ਰੇਲਵੇ ਬੋਰਡ ਦੇ ਚੇਅਰਮੈਨ ਸਤੀਸ਼ ਕੁਮਾਰ ਨੇ ਹਿੰਦੀ ਦੀ ਵਰਤੋਂ ''ਤੇ ਦਿੱਤਾ ਜ਼ੋਰ
Friday, Sep 13, 2024 - 02:42 AM (IST)
ਜੈਤੋ (ਰਘੂਨੰਦਨ ਪਰਾਸ਼ਰ) : ਰੇਲਵੇ ਮੰਤਰਾਲੇ ਨੇ ਵੀਰਵਾਰ ਨੂੰ ਦੱਸਿਆ ਕਿ ਰੇਲਵੇ ਬੋਰਡ ਦੀ ਸਰਕਾਰੀ ਭਾਸ਼ਾ ਲਾਗੂਕਰਨ ਕਮੇਟੀ ਦੀ 152ਵੀਂ ਮੀਟਿੰਗ 12 ਸਤੰਬਰ, 2024 ਨੂੰ ਰੇਲ ਭਵਨ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸਤੀਸ਼ ਕੁਮਾਰ ਨੇ ਕੀਤੀ। ਮੀਟਿੰਗ ਵਿੱਚ ਰੇਲਵੇ ਮੰਤਰਾਲੇ ਵਿੱਚ ਸਰਕਾਰੀ ਭਾਸ਼ਾ ਲਾਗੂ ਕਰਨ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਤੀਸ਼ ਕੁਮਾਰ ਨੇ ਕਿਹਾ ਕਿ ਰੇਲਵੇ ਦੇ ਵੱਖ-ਵੱਖ ਵਿਭਾਗਾਂ ਵਿੱਚ ਹਿੰਦੀ ਭਾਸ਼ਾ ਦੀ ਵਰਤੋਂ ਅਤੇ ਪ੍ਰਸਾਰ ਲਗਾਤਾਰ ਵੱਧ ਰਿਹਾ ਹੈ।
ਉਨ੍ਹਾਂ ਕਿਹਾ ਕਿ ਰੇਲਵੇ ਮੰਤਰਾਲੇ ਵਿੱਚ ਸਰਕਾਰੀ ਭਾਸ਼ਾ ਹਿੰਦੀ ਵਿੱਚ ਚੰਗਾ ਕੰਮ ਕੀਤਾ ਜਾ ਰਿਹਾ ਹੈ। ਭਾਰਤੀ ਰੇਲਵੇ ਵਿੱਚ ਸਰਕਾਰੀ ਭਾਸ਼ਾ ਹਿੰਦੀ ਵਿੱਚ ਕੀਤੇ ਗਏ ਸ਼ਾਨਦਾਰ ਕੰਮ ਲਈ ਰੇਲ ਮੰਤਰਾਲੇ ਨੂੰ ਗ੍ਰਹਿ ਮੰਤਰਾਲੇ ਦੇ ਸਰਕਾਰੀ ਭਾਸ਼ਾ ਵਿਭਾਗ ਵੱਲੋਂ ਸਾਲ 2023 ਲਈ 'ਕੀਰਤੀ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ ਹੈ। ਸਤੀਸ਼ ਕੁਮਾਰ ਨੇ ਦੱਸਿਆ ਕਿ ਹਿੰਦੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਅਗਸਤ 2024 ਵਿੱਚ ਰੇਲਵੇ ਬੋਰਡ ਦੇ ਦਫ਼ਤਰ ਵਿੱਚ ਨਾਵਲ ਸਮਰਾਟ ਮੁਨਸ਼ੀ ਪ੍ਰੇਮਚੰਦ, ਰਾਸ਼ਟਰੀ ਕਵੀ ਮੈਥਿਲੀ ਸ਼ਰਨ ਗੁਪਤਾ ਅਤੇ ਪ੍ਰਸਿੱਧ ਵਿਅੰਗਕਾਰ ਸ਼੍ਰੀ ਹਰੀਸ਼ੰਕਰ ਪਰਸਾਈ ਦਾ ਜਨਮ ਦਿਨ ਮਨਾਇਆ ਗਿਆ। ਇਸ ਤੋਂ ਇਲਾਵਾ 22 ਅਗਸਤ ਨੂੰ “ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਹਿੰਦੀ ਦਾ ਉਪਯੋਗ” ਵਿਸ਼ੇ ‘ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ 14 ਸਤੰਬਰ ਨੂੰ ਹਿੰਦੀ ਦਿਵਸ ਮੌਕੇ ਬੋਰਡ ਦਫ਼ਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਲਈ 14 ਤੋਂ 27 ਸਤੰਬਰ ਤੱਕ ਹਿੰਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਵਿੱਚ ਹਿੰਦੀ ਟਿੱਪਣੀ ਅਤੇ ਡਰਾਫਟ ਰਾਈਟਿੰਗ ਮੁਕਾਬਲਾ, ਲੇਖ ਮੁਕਾਬਲਾ, ਹਿੰਦੀ ਵਰਕਸ਼ਾਪ, ਸੈਮੀਨਾਰ ਅਤੇ ਕਵਿਤਾਵਾਂ 'ਤੇ ਆਧਾਰਿਤ ਅੰਤਾਕਸ਼ਰੀ ਵਰਗੇ ਕਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸ ਮੌਕੇ ਰੇਲਵੇ ਬੋਰਡ ਦੇ ਚੇਅਰਮੈਨ ਵੱਲੋਂ ਰੇਲ ਸਰਕਾਰੀ ਭਾਸ਼ਾ ਦਾ ਮੈਗਜ਼ੀਨ ਵੀ ਜਾਰੀ ਕੀਤਾ ਗਿਆ। ਮੀਟਿੰਗ ਵਿੱਚ ਰੇਲਵੇ ਬੋਰਡ ਦੇ ਮੈਂਬਰ, ਵੱਖ-ਵੱਖ ਅਦਾਰਿਆਂ ਦੇ ਮੁਖੀ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।