ਤਨਖਾਹ ਤੇ ਬਕਾਏ ਦਿੱਤੇ ਬਿਨਾਂ ਰਿਲੀਵ ਸਟਾਫ਼ ਨੇ ਸੀਨੀਅਰ ਟਰੱਸਟੀ ਦੀ ਦੁਕਾਨ ਬਾਹਰ ਲਾਇਆ ਧਰਨਾ

12/04/2020 4:26:07 PM

ਮਲੋਟ(ਜੁਨੇਜਾ):3 ਦਹਾਕਿਆਂ ਤੋਂ ਚੱਲ ਰਹੇ ਜੀ. ਟੀ. ਬੀ. ਖਾਲਸਾ ਪੌਲੀਟਕਨਿਕ ਕਾਲਜ ਨੂੰ ਕਰੀਬ ਸਵਾ ਮਹੀਨਾ ਪਹਿਲਾਂ ਤਾਲਾ ਲਾਉਣ ਅਤੇ ਗੇਟ ਉਪਰ ਬੰਦ ਦਾ ਨੋਟਿਸ ਲਾਉਣ ਤੋਂ ਬਾਅਦ ਸਟਾਫ਼ ਦੀ ਬਕਾਇਆ ਤਨਖਾਹ ਨਾ ਦੇਣ ਕਰਕੇ ਰੋਸ 'ਚ ਸਟਾਫ਼ ਨੇ ਆਪਣੇ ਫੈਸਲੇ ਅਨੁਸਾਰ ਅੱਜ ਕਾਲਜ ਦੇ ਸੀਨੀਅਰ ਟਰੱਸਟੀ ਦੀ ਦੁਕਾਨ ਦੇ ਬਾਹਰ ਧਰਨਾ ਮਾਰ ਕੇ ਪ੍ਰਬੰਧਕਾਂ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜ਼ਬਰੀ ਰਿਲੀਵ ਕੀਤੇ ਕਾਲਜ ਦੇ ਪ੍ਰਿੰਸੀਪਲ ਏ. ਐੱਸ. ਲਾਂਬਾਂ, ਪੀ ਐੱਸ ਸੰਧੂ , ਗੁਰਜਾਪ ਸਿੰਘ, ਸੁਰਜੀਤ ਢਿੱਲੋਂ, ਕੁਲਵੰਤ ਸਿੰਘ, ਜਤਿੰਦਰ ਪਾਲ, ਕੁਲਵੰਤ ਕੌਰ, ਮਨਦੀਪ ਕੌਰ ਅਤੇ ਸੁੰਦਰ ਸਿੰਘ ਦਾ ਕਹਿਣਾ ਹੈ ਕਿ ਕਾਲਜ 'ਚ ਇਹ ਸਟਾਫ਼ ਪੰਜ ਸਾਲਾਂ ਤੋਂ ਲੈ ਕੇ 31 ਸਾਲਾਂ ਤੋਂ ਇਥੇ ਕੰਮ ਕਰ ਰਿਹਾ ਹੈ।

PunjabKesari

ਸੰਸਥਾਂ ਨੇ ਅਚਾਨਕ ਨੌਕਰੀ ਤੋਂ ਫਾਰਗ ਉਨ੍ਹਾਂ ਨੂੰ 18-18 ਮਹੀਨੇ ਦੀ ਰਹਿੰਦੀ ਤਨਖਾਹ ਅਤੇ ਹੋਰ ਬਣ ਦੇ ਬਕਾਏ ਨਹੀਂ ਦਿੱਤੇ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਹਟਾ ਕਿ ਡਿਗਰੀ ਕਾਲਜ ਦੇ ਸਟਾਫ਼ ਤੋਂ ਕਲਾਸਾਂ ਲਾਈਆਂ ਜਾ ਰਹੀਆਂ ਹਨ। ਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਦਾ 11 ਸਾਲ ਦਾ ਤਜ਼ਰਬਾ ਸਾਰਟੀਫਿਕੇਟ ਦੇਣ ਦੀ ਬਜਾਏ ਉਸ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਹ ਅਸਤੀਫ਼ਾ ਦੇਵੇ। ਸਟਾਫ਼ ਨੇ ਸੰਸਥਾਂ ਅੰਦਰ ਬਣੇ ਗੁਰਦਵਾਰਾ ਸਾਹਿਬ 'ਚ ਪਏ ਸ੍ਰੀ ਗੁਰੂ ਗਰੰਥ ਸਾਹਿਬ ਦੀ ਹੋ ਰਹੀ ਬੇਅਦਬੀ ਤੇ ਵੀ ਚਿੰਤਾ ਪ੍ਰਗਟ ਕੀਤੀ। ਸਟਾਫ਼ ਨੇ ਚਿਤਾਵਨੀ ਦਿੱਤੀ ਕਿ ਡੇਢ ਸਾਲ ਦੀ ਤਨਖਾਹ ਨਾ ਮਿਲਣ ਕਰਕੇ ਅਗਰ ਕਿਸੇ ਸਟਾਫ਼ ਮੈਂਬਰ ਨੇ ਗਲਤ ਕਦਮ ਚੁੱਕ ਲਿਆ ਤਾਂ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੋਵੇਗੀ। ਇਸ ਸਬੰਧੀ ਪ੍ਰਬੰਧਕ ਕਮੇਟੀ ਦੇ ਸੈਕੇਟਰੀ ਦਿਲਬਾਗ ਸਿੰਘ ਦਾ ਕਹਿਣਾ ਹੈ ਕਿ ਕਾਲਜ ਦੇ ਖਾਤੇ ਬੰਦ ਪਏ ਹਨ ਇਸ ਲਈ ਜਦੋਂ ਖਾਤੇ ਚੱਲ ਪਏ ਤਾਂ ਚਾਰ ਮਹੀਨੇ ਦੀ ਤਨਖਾਹ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਟਾਫ਼ ਨੂੰ ਸੋਮਵਾਰ ਤੋਂ ਤਜ਼ਰਬਾ ਸਾਰਟੀਫਿਕੇਟ ਦਿੱਤੇ ਜਾਣਗੇ।


Aarti dhillon

Content Editor

Related News