ਕਿਰਤੀ ਕਿਸਾਨ ਯੂਨੀਅਨ ਵੱਲੋਂ ਨਾਅਰੇਬਾਜ਼ੀ

09/26/2019 4:13:44 PM

ਸੰਗਰੂਰ (ਬੇਦੀ, ਹਰਜਿੰਦਰ) : ਕਿਰਤੀ ਕਿਸਾਨ ਯੂਨੀਅਨ ਵੱਲੋਂ ਡੀ. ਸੀ. ਦਫ਼ਤਰ ਸੰਗਰੂਰ ਅੱਗੇ ਲਾਏ ਤਿੰਨ ਰੋਜ਼ਾ ਮੋਰਚੇ ਦੇ ਦੂਜੇ ਦਿਨ ਵੀ ਕਿਸਾਨ ਡੀ. ਸੀ. ਦਫਤਰ ਅੱਗੇ ਡਟੇ ਰਹੇ ਅਤੇ ਆਪਣੀਆਂ ਮੰਗਾਂ ਦੇ ਹੱਕ 'ਚ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਭਜਨ ਸਿੰਘ ਢੱਡਰੀਆਂ ਨੇ ਕਿਹਾ ਕਿ ਜਿੱਥੇ ਭਾਰਤੀ ਹਾਕਮਾਂ ਨੇ ਰਸਾਇਣਕ ਖੇਤੀ ਮਾਡਲ ਲਾਗੂ ਕਰ ਕੇ ਪੰਜਾਬ ਦੀ ਧਰਤੀ 'ਚ ਬਹੁਕੌਮੀ ਕੰਪਨੀਆਂ ਨੂੰ ਵਿਦੇਸ਼ੀ ਕੀਟਨਾਸ਼ਕ, ਨਦੀਨਾਸ਼ਕ, ਖਾਦਾਂ, ਬੀਜ ਅਤੇ ਸੰਦ ਵਰਤਣ ਲਈ ਦਿੱਤੀ। ਉਥੇ ਪਾਣੀ ਦੀ ਵੀ ਖੁੱਲ੍ਹੀ ਵਰਤੋਂ ਲਈ ਪ੍ਰੇਰਿਤ ਕੀਤਾ ਅਤੇ ਕਿਸਾਨਾਂ ਨੂੰ 14 ਲੱਖ ਟਿਊਬਵੈੱਲ ਕੁਨੈਕਸ਼ਨ ਦਿੱਤੇ। ਇਸ ਖੇਤੀ ਮੰਡਲ ਦੀਆਂ ਵਧਦੀਆਂ ਲਾਗਤਾਂ ਅਤੇ ਕਣਕ ਝੋਨੇ ਦੇ ਫਸਲੀ ਚੱਕਰ ਨੇ ਜਿੱਥੇ ਪੰਜਾਬ ਦੇ ਕਿਸਾਨਾਂ ਨੂੰ ਕਰਜ਼ਾਈ ਕਰ ਕੇ ਖੁਦਕੁਸ਼ੀਆਂ ਦੇ ਰਾਹ ਤੋਰਿਆ। ਉਥੇ ਪੰਜਾਬ ਦਾ 83% ਧਰਤੀ ਹੇਠਲਾ ਪਾਣੀ ਖਤਮ ਕੀਤਾ ਅਤੇ ਪਾਣੀ ਨੂੰ ਆਰਮੈਨਿਕ, ਲੈਡ, ਯੁਰੇਨੀਅਮ ਵਰਗੀਆਂ ਖਤਰਨਾਕ ਧਾਤਾਂ ਨਾਲ ਦੂਸ਼ਿਤ ਕਰ ਕੇ ਪੰਜਾਬ ਦੇ ਲੋਕਾਂ ਨੂੰ ਕੈਂਸਰ, ਪੀਲੀਆਂ ਵਰਗੀਆਂ ਬੀਮਾਰੀਆਂ ਦੇ ਮਰੀਜ਼ ਬਣਾ ਦਿੱਤਾ ਹੈ।

ਆਗੂਆਂ ਨੇ ਮੰਗ ਕੀਤੀ ਕਿ ਉਪਰੋਕਤ ਸਮੱÎਸਿਆਵਾਂ ਦੇ ਹੱਲ ਲਈ ਪੰਜਾਬ ਨੂੰ ਵੱਖ-ਵੱਖ ਵਾਤਾਵਰਣ ਖਿੱਤਿਆਂ 'ਚ ਵੰਡ ਕੇ ਉਨ੍ਹਾਂ ਖਿੱਤਿਆਂ ਦੀਆਂ ਕੁਦਰਤੀ ਫਸਲਾਂ ਨੂੰ ਉੱਨਤ ਕਰਨ ਲਈ ਖੇਤੀ ਖੋਜ ਕੇਂਦਰ ਸਥਾਪਤ ਕਰ ਕੇ ਇਲਾਕਿਆਂ 'ਚ ਹੀ ਉਨ੍ਹਾਂ ਫਸਲਾਂ ਨਾਲ ਸਬੰਧਤ ਉਦਯੋਗ ਸਥਾਪਤ ਕੀਤੇ ਜਾਣ ਅਤੇ ਫਸਲ ਦੀ ਸਰਕਾਰੀ ਭਾਅ 'ਤੇ ਖਰੀਦ ਦੀ ਗਰੰਟੀ ਸਰਕਾਰ ਲਵੇ। ਇਸ ਨਾਲ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ, ਪਾਣੀ ਅਤੇ ਬੇਰੋਜ਼ਗਾਰੀ ਦੀ ਸਮੱਸਿਆ ਵੱਡੇ ਪੱਧਰ 'ਤੇ ਹੱਲ ਕੀਤੀ ਜਾ ਸਕਦੀ ਹੈ ਅਤੇ ਕਿਸਾਨਾਂ ਦਾ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਖਹਿੜਾ ਛੁਟ ਸਕਦਾ ਹੈ।

ਇਸ ਲੋਕਪੱਖੀ ਅਤੇ ਵਾਤਾਵਰਣ ਪੱਖੀ ਖੇਤੀ ਮਾਡਲ ਨੂੰ ਲੋਕ ਸੰਘਰਸ਼ਾਂ ਰਾਹੀਂ ਹੀ ਲਾਗੂ ਕਰਵਾਇਆ ਜਾ ਸਕਦਾ ਹੈ। ਜ਼ਿਲਾ ਆਗੂ ਦਰਸ਼ਨ ਕੁੰਨਰਾਂ ਨੇ ਕਿਹਾ ਕਿ ਸਰਕਾਰ 10 ਏਕੜ ਤੱਕ ਦੇ ਕਿਸਾਨਾਂ ਦੇ ਕਰਜ਼ੇ 'ਤੇ ਫੌਰੀ ਲੀਕ ਮਾਰੇ। ਪੰਜਾਬ ਦੇ ਦਰਿਆਈ ਪਾਣੀਆਂ ਨੂੰ ਬਚਾਉਣ ਲਈ ਰਿਪੇਅਰੀਅਨ ਕਾਨੂੰਨ ਅਨੁਸਾਰ ਪਾਣੀਆਂ ਅਤੇ ਪੰਜਾਬ ਦਾ ਹੱਕ ਬਹਾਲ ਕੀਤਾ ਜਾਵੇ। ਸਤਲੁਜ-ਯਮੁਨਾ ਲਿੰਕ ਨਹਿਰ ਦਾ ਪ੍ਰਾਜੈਕਟ ਰੱਦ ਕਰ ਕੇ ਪੰਜਾਬ ਦੇ ਹੈੱਡ ਵਰਕਸ ਦਾ ਪ੍ਰਬੰਧ ਪੰਜਾਬ ਦੇ ਹਵਾਲੇ ਕੀਤਾ ਜਾਵੇ ਕਿਉਂਕਿ ਦਰਿਆਈ ਪਾਣੀਆਂ ਦਾ 50% ਇਕੱਲੇ ਰਾਜਸਥਾਨ ਅਤੇ 20% ਹਰਿਆਣੇ ਨੂੰ ਦਿੱਤਾ ਜਾ ਰਿਹਾ ਹੈ। ਅੱਜ ਦੇ ਇਕੱਠ 'ਚ ਹਾਜ਼ਰ ਕਿਸਾਨਾਂ ਨੇ ਹੱਥ ਖੜ੍ਹੇ ਕਰ ਕੇ ਮਤਾ ਪਾਸ ਕੀਤਾ ਕਿ ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਤੁਰੰਤ ਰੱਦ ਕੀਤੀ ਜਾਵੇ। ਇਨ੍ਹਾਂ ਤੋਂ ਬਿਨਾਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਜੁਝਾਰ ਸਿੰਘ ਬਡਰੁੱਖਾ, ਗੁਰਪ੍ਰੀਤ ਬਡਰੁੱਖਾ, ਗਰਜਾ ਸਿੰਘ ਰੱਤੋਕੇ, ਅਜੈਬ ਸਿੰਘ ਸਾਹੋਕੇ, ਹਰਦੇਵ ਦੁੱਲਟ, ਬਲਵਿੰਦਰ ਸਿੰਘ ਜੱਗੀ, ਜਸਦੀਪ ਬਹਾਦਰਪੁਰ, ਗੁਰਮੀਤ ਸਿੰਘ ਕੁੰਨਰਾਂ, ਸਾਹਬ ਸਿੰਘ ਤਕੀਪੁਰ ਨੇ ਸੰਬੋਧਨ ਕਰਦਿਆਂ ਕਿਸਾਨੀ ਮੰਗਾਂ ਬਾਰੇ ਚਾਨਣਾ ਪਾਇਆ ਅਤੇ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ।


cherry

Content Editor

Related News