ਐੱਸ. ਏ. ਐੱਸ./ਰਮਸਾ ਅਧਿਆਪਕਾਂ ਨੇ ਫੂਕੇ ਮੰਤਰੀਅਾਂ ਦੇ ਪੁਤਲੇ
Monday, Oct 22, 2018 - 01:25 AM (IST)

ਫਰੀਦਕੋਟ, (ਚਾਵਲਾ)- ਪੰਜਾਬ ਸਰਕਾਰ ਨੇ ਐੱਸ. ਐੱਸ. ਏ./ਰਮਸਾ ਅਧਿਆਪਕਾਂ ਨੂੰ 42,500 ਤੋਂ ਘਟਾ ਕੇ 15,000 ਰੁਪਏ ਪ੍ਰਤੀ ਮਹੀਨਾ ਤਨਖਾਹ ’ਤੇ ਪੱਕੇ ਕਰਨ ਦਾ ਐਲਾਨ ਭਾਵੇਂ ਕਰ ਦਿੱਤਾ ਹੈ ਪਰ ਇਸ ਦੇ ਵਿਰੋਧ ਵਿਚ ਸਾਝਾ ਅਧਿਆਪਕ ਮੋਰਚਾ, ਪੰਜਾਬ ਦੇ ਸੱਦੇ ’ਤੇ ਬੀਤੀ ਸ਼ਾਮ ਨੂੰ ਫਰੀਦਕੋਟ ਤੇ ਤਹਿਸੀਲ ਦੇ ਅਧਿਆਪਕਾਂ ਨੇ ਰਾਵਣ ਰੂਪੀ ਸਰਕਾਰ ਦਾ ਪੁਤਲਾ ਬਣਾ ਕੇ ਸ਼ਹਿਰ ਦੇ ਬਾਜ਼ਾਰਾਂ ਵਿਚ ਰੋਸ ਰੈਲੀ ਕਰਨ ਉਪਰੰਤ ਨਾਅਰੇਬਾਜ਼ੀ ਕਰਦਿਅਾਂ ਹੁੱਕੀ ਚੌਕ ’ਚ ਪੰਜਾਬ ਦੇ ਮੁੱਖ ਮੰਤਰੀ, ਸਿੱਖਿਆ ਮੰਤਰੀ, ਵਿੱਤ ਮੰਤਰੀ ਅਤੇ ਸਿੱਖਿਆ ਸਕੱਤਰ ਦੇ ਪੁਤਲੇ ਫੂਕੇ।
ਇਸ ਦੌਰਾਨ ਗਗਨ ਪਾਵਾ, ਗੁਰਮੀਤ ਸਿੰਘ, ਸੁਖਵਿੰਦਰ ਸੁੱਖੀ ਆਦਿ ਅਧਿਆਪਕ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਐਲਾਨ ਅਧਿਆਪਕਾਂ ਲਈ ਕੀਤਾ ਗਿਆ ਹੈ, ਉਹ ਸਾਨੂੰ ਮਨਜ਼ੂਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਤਿੰਨ ਸਾਲ ਬਾਅਦ ਪੂਰੀ ਤਨਖਾਹ ਮਿਲਣ ਸਬੰਧੀ ਡਰ ਬਿਲਕੁਲ ਜਾਇਜ਼ ਹੈ ਕਿਉਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਨਵੰਬਰ-2014 ਵਿਚ ਠੇਕਾ ਅਾਧਾਰਿਤ ਸੇਵਾ ਦੀ ਸ਼ਰਤ ’ਤੇ 5178 ਮਾਸਟਰ ਕਾਡਰ ਅਧਿਆਪਕਾਂ ਦੀ ਨਿਯੁਕਤੀ ਕੀਤੀ ਸੀ। ਨਿਯੁਕਤੀ ਪੱਤਰ ਦੀਆਂ ਸ਼ਰਤਾਂ ਅਨੂਸਾਰ ਇਨ੍ਹਾਂ ਅਧਿਆਪਕਾਂ ਨੂੰ ਤਿੰਨ ਸਾਲ ਦੀ ਠੇਕਾ ਪੂਰਤੀ ਤੋਂ ਬਾਅਦ-2017 ਵਿਚ ਰੈਗੂਲਰ ਕੀਤਾ ਜਾਣਾ ਸੀ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਅਧਿਆਪਕਾਂ ਨੇ ਠੇਕਾ ਅਾਧਾਰਿਤ ਸੇਵਾ ਪੂਰੀ ਕੀਤੀ ਹੈ, ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਪੱਕਾ ਤਾਂ ਕੀ ਕਰਨਾ ਸੀ, ਸਗੋਂ ਜਿਨ੍ਹਾਂ ਨੂੰ 6 ਹਜ਼ਾਰ ਰੁਪਏ ਤਨਖਾਹ ਮਿਲਦੀ ਸੀ, ਉਹ ਵੀ ਬੰਦ ਕਰ ਦਿੱਤੀ, ਜਿਸ ਕਰ ਕੇ ਅੱਜ ਐੱਸ. ਐੱਸ. ਏ./ਰਮਸਾ ਦੇ 5178 ਅਧਿਆਪਕ ਸਡ਼ਕਾਂ ’ਤੇ ਰੁਲ ਰਹੇ ਹਨ। ਰੈਗੂਲਰ ਆਰਡਰ ਜਾਰੀ ਨਾ ਕਰ ਕੇ ਸਰਕਾਰ ਜਾਣ-ਬੁੱਝ ਕੇ ਇਨ੍ਹਾਂ ਅਧਿਆਪਕਾਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ।
ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਐੱਸ. ਐੱਸ. ਏ./ਰਮਸਾ ਅਤੇ ਹੋਰ ਅਧਿਆਪਕਾਂ ਨੂੰ ਪੂਰੀ ਸਕੇਲ ’ਤੇ ਪੱਕਾ ਕੀਤਾ ਜਾਵੇ, ਅਧਿਆਪਕ ਆਗੂਆਂ ਦੀਆਂ ਵਿਕਟੇਮਾਈਜ਼ੇਸ਼ਨ ਤੁਰੰਤ ਰੱਦ ਕੀਤੀ ਜਾਵੇ, ਤਨਖਾਹ ਕਮਿਸ਼ਨ ਲਾਗੂ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਡੀ. ਏ. ਦੀਆਂ ਬਕਾਇਆ ਕਿਸ਼ਤਾਂ ਤੁਰੰਤ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।