ਫਾਇਨਾਂਸ ਕੰਪਨੀ ''ਚ ਕੰਮ ਕਰਨ ਵਾਲੇ ਵਿਅਕਤੀ ਨੂੰ ਜ਼ਖਮੀ ਕਰਕੇ ਲੁੱਟੇ 43 ਹਜ਼ਾਰ ਰੁਪਏ

Wednesday, May 09, 2018 - 01:56 PM (IST)


ਗਿੱਦੜਬਾਹਾ (ਕੁਲਭੂਸ਼ਨ) - ਬੀਤੀ ਦੇਰ ਸ਼ਾਮ ਨੂੰ ਪਿੰਡ ਥੇਹੜੀ ਨੇੜੇ ਫਾਇਨਾਂਸ ਕੰਪਨੀ 'ਚ ਕੰਮ ਕਰਨ ਵਾਲੇ ਵਿਅਕਤੀ ਨੂੰ ਲਿਫਟ ਮੰਗਣÎ ਵਾਲਾ ਵਿਅਕਤੀ ਜ਼ਖਮੀ ਕਰਕੇ 43 ਹਜ਼ਾਰ ਰੁਪਏ ਲੁੱਟ ਕੇ ਲੈ ਗਿਆ। ਲੋਕਾਂ ਨੇ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਗਿੱਦੜਬਾਹਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਹੈ। 
ਮਿਲੀ ਜਾਣਕਾਰੀ ਅਨੁਸਾਰ ਗਿੱਦੜਬਾਹਾ ਨਿਵਾਸੀ ਜੌਨੀ ਪੁੱਤਰ ਤਿਲਕ ਰਾਜ ਵਾਸੀ ਵਾਰਡ ਨੰਬਰ 14, ਲੰਬੀ ਰੋਡ ਗਿੱਦੜਬਾਹਾ, ਜੋ ਫਾਇਨਾਂਸ ਕੰਪਨੀ 'ਚ ਕੰਮ ਕਰਦਾ ਹੈ ਆਪਣੇ ਪਿੰਡ ਤੋਂ ਪੈਸੇ ਲੈ ਕੇ ਵਾਪਸ ਗਿੱਦੜਬਾਹਾ ਆ ਰਿਹਾ ਸੀ। ਰਾਸਤੇ 'ਚ ਜਦੋਂ ਉਹ ਮੋਟਰਸਾਈਕਲ ਰਾਹੀ ਪਿੰਡ ਥੇਹੜੀ ਨੇੜੇ ਪਹੁੰਚਣ 'ਤੇ ਇਕ ਨੌਜਵਾਨ ਨੇ ਉਸ ਤੋਂ ਲਿਫਟ ਮੰਗਣ ਲਈ ਹੱਥ ਦਿੱਤਾ। ਜਿਵੇਂ ਹੀ ਜੌਨੀ ਨੇ ਆਪਣਾ ਮੋਟਰਸਾਈਕਲ ਰੋਕਿਆ ਤਾਂ 18 ਸਾਲਾ ਇਕ ਨੌਜਵਾਨ ਨੇ ਆਪਣੇ ਹੱਥ ਵਿਚ ਪਕੜੇ ਤੇਜ਼ਧਾਰ ਹਥਿਆਰ ਨਾਲ ਜੌਨੀ ਦੇ ਸਿਰ 'ਤੇ ਵਾਰ ਕੀਤਾ, ਜੋ ਉਸਦੀ ਬਾਂਹ 'ਤੇ ਵੱਜਿਆ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਤੇ ਮੋਟਰਸਾਈਕਲ ਤੋਂ ਹੇਠਾਂ ਡਿੱਗ ਪਿਆ। ਉਕਤ ਨੌਜਵਾਨ ਉਸਦੇ ਹੱਥ ਵਿਚ ਪਕੜਿਆ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਿਆ, ਜਿਸ 'ਚ ਕਰੀਬ 43 ਹਜ਼ਾਰ 305 ਰੁਪਏ ਸਨ। 
ਇਸ ਘਟਨਾ ਤੋਂ ਬਾਅਦ ਉੱਥੋਂ ਦੀ ਲੰਘ ਰਹੇ ਇਕ ਵਾਹਨ ਚਾਲਕ ਨੇ ਉਸ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ 'ਚ ਦਾਖਲ ਕਰਵਾ ਦਿੱਤਾ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੇ ਥਾਣਾ ਗਿੱਦੜਬਾਹਾ ਦੇ ਐੱਸ. ਐੱਚ. ਓ. ਧਰਮਪਾਲ ਸ਼ਰਮਾ ਨੇ ਕਿਹਾ ਕਿ ਪੀੜਤ ਅਤੇ ਜ਼ਖਮੀ ਵਿਅਕਤੀ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਲੁਟੇਰੇ ਦੇ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News