ਜ਼ਮੀਨੀ ਵਿਵਾਦ ਕਾਰਨ ਚੱਲੀ ਗੋਲੀ, ਮਾਮਲਾ ਦਰਜ

06/13/2021 6:42:47 PM

ਕੋਟਕਪੂਰਾ (ਨਰਿੰਦਰ ਬੈੜ੍ਹ) : ਨੇੜਲੇ ਪਿੰਡ ਸੰਧਵਾਂ ਵਿਖੇ ਖੇਤ ’ਚ ਕੰਮ ਕਰਦੇ ਕੁੱਝ ਵਿਅਕਤੀਆਂ 'ਤੇ ਫ਼ਾਇਰਿੰਗ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰਨ ਅਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਪੁਲਸ ਕੋਟਕਪੂਰਾ ਵਿਖੇ ਇਰਾਦਾ ਕਤਲ, ਅਸਲਾ ਐਕਟ ਅਤੇ ਕੁੱਝ ਹੋਰ ਧਾਰਾਵਾਂ ਅਧੀਨ 9 ਵਿਅਕਤੀਆਂ ਅਤੇ 3-4 ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧ ਵਿੱਚ ਬਸਤੀ ਨਾਨਕਸਰ ਸੰਧਵਾਂ ਦੇ ਨਿਵਾਸੀ ਮਨਜੀਤ ਸਿੰਘ ਪੁੱਤਰ ਧਿਆਨ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਅਤੇ ਉਸਦੇ ਪਰਿਵਾਰਕ ਮੈਂਬਰ ਆਪਣੇ ਖੇਤ, ਪਿੰਡ ਸੰਧਵਾਂ ਵਿਖੇ ਸਬਜ਼ੀ ਤੋੜ ਰਹੇ ਸਨ। ਇਸ ਦੌਰਾਨ ਪਿੰਡ ਵੱਲੋਂ ਇੱਕ ਚਿੱਟੇ ਰੰਗ ਦੀ ਫ਼ਾਰਚੂਨਰ ਗੱਡੀ, ਇਕ ਕਾਲੇ ਰੰਗ ਦੀ ਕਰੋਲਾ ਗੱਡੀ ਅਤੇ ਟਰੈਕਟਰ 5911 ’ਤੇ ਸਵਾਰ ਹੋ ਕੇ ਕੁੱਝ ਵਿਅਕਤੀ ਆਏ। ਉਨ੍ਹਾਂ ਨੇ ਟਰੈਕਟਰ ਮੁਦਈ ਦੇ ਖੇਤ ਵਿੱਚ ਵੜ ਕੇ ਵੱਟ ਪਾਉਣੀ ਸ਼ੁਰੂ ਕਰ ਦਿੱਤੀ। ਜਦੋਂ ਬਿਆਨ ਕਰਤਾ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹਰੀਸ਼ ਕੁਮਾਰ ਨਾਂ ਦੇ ਵਿਅਕਤੀ ਨੇ ਮਾਰ ਦੇਣ ਦੀ ਨੀਅਤ ਨਾਲ ਆਪਣੀ ਪਿਸਤੌਲ ਨਾਲ ਫਾਇਰ ਉਸ ਵੱਲ ਕੀਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਅਤੇ ਗੋਲੀ ਉਸ ਦੇ ਪਿੱਛੇ ਖੜੀ ਉਸ ਦੀ ਭਰਜਾਈ ਬਲਵਿੰਦਰ ਕੌਰ ਦੇ ਸੱਜੇ ਪਾਸੇ ਨਾਲੋਂ ਕਰਾਸ ਕਰਕੇ ਨਿਕਲ ਗਈ।

ਇਹ ਵੀ ਪੜ੍ਹੋ : ਬੰਦ ਕਾਰ ’ਚੋਂ ਮਿਲੀ ਨੌਜਵਾਨ ਦੀ ਲਾਸ਼, ਨਸ਼ਾ ਛੱਡਣ ਲਈ ਖਾ ਰਿਹਾ ਸੀ ਦਵਾਈ

ਉਸ ਤੋਂ ਬਾਅਦ ਉਕਤਾਨ ਨੇ ਮੁਦਈ ਅਤੇ ਉਸ ਦੇ ਪਰਿਵਾਰ ਦੀ ਕੁੱਟਮਾਰ ਕੀਤੀ। ਹਰੀਸ਼ ਕੁਮਾਰ ਨੇ ਤਿੰਨ ਚਾਰ ਹੋਰ ਹਵਾਈ ਫ਼ਾਇਰ ਕੀਤੇ ਤਾਂ ਲੋਕਾਂ ਦਾ ਇਕੱਠ ਹੁੰਦਾ ਵੇਖ ਕੇ ਸਾਰੇ ਜਣੇ ਮੌਕੇ ਤੋਂ ਆਪਣੇ ਹਥਿਆਰਾਂ ਸਮੇਤ ਘਟਨਾ ਸਥਾਨ ਤੋਂ ਚਲੇ ਗਏ। ਮੌਕੇ ’ਤੇ ਪੁਲਸ ਨੇ ਪੁੱਜ ਕੇ ਤਫ਼ਤੀਸ਼ ਦੌਰਾਨ ਇਕ ਖੋਲ ਕਾਰਤੂਸ, ਇਕ ਚਿੱਟੇ ਰੰਗ ਦੀ ਫਾਰਚੂਨਰ ਗੱਡੀ, ਇਕ ਕਾਲੇ ਰੰਗ ਦੀ ਕਰੋਲਾ ਗੱਡੀ ਅਤੇ ਟਰੈਕਟਰ 5911 ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਜਾਣਕਾਰੀ ਅਨੁਸਾਰ ਮਨਜੀਤ ਸਿੰਘ ਅਤੇ ਉਸਦੀ ਭਰਜਾਈ ਜ਼ਖ਼ਮੀ ਹੋਣ ਕਾਰਨ ਇਲਾਜ ਲਈ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਦਾਖ਼ਲ ਹਨ। ਜਾਂਚ ਅਧਿਕਾਰੀ ਇੰਸਪੈਕਟਰ ਜਗਬੀਰ ਸਿੰਘ ਐੱਸ. ਐੱਚ. ਓ. ਥਾਣਾ ਸਦਰ ਕੋਟਕਪੂਰਾ ਨੇ ਦੱਸਿਆ ਕਿ ਜ਼ਮੀਨੀ ਵਿਵਾਦ ਕਾਰਨ ਉਕਤ ਘਟਨਾ ਵਾਪਰੀ ਹੈ।

ਇਹ ਵੀ ਪੜ੍ਹੋ : ਲੁਧਿਆਣਾ ਜ਼ਿਲ੍ਹੇ ਦਾ ਇਹ ਪਿੰਡ ਬਣਿਆ ਮਿਸਾਲ, 18 ਸਾਲ ਤੋਂ ਵੱਧ ਦੇ ਹਰ ਵਿਅਕਤੀ ਨੇ ਲਗਾਈ ਵੈਕਸੀਨ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News