾਂ ਦੇ ਸੰਘਰਸ਼ ਦਾ ਜ਼ੋਰਦਾਰ ਸਮਰਥਨ ਕਰਦੀ ਹੈ ਅਤੇ ਅੰਦੋਲਨ ’ਚ ਵੀ ਵਧ ਚਡ਼੍ਹ ਕੇ ਹਿੱਸਾ ਲਵੇਗੀ। ਇਸ ਤੋਂ ਨਿਕਲਣ ਵਾਲੇ ਨਤੀਜਿਆਂ ਦੇ ਲਈ ਪੰਜਾਬ ਅਤੇ ਹਰਿਆਣਾ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ। ਇਸ ਰੋਸ ਰੈਲੀ ਨੂੰ ਕਾਮਰੇਡ ਬਲਰਾਮ ਸਿੰਘ, ਅਜੀਤ ਕੁਮਾਰ, ਜਵਾਹਰ ਲਾਲ, ਜੈ ਪ੍ਰਕਾਸ਼ ਅਸ਼ੋਕ ਭਾਰਤੀ ਅਤੇ ਸੁਦੇਸ਼ਵਰ ਤਿਵਾਰੀ ਆਦਿ ਨੇ ਵੀ ਸੰਬੋਧਨ ਕੀਤਾ।