ਫਿਰੋਜ਼ਪੁਰ ਜੇਲ੍ਹ ’ਚ ਹਵਾਲਾਤੀ ਦੀ ਪਿੱਠ ’ਤੇ ‘ਗੈਂਗਸਟਰ’ ਲਿਖਣ ਦੇ ਮਾਮਲੇ ’ਚ ਸੈਸ਼ਨ ਜੱਜ ਨੇ ਚੁੱਕਿਆ ਸਖ਼ਤ ਕਦਮ

08/20/2022 11:17:31 AM

ਫਿਰੋਜ਼ਪੁਰ(ਕੁਮਾਰ, ਮਲਹੋਤਰਾ) : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ’ਚ ਬੰਦ ਇਕ ਹਵਾਲਾਤੀ ਦੀ ਪਿੱਠ ’ਤੇ ਪੰਜਾਬੀ ਭਾਸ਼ਾ ’ਚ ‘ਗੈਂਗਸਟਰ’ ਲਿਖਣ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਫਿਰੋਜ਼ਪੁਰ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਚੀਫ ਜੁਡੀਸ਼ੀਅਲ ਮੈਜਿਸਟਰੇਟ ਅਸ਼ੋਕ ਚੌਹਾਨ ਦੀ ਇਸ ਘਟਨਾ ਸਬੰਧੀ ਪੂਰੀ ਰਿਪੋਰਟ ਪੇਸ਼ ਕਰਨ ਲਈ ਡਿਊਟੀ ਲਾਈ ਗਈ ਹੈ।

ਇਹ ਵੀ ਪੜ੍ਹੋ-  ਮੂਸੇਵਾਲਾ ਕਤਲਕਾਂਡ ਦੇ 40 ਗਵਾਹ, 15 ਮੁਲਜ਼ਮਾਂ ਖ਼ਿਲਾਫ਼ FIR, ਚਾਰਜਸ਼ੀਟ 'ਚ ਖੁੱਲ੍ਹਣਗੇ ਸਾਰੇ ਰਾਜ਼

ਵਰਨਣਯੋਗ ਹੈ ਕਿ ਤਰਸੇਮ ਸਿੰਘ ਜੋਧਾ ਨਾਂ ਦੇ ਹਵਾਲਾਤੀ ਨੇ ਦੋਸ਼ ਲਗਾਇਆ ਹੈ ਕਿ ਜੇਲ੍ਹ ਅੰਦਰ ਪੁਲਸ ਪ੍ਰਸ਼ਾਸਨ ਵਲੋਂ ਲੋਹੇ ਦੀਆਂ ਗਰਮ ਸਲਾਖਾਂ ਨਾਲ ਉਸ ਦੀ ਪਿੱਠ ’ਤੇ ਗੈਂਗਸਟਰ ਸ਼ਬਦ ਲਿਖਿਆ ਗਿਆ ਸੀ, ਜਦਕਿ ਦੂਜੇ ਪਾਸੇ ਡੀ. ਆਈ. ਜੀ. ਜੇਲ੍ਹ ਫਿਰੋਜ਼ਪੁਰ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਸੀ ਕਿ ਹਵਾਲਾਤੀ ਵਲੋਂ ਆਪਣੇ ਸਾਥੀ ਨਾਲ ਮਿਲ ਕੇ ਜੇਲ੍ਹ ਪ੍ਰਸ਼ਾਸਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਗਈ ਹੈ ਅਤੇ ਇਸੇ ਸਾਜ਼ਿਸ਼ ਤਹਿਤ ਹਵਾਲਾਤੀ ਨੇ ਆਪਣੇ ਸਾਥੀ ਤੋਂ ਆਪਣੀ ਪਿੱਠ ’ਤੇ ਗੈਂਗਸਟਰ ਸ਼ਬਦ ਲਿਖਵਾਇਆ ਸੀ। ਇਸ ਘਟਨਾ ਸਬੰਧੀ ਜੇਲ੍ਹ ਸੁਪਰਡੈਂਟ ਵਲੋਂ ਦਿੱਤੀ ਲਿਖਤੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਹਵਾਲਾਤੀ ਤਰਸੇਮ ਸਿੰਘ ਜੋਧਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਹਫ਼ਤੇ 'ਚ 3 ਦਿਨ ਚੋਰੀ ਤੇ 3 ਦਿਨ ਪਰਹੇਜ਼, ਐਤਵਾਰ ਨੂੰ ਆਰਾਮ, ਜਾਣੋ ਗ੍ਰਿਫ਼ਤਾਰ ਹੋਏ ਚੋਰਾਂ ਦਾ ਅਨੋਖਾ ਕਾਰਨਾਮਾ

ਜ਼ਿਲ੍ਹਾ ਤੇ ਸੈਸ਼ਨ ਜੱਜ ਫਿਰੋਜ਼ਪੁਰ ਵੀਰ ਇੰਦਰ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਿਟੇਟਰ ਐਡਵੋਕੇਟ ਗਗਨ ਗੋਕਲਾਨੀ ਅਤੇ ਪੈਰਾ ਲੀਗਲ ਵਲੰਟੀਅਰ ਗਗਨਦੀਪ ਸਿੰਘ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਪਹੁੰਚੇ ਅਤੇ ਉਨ੍ਹਾਂ ਨੇ ਹਵਾਲਾਤੀ ਦਾ ਹਾਲਚਾਲ ਪੁੱਛਦੇ ਹੋਏ ਉਸ ਤੋਂ ਪੁੱਛਿਆ ਕਿ ਕੀ ਉਸਨੂੰ ਮੁਫਤ ਕਾਨੂੰਨੀ ਸਹਾਇਤਾ ਚਾਹੀਦੀ ਹੈ? ਹਵਾਲਾਤੀ ਵਲੋਂ ਕਾਨੂੰਨੀ ਸਹਾਇਤਾ ਲੈਣ ਸਬੰਧੀ ਸਹਿਮਤੀ ਦਿੱਤੇ ਜਾਣ ’ਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਦੀ ਸਕੱਤਰ ਕੁਮਾਰੀ ਏਕਤਾ ਉੱਪਲ ਨੇ ਹਲਾਲਾਤੀ ਨੂੰ ਮੁਕੱਦਮਾ ਲੜਨ ਲਈ ਵਕੀਲ ਦੀ ਸਹੂਲਤ ਦੇ ਦਿੱਤੀ ਗਈ ਹੈ। ਕੁਮਾਰੀ ਏਕਤਾ ਉੱਪਲ ਵਲੋਂ ਹਵਾਲਾਤੀ ਤੋਂ ਪੁੱਛਿਆ ਗਿਆ ਕਿ ਕੀ ਉਸਨੂੰ ਕੋਈ ਇਲਾਜ ਕਰਵਾਉਣ ਲਈ ਉਸਨੂੰ ਡਾਕਟਰੀ ਸਹੂਲਤ ਚਾਹੀਦੀ ਹੈ ਤਾਂ ਉਸਨੇ ਕਿਹਾ ਕਿ ਉਸਨੂੰ ਇਲਾਜ ਲਈ ਮੈਡੀਕਲ ਸਹੂਲਤ ਨਹੀਂ ਚਾਹੁੰਦੀ ਅਤੇ ਉਸਨੇ ਆਪਣਾ ਇਲਾਜ ਕਰਵਾ ਲਿਆ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News