ਪੰਜਾਬ ਦੇ ਲੋਕਾਂ ’ਤੇ ਪਿਆ ਇਕ ਹੋਰ ਵੱਡਾ ਬੋਝ,ਖੱਡਾਂ ਬੰਦ ਹੋਣ ਕਾਰਨ ਮਹਿੰਗੀ ਹੋਈ ਰੇਤ

04/10/2022 11:20:44 AM

ਪਟਿਆਲਾ (ਮਨਦੀਪ ਜੋਸਨ) : ‘ਆਪ’ ਸਰਕਾਰ ਅਜੇ ਨਵੀਆਂ ਪਾਲਿਸੀਆਂ ਬਣਾਉਣ ਅੰਦਰ ਰੁਝੀ ਹੋਈ ਹੈ ਪਰ ਪੁਰਾਣੀਆਂ ਨੂੰ ਰਿਵਾਇਜ਼ ਕਰਨ ਦਾ ਸੇਕ ਆਮ ਲੋਕਾਂ ਤੱਕ ਪੁੱਜ ਗਿਆ ਹੈ। ਚੰਨੀ ਸਰਕਾਰ ਵੱਲੋਂ ਰਾਮ ਰੋਲੇ ਤੋਂ ਬਾਅਦ ਜਿਹੜਾ ਰੇਤਾ 20 ਰੁਪਏ ਫੁੱਟ ਲਿਆਂਦਾ ਗਿਆ ਸੀ। ਹੁਣ ਫਿਰ 34 ਰੁਪਏ ਫੁੱਟ ਜਾ ਪੁੱਜਾ ਹੈ, ਜਿਸ ਦਾ ਕਾਰਨ ਹੈ ਕਿ ਸਰਕਾਰ ਨੇ ਲੀਗਲ ਅਤੇ ਅਣਲੀਗਲ ਸਮੁੱਚੀਆਂ ਖੱਡਾਂ ਬੰਦ ਕਰ ਦਿੱਤੀਆਂ ਹਨ, ਜਿਸ ਕਾਰਨ ਪਟਿਆਲਾ ਜ਼ਿਲਾ ਤੇ ਪੰਜਾਬ ਅੰਦਰ ਹਾਹਾਕਾਰ ਮਚੀ ਹੋਈ ਹੈ। ਆਮ ਆਦਮੀ ਪਾਰਟੀ ਰੇਤੇ ਦੀ ਬਲੈਕ ਰੋਕਣ ਲਈ ਅਤੇ ਇਸ ਨੂੰ ਸਸਤਾ ਕਰਨ ਲਈ ਨਵੀਂ ਪਾਲਿਸੀ ਬਣਾਉਣਾ ਚਾਹੁੰਦੀ ਹੈ ਪਰ ਅਜੇ ਇਸਦੀ ਕੋਈ ਸੀਮਾ ਤੈਅ ਨਹੀਂ ਹੋਈ। ਲਗਾਤਾਰ ਰੇਤੇ ਦੇ ਰੇਟ ਵੱਧਣ ਕਾਰਨ ਆਮ ਲੋਕਾਂ ਤੇ ਦੁਕਾਨਦਾਰਾਂ ਅੰਦਰ ਹਾਹਾਕਾਰ ਮਚੀ ਪਈ ਹੈ, ਜਿਸ ਕਾਰਨ ਦੁਕਾਨਦਾਰ ਤੇ ਟਰੱਕਾਂ ਵਾਲੇ ਬੇਰੋਜ਼ਗਾਰ ਹੋਣ ਲੱਗੇ ਹਨ, ਉਥੇ ਘਰਾਂ ਤੇ ਹੋਰ ਕਮਰਸ਼ੀਅਲ ਸਾਈਟਾਂ ਦਾ ਕੰਮ ਵੀ ਬੰਦ ਹੋਣ ਜਾ ਰਿਹਾ ਹੈ। ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਲਈ ਚੰਗੇ ਫੈਸਲੇ ਲੈ ਕੇ ਆ ਰਹੀ ਹੈ ਤੇ ਲੋਕਾਂ ਨੂੰ ਆਸ ਹੈ ਕਿ ਇਸ ਮਾਮਲੇ ਅੰਦਰ ਵੀ ਸਰਕਾਰ ਜਲਦ ਫੈਸਲੇ ਲਵੇਗੀ।

ਇਹ ਵੀ ਪੜ੍ਹੋ : ਪਟਿਆਲਾ ’ਚ ਹੋਏ 19 ਸਾਲਾ ਮੁੰਡੇ ਦੇ ਕਤਲ ਕਾਂਡ ’ਚ ਅਹਿਮ ਖ਼ੁਲਾਸਾ, 2 ਗ੍ਰਿਫ਼ਤਾਰ

 ਮਜ਼ਬੂਰ ਲੋਕ ਹਰਿਆਣਾ ਤੋਂ ਲਿਆਉਣ ਲੱਗੇ ਰੇਤਾ

ਪੰਜਾਬ ਦੀਆਂ ਲੀਗਲ ਅਤੇ ਅਣਲੀਗਲ ਖੱਡਾਂ ਤੋਂ ਰੇਤਾ ਬੰਦ ਹੋਣ ਕਾਰਨ ਜ਼ਿਲਾ ਪਟਿਆਲਾ ਦੇ ਲੋਕਾਂ ਨੇ ਹਰਿਆਣਾ ਵੱਲ ਰੁੱਖ ਕਰ ਲਿਆ ਹੈ। ਹਰਿਆਣਾ ਅੰਦਰ ਪੈਂਦੀ ਯਮੁੂਨਾ ਦਾ ਰੇਤਾ 30 ਰੁਪਏ ਦੇ ਕਰੀਬ ਪੈਂਦਾ ਹੈ। ਮਜ਼ਬੂਰ ਲੋਕ ਉੱਧਰੋਂ ਰੇਤਾ ਮੰਗਵਾ ਰਹੇ ਹਨ। ਪੰਜਾਬ ਦਾ ਰੈਵੀਨਿਊ ਹਰਿਆਣਾ ਵੱਲ ਜਾਣ ਲੱਗਾ ਹੈ। ਇਸ ਲਈ ਸਰਕਾਰ ਨੂੰ ਤੁਰੰਤ ਸੋਚਣਾ ਪਵੇਗਾ।

ਇਹ ਵੀ ਪੜ੍ਹੋ : ਮਿੱਡੂਖੇੜਾ ਕਤਲ ਕਾਂਡ : ਸ਼ਾਰਪ ਸ਼ੂਟਰਾਂ ਦੀ ਗ੍ਰਿਫ਼ਤਾਰੀ ਤੋਂ 7 ਦਿਨਾਂ ਬਾਅਦ ਹੋਏ ਅਹਿਮ ਖ਼ੁਲਾਸੇ

ਮਿੱਟੀ ਦੀ ਮਾਈਨਿੰਗ ਵੀ ਹੋਈ ਬੰਦ

ਮਿੱਟੀ ਦੀ ਮਾਈਨਿੰਗ ਵੀ ਸਰਕਾਰ ਦੇ ਹੁਕਮਾਂ ਤੋਂ ਬਾਅਦ ਬੇਹਦ ਪ੍ਰਭਾਵਿਤ ਹੋਈ ਹੈ। ਲੋਕ ਇਹ ਚਾਹੁੰਦੇ ਹਨ ਕਿ ਮਾਈਨਿੰਗ ’ਤੇ ਬਲੈਮੇਲਿੰਗ ਤੁਰੰਤ ਬੰਦ ਹੋਵੇ ਪਰ ਲੰਘੀ ਸਰਕਾਰ ਨੇ ਕਿਸਾਨਾਂ ਤੇ ਖੇਤਾਂ ਅੰਦਰ ਤਿੰਨ ਫੁੱਟ ਤੱਕ ਮਿੱਟੀ ਪੁੱਟਣ ਦੇ ਹੁਕਮ ਜਾਰੀ ਕੀਤੇ ਸਨ, ਜਿਸ ਨਾਲ ਆਮ ਲੋਕਾਂ ਦੇਘਰਾਂ, ਦੁਕਾਨਾਂ ਤੇ ਕਾਰੋਬਾਰਾਂ ’ਚ ਮਿੱਟੀ ਮਿਲ ਰਹੀ ਸੀ। ਪਿਛਲੇ ਦਿਨਾਂ ਅੰਦਰ ਮਿੱਟੀ ਦਾ ਵਪਾਰ ਕਰਨ ਵਾਲੇ ਟਿੱਪਰ ਮਾਲਕ ਵੀ ਜਿੱਥੇ ਸਰਕਾਰ ਤੋਂ ਬੇਹਦ ਦੁੱਖੀ ਹਨ, ਉਥੇ ਆਮ ਜਨਤਾ ਵੀ ਇਸ ਤੋਂ ਪ੍ਰਭਾਵਿਤ ਹੋਈ ਹੈ। ਮਿੱਟੀ ਦੇ ਵੱਡੇ ਟਿੱਪਰ ਦਾ ਰੇਟ 6 ਹਜ਼ਾਰ ਨੂੰ ਪਾਰ ਕਰ ਗਿਆ ਹੈ ਤੇ ਛੋਟਾ ਟਿੱਪਰ ਵੀ 5 ਹਜ਼ਾਰ ਨੂੰ ਪਾਰ ਕਰ ਗਿਆ ਹੈ।

ਦੇਵੇਗੀ ਵੱਡੀ ਰਾਹਤ : ਪਠਾਣਮਾਜਰਾ

ਇਸ ਸਬੰਧੀ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਧੜਲੇਦਾਰ ਨੇਤਾ ਹਰਮੀਤ ਸਿੰਘ ਪਠਾਣਮਾਜਰਾ ਨਾਲ ਸੰਪਰਕ ਬਣਾਇਆ ਤਾਂ ਉਨ੍ਹਾਂ ਆਖਿਆ ਕਿ ਸਾਡੀ ਸਰਕਾਰ ਲੋਕਾਂ ਨੂੰ ਜਲਦ ਵੱਡੀ ਰਾਹਤ ਦੇਵੇਗੀ। ਉਨ੍ਹਾਂ ਆਖਿਆ ਕਿ ਬਹੁਤ ਜਲਦੀ ਮਾਈਨਿੰਗ ਪਾਲਿਸੀ ਲਿਆਈ ਜਾ ਰਹੀ ਹੈ। ਪਠਾਣਮਾਜਰਾ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਲੀਗਲ ਖੱਡਾਂ ਖੋਲ੍ਹ ਦਿੱਤੀਆਂ ਗਈਆਂ ਹਨ ਤੇ ਜੋ ਰੇਤੇ ਦਾ ਰੇਟ ਪਹਿਲਾਂ ਖੱਡਾਂ ’ਤੇ 8 ਰੁਪਏ ਦੇ ਕਰੀਬ ਪੈ ਰਿਹਾ ਸੀ। ਉਹ ਹੁਣ ਸਾਡੀ ਸਰਕਾਰ ਨੇ 4 ਰੁਪਏ ਕਰ ਦਿੱਤਾ ਹੈ ਤੇ ਇਹ ਰੇਤਾ ਜਲਦ ਹੀ ਲੋਕਾਂ ਨੂੰ ਮਿਲਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਆਖਿਆ ਕਿ ਇਸ ਤੋਂ ਬਾਅਦ ਸਰਕਾਰ ਅਜਿਹੀਆਂ ਪਾਲਿਸੀਆਂ ਲੈ ਕੇ ਆਵੇਗੀ, ਜਿਨ੍ਹਾਂ ਦੇ ਲੋਕਾਂ ਨੂੰ ਲੰਬੇ ਸਮੇਂ ਤਕ ਫਾਇਦੇ ਮਿਲਣਗੇ, ਜਿਸ ਨਾਲ ਚੋਰ ਬਾਜ਼ਾਰੀ ਤੇ ਕਾਲਾ ਬਾਜ਼ਾਰੀ ਖਤਮ ਹੋਵੇਗੀ।

PunjabKesari

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News