ਲੁਟੇਰੇ ਨੇ ਲਿਫਟ ਲੈਣ ਮਗਰੋਂ ਮਾਰੀਆਂ ਗੋਲੀਆਂ, ਕਾਰ ਖੋਹ ਕੇ ਫਰਾਰ

06/03/2020 1:19:01 AM

ਸਮਾਣਾ, (ਦਰਦ)— ਸਮਾਣਾ-ਪਟਿਆਲਾ ਸੜਕ 'ਤੇ ਸਥਿਤ ਪਿੰਡ ਚੋਂਹਠ ਨੇੜੇ ਦਿਨ ਦਿਹਾੜੇ ਇਕ ਅਣਪਛਾਤੇ ਲੁਟੇਰੇ ਵੱਲੋਂ ਕਾਰ ਸਵਾਰ ਨੋਜਵਾਨ ਨੂੰ ਗੋਲੀਆਂ ਮਾਰਨ ਉਪਰੰਤ ਉਸ ਨੂੰ ਸੜਕ 'ਤੇ ਸੁਟ ਕੇ ਕਾਰ ਖੋਹ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀਆਂ ਲੱਗਣ ਨਾਲ ਗੰਭੀਰ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਮੰਗਲਵਾਰ ਦੁਪਹਿਰ ਰਮਨਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਨਿਵਾਸੀ ਪਿੰਡ ਦੁਲੜ ਆਪਣੀ ਬ੍ਰਿਜ਼ਾ ਕਾਰ 'ਚ ਸਵਾਰ ਹੋ ਕੇ ਪਟਿਆਲਾ ਬੈਂਕ 'ਚ ਪੈਮੈਂਟ ਲੈਣ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਟੋਲ ਪਲਾਜ਼ਾ ਨੇੜੇ ਪਹੁੰਚਿਆ ਤਾਂ ਉਥੇ ਪਹਿਲਾ ਤੋਂ ਹੀ ਖੜ੍ਹਾ ਇਕ ਨੌਜਵਾਨ ਪਟਿਆਲਾ ਜਾਣ ਲਈ ਉਸ ਤੋਂ ਲਿਫਟ ਲੈ ਕੇ ਕਾਰ 'ਚ ਬੈਠ ਗਿਆ ਤੇ ਫੋਨ 'ਤੇ ਕਿਸੇ ਨਾਲ ਗੱਲਬਾਤ ਕਰਨ ਲੱਗਾ। ਇਸ ਦੌਰਾਨ ਇਕ ਹੋਰ ਕਾਰ 'ਚ ਸਵਾਰ ਕੁਝ ਨੋਜਵਾਨਾਂ ਵੱਲੋਂ ਵੀ ਉਸ ਕਾਰ ਦਾ ਪਿੱਛਾ ਕੀਤੇ ਜਾਣ ਲੱਗਾ। ਕੁਝ ਦੁਰੀ 'ਤੇ ਪਿੰਡ ਚੋਂਹਠ ਨੇੜੇ ਪਹੁੰਚ ਕੇ ਕਾਰ ਸਵਾਰ ਨੌਜਵਾਨ ਨੇ ਕਾਰ ਚਾਲਕ ਰਮਨਦੀਪ ਸਿੰਘ 'ਤੇ ਗੋਲੀਆਂ ਚੱਲਾ ਦਿੱਤੀਆਂ ਜੋ ਉਸ ਦੀ ਲੱਤ, ਛਾਤੀ ਤੇ ਗਰਦਨ ਤੇ ਲਗੀਆਂ। ਗੋਲੀਆਂ ਲੱਗਣ ਨਾਲ ਗੰਭੀਰ ਜ਼ਖਮੀ ਹੋਏ ਰਮਨਦੀਪ ਸਿੰਘ ਨੂੰ ਲੁਟੇਰੇ ਨੌਜਵਾਨ ਨੇ ਧਕਾ ਮਾਰ ਕੇ ਕਾਰ ਤੋਂ ਹੇਠਾਂ ਸੁੱਟ ਦਿੱਤਾ ਤੇ ਖੁਦ ਕਾਰ ਭਜਾ ਕੇ ਲੈ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਡੀ. ਐੱਸ. ਪੀ. ਜਸਵੰਤ ਸਿੰਘ ਮਾਂਗਟ, ਸਦਰ ਪੁਲਸ ਥਾਨਾ ਦੇ ਮੁੱਖੀ ਇੰਸਪੈਕਟਰ ਰਣਬੀਰ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਜਖ਼ਮੀ ਰਮਨਦੀਪ ਸਿੰਘ ਦਾ ਹਾਲ ਜਾਣਨ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਪਹੁੰਚੇ।
ਡੀ. ਐੱਸ. ਪੀ. ਜਸਵੰਤ ਸਿੰਘ ਮਾਂਗਟ ਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਰਾਜਿੰਦਰਾ ਹਸਪਤਾਲ ਪਟਿਆਲਾ 'ਚ ਇਲਾਜ ਅਧੀਨ ਜ਼ਖਮੀ ਨੌਜਵਾਨ ਦੇ 4 ਗੋਲੀਆਂ ਲੱਗੀਆਂ ਹਨ। ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ। ਇਲਾਕੇ 'ਚ ਨਾਕਾਬੰਦੀ ਕਰਵਾ ਕੇ ਦੋਸ਼ੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਸ ਕਈ ਪਹਿਲੂਆਂ ਤੇ ਗੰਭੀਰਤਾ ਨਾਲ ਜਾਂਚ 'ਚ ਜੁਟੀ ਹੈ।
 


KamalJeet Singh

Content Editor

Related News