ਹਸਪਤਾਲ ''ਚ ਹੋਇਆ ਲਿੰਗ ਨਿਰਧਾਰਨ ਟੈਸਟ, ਸਿਹਤ ਵਿਭਾਗ ਨੇ ਕੀਤੀ ਛਾਪੇਮਾਰੀ

03/12/2020 9:25:42 PM

ਬੱਸੀ ਪਠਾਣਾ,(ਰਾਜਕਮਲ)- ਬੱਸੀ ਪਠਾਣਾ ਦੇ ਇਕ ਨਿਜੀ ਹਸਪਤਾਲ 'ਚ ਇਕ ਡਾਕਟਰ ਵਲੋਂ ਲਿੰਗ ਨਿਰਧਾਰਨ ਟੈਸਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਿਹਤ ਵਿਭਾਗ ਅੰਬਾਲਾ ਦੀ ਟੀਮ ਨੇ ਹਸਪਤਾਲ 'ਚ ਮੌਕੇ 'ਤੇ ਛਾਪੇਮਾਰੀ ਕਰ ਜਿਥੇ ਡਾਕਟਰ ਨੂੰ ਰੰਗੀ ਹੱਥੀ ਕਾਬੂ ਕੀਤਾ ਉਥੇ ਹੀ ਹਸਪਤਾਲ ਦੀ ਅਲਟ੍ਰਾਸਾਊਂਡ ਮਸ਼ੀਨ ਨੂੰ ਵੀ ਸੀਲ ਕਰ ਦਿੱਤਾ ਗਿਆ ਅਤੇ ਦੋ ਵਿਚੌਲਿਆਂ ਨੂੰ ਪੁਲਸ ਹਵਾਲੇ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਅੰਬਾਲਾ ਦੀ ਡਿਪਟੀ ਸੀ. ਐਮ. ਓ. ਬਲਵਿੰਦਰ ਕੌਰ, ਡਾ. ਪ੍ਰੇਮ ਸਿੰਘ, ਵਿਜੈ ਕੁਮਾਰ ਏ. ਐਸ. ਐਮ. ਓ. ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਮੁਖ਼ਬਰ ਤੋਂ ਸੂਚਨਾ ਮਿਲੀ ਸੀ ਕਿ ਬੱਸੀ ਪਠਾਣਾ ਦੇ ਇਕ ਨਿਜੀ ਹਸਪਤਾਲ 'ਚ ਅਲਟ੍ਰਾਸਾਊਂਡ ਮਸ਼ੀਨ ਰਾਹੀਂ ਲਿੰਗ ਨਿਰਧਾਰਨ ਟੈਸਟ ਕੀਤਾ ਜਾਂਦਾ ਹੈ ਅਤੇ ਅੱਜ ਵੀ ਇਕ ਮਹਿਲਾ ਦਾ ਟੈਸਟ ਕੀਤਾ ਜਾਵੇਗਾ। ਇਸ ਸੂਚਨਾ ਦੇ ਆਧਾਰ 'ਤੇ ਉਨ੍ਹਾਂ ਦੀ ਟੀਮ ਵਲੋਂ ਸਵੇਰੇ 8 ਵਜੇ ਤੋਂ ਦੱਸੀ ਗਈ ਗਰਭਵਤੀ ਮਹਿਲਾ ਦਾ ਪਿੱਛਾ ਕੀਤਾ ਜਾ ਰਿਹਾ ਸੀ ਪਰ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਇਹ ਟੈਸਟ ਕਿੱਥੇ ਕੀਤਾ ਜਾਵੇਗਾ। ਸ਼ਹਿਰ ਦੇ ਇਕ ਨਿਜੀ ਹਸਪਤਾਲ 'ਚ ਇਕ ਡਾਕਟਰ ਵਲੋਂ ਉਕਤ ਮਹਿਲਾ ਦਾ ਟੈਸਟ ਕਰਨ ਉਪਰੰਤ ਦੱਸਿਆ ਗਿਆ ਕਿ ਉਸ ਦੇ ਪੇਟ 'ਚ ਲੜਕੀ ਹੈ। ਟੀਮ ਵਲੋਂ ਜਦੋਂ ਉਕਤ ਮਹਿਲਾ ਨੂੰ ਕਾਬੂ ਕਰ ਉਸ ਤੋਂ ਪੁੱਛ-ਗਿੱਛ ਕਰਕੇ ਟੈਸਟ ਵਾਲੀ ਜਗਾ ਪੁੱਛੀ ਗਈ ਤਾਂ ਉਸ ਵਲੋਂ ਇਕ ਨਿਜੀ ਹਸਪਤਾਲ ਦਿਖਾਇਆ ਗਿਆ, ਜਦੋਂ ਅੰਦਰ ਜਾ ਕੇ ਛਾਪੇਮਾਰੀ ਕੀਤੀ ਗਈ ਤਾਂ ਇਕ ਡਾਕਟਰ ਵਲੋਂ ਇਕ ਹੋਰ ਮਹਿਲਾ ਦਾ ਟੈਸਟ ਕੀਤਾ ਜਾ ਰਿਹਾ ਸੀ, ਜਿਸ ਨੂੰ ਅਜਿਹਾ ਕਰਨ ਤੋਂ ਰੋਕਦੇ ਹੋਏ ਤੁਰੰਤ ਅਲਟ੍ਰਾਸਾਊਂਡ ਮਸ਼ੀਨ ਨੂੰ ਸੀਲ ਕਰਵਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸਕੈਨ ਸੈਂਟਰ ਤਾਂ ਇਸ ਦੌਰਾਨ ਰਜਿਸਟਰਡ ਪਾਇਆ ਗਿਆ ਪਰ ਡਾਕਟਰ ਅਨਰਜਿਸਟਰਡ ਸੀ ਤੇ ਉਸ ਕੋਲ ਅਧੂਰੇ ਦਸਤਾਵੇਜ ਹੀ ਸਨ। ਇਸ ਤੋਂ ਇਲਾਵਾ ਉਕਤ ਮਹਿਲਾ ਦਾ ਭਰੂਣ ਟੈਸਟ ਕਰਨ ਦਾ ਸੌਦਾ 30 ਹਜ਼ਾਰ 'ਚ ਹੋਇਆ ਸੀ ਤੇ ਇਕ ਦਿਨ ਪਹਿਲਾਂ 10 ਹਜ਼ਾਰ ਰੁਪਏ ਐਡਵਾਂਸ ਲਏ ਗਏ ਸਨ ਤੇ 20 ਹਜ਼ਾਰ ਅੱਜ ਦੇਣੇ ਸਨ। ਉਨ੍ਹਾਂ ਦੀ ਟੀਮ ਵਲੋਂ ਸੈਂਟਰ 'ਚੋਂ 9500 ਰੁਪਏ ਦੀ ਰਿਕਵਰੀ ਕਰਦੇ ਹੋਏ ਟੈਸਟ ਕਰਵਾਉਣ ਦਾ ਝਾਂਸਾ ਦੇਣ ਵਾਲੇ ਦੋ ਵਿਚੌਲਿਆਂ ਨੂੰ ਵੀ ਕਾਬੂ ਕਰਦੇ ਹੋਏ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ ਤੇ ਸੈਂਟਰ ਨੂੰ ਸੀਲ ਕਰਕੇ ਹੋਰ ਜਾਂਚ ਕੀਤੀ ਜਾ ਰਹੀ ਹੈ। ਟੀਮ ਨੇ ਦੱਸਿਆ ਕਿ ਪੁਲਸ ਨੂੰ ਵੀ ਇਸ ਸਬੰਧੀ ਮਾਮਲਾ ਦਰਜ਼ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਭਵਿੱਖ ਵਿਚ ਅਜਿਹੀ ਕੋਈ ਘਟਨਾ ਨਾ ਵਾਪਰ ਸਕੇ।


Related News