ਨਾਭਾ ਲੁੱਟ ’ਚ ਪੰਜਾਬ ਪੁਲਸ ਦੇ ਰਿਟਾ. ਐੱਸ. ਆਈ. ਦਾ ਪੁੱਤਰ ਵੀ ਸ਼ਾਮਲ

Thursday, Nov 15, 2018 - 06:30 AM (IST)

ਪਟਿਆਲਾ, (ਬਲਜਿੰਦਰ, ਜਗਨਾਰ, ਭੂਪਾ, ਪੁਰੀ, ਜੈਨ)- ਨਾਭਾ ਦੀ ਅਨਾਜ ਮੰਡੀ ਵਿਚ ਬੈਂਕ ਡਕੈਤੀ ਨੂੰ ਅੰਜਾਮ ਦੇਣ ਵਾਲੇ 2 ਵਿਅਕਤੀਆਂ ’ਚ ਇਕ ਪੰਜਾਬ ਪੁਲਸ ਦੇ ਰਿਟਾ. ਸਬ-ਇੰਸਪੈਕਟਰ ਦਾ ਪੁੱਤਰ ਵੀ ਸ਼ਾਮਲ ਹੈ। ਪੁਲਸ ਵੱਲੋਂ ਭਾਵੇਂ ਲੁੱਟ ਨੂੰ ਕੁਝ ਘੰਟਿਅਾਂ ਵਿਚ ਟਰੇਸ ਕਰ ਕੇ ਸਾਰਾ ਕੈਸ਼ ਬਰਾਮਦ ਕਰ ਲਿਆ ਗਿਆ  ਹੈ ਪਰ ਇਹ ਤੱਥ ਪੂਰਨ ਤੌਰ ’ਤੇ ਛੁਪਾਇਆ ਗਿਆ ਹੈ। ਪੁਲਸ ਵੱਲੋਂ ਨਾ ਤਾਂ ਲੁਟੇਰਿਆਂ ਦੇ ਪਤੇ ਦੱਸੇ ਗਏ ਅਤੇ ਨਾ ਹੀ ਕਿਹਡ਼ੀ ਥਾਂ ਤੋਂ ਗ੍ਰਿਫਤਾਰ ਕੀਤੇ ਗਏ ਹਨ? ਇਸ ਬਾਰੇ ਕੋਈ ਜਾਣਕਾਰੀ ਦਿੱਤੀ ਗਈ ਹੈ। ਸਾਰੀ ਘਟਨਾ ਨੂੰ ਜਾਂਚ ਦਾ ਹਿੱਸਾ ਦੱਸ ਕੇ ਇਸ ਬਾਰੇ ਚੁੱਪ ਧਾਰ ਲਈ  ਹੈ। ਸੂੁਤਰਾਂ ਦੀ ਗੱਲ ਮੰਨੀਏ ਤਾਂ ਐਨੀ ਵੱਡੀ ਡਕੈਤੀ ਨੂੰ ਅੰਜਾਮ ਦੇਣ ਵਾਲਿਆਂ ’ਚ  ਪੰਜਾਬ ਪੁਲਸ ਦੇ  ਰਿਟਾ. ਇੰਸਪੈਕਟਰ ਦਾ  ਪੁੱਤਰ ਦੱਸਿਆ ਜਾ ਰਿਹਾ ਹੈ। ਲੁਟੇਰਿਆਂ ਨੇ ਕਿਸ ਤਰ੍ਹਾਂ ਰੇਕੀ ਕੀਤੀ? ਕਦੋਂ ਤੋਂ ਉਹ ਆ ਰਹੇ ਸਨ? ਆਦਿ ਨੂੰ ਲੈ ਕੇ ਸਾਰੀ ਘਟਨਾ ਫਿਲਹਾਲ ਰਾਜ਼ ਹੀ ਰਹਿਣ ਦਿੱਤੀ  ਗਈ ਹੈ। ਭਵਿੱਖ ਵਿਚ  ਵੀ ਪੁਲਸ ਰਾਜ਼ ਨੂੰ ਰਾਜ਼ ਰਹਿਣ ਦੇਵੇਗੀ ਜਾਂ ਫਿਰ ਇਸ ਦਾ ਖੁਲਾਸਾ ਕੀਤਾ ਜਾਵੇਗਾ? ਇਸ ਬਾਰੇ  ਅਜੇ ਕੁਝ ਨਹੀਂ ਕਿਹਾ ਜਾ ਸਕਦਾ। 
ਗੰਨਮੈਨ ਦੀ ਹੋਈ ਮੌਤ
 ਬੈਂਕ ਦੇ ਗੰਨਮੈਨ ਪ੍ਰੇਮ ਚੰਦ ਵਾਸੀ ਰੋਹਟੀ ਬਸਤਾ ਸਿੰਘ (56) ਦੀ ਇਸ ਘਟਨਾ ’ਚ ਗੋਲੀ ਲੱਗਣ ਨਾਲ ਮੌਤ ਹੋ ਗਈ। ਨਕਾਬਪੋਸ਼ਾਂ ਨੇ ਗੰਨਮੈਨ ਦੀ ਛਾਤੀ ’ਚ ਗੋਲੀ ਮਾਰੀ। ਜ਼ਖਮੀ ਹਾਲਤ ’ਚ ਪ੍ਰੇਮ ਚੰਦ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਾਣਕਾਰੀ ਅਨੁਸਾਰ ਪ੍ਰੇਮ ਚੰਦ ਦੇ 2 ਬੱਚੇ ਹਨ।
ਕਈ ਸਾਲਾਂ ਤੋਂ ਨਾਭਾ ਲੁਟੇਰਿਅਾਂ ਦੇ ਨਿਸ਼ਾਨੇ ’ਤੇ
 ਨਾਭਾ ਇਕ ਰਿਆਸਤੀ ਸ਼ਹਿਰ ਹੈ। ਪਿਛਲੇ ਕਈ ਸਾਲਾਂ ਤੋਂ ਲੁਟੇਰਿਅਾਂ ਦੇ ਨਿਸ਼ਾਨੇ ’ਤੇ ਚਲਿਆ ਆ ਰਿਹਾ ਹੈ। ਵੱਡੀਆਂ ਲੁੱਟਾਂ ਦਾ ਸਿਲਸਿਲਾ ਫਰਵਰੀ 2014 ਵਿਚ ਸ਼ੁਰੂ ਹੋਇਆ।  ਪੁਲਸ ਵੱਲੋਂ ਤਾਜ਼ਾ ਸਮੇਂ ਵਿਚ ਹੋਈਆਂ ਦੋਵਾਂ ਵੱਡੀਆਂ ਲੁੱਟਾਂ ਨੂੰ ਟਰੇਸ ਕਰ ਲਿਆ ਗਿਆ ਹੈ। ਲਗਾਤਾਰ ਲੁੱਟਾਂ  ਕਈ ਸਵਾਲ ਖੜ੍ਹੇ ਕਰਦੀਅਾਂ ਹਨ। ਨਾਭਾ ਦੀ ਭੂਗੋਲਿਕ ਸਥਿਤੀ ਇਸ ਤਰ੍ਹਾਂ ਦੀ ਹੈ ਕਿ ਕਿਸੇ ਵੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕਿਸੇ  ਪਾਸੇ ਵੀ  ਅਾਸਾਨੀ ਨਾਲ ਨਿਕਲਿਆ ਜਾ ਸਕਦਾ ਹੈ। ਧੂਰੀ ਰੋਡ ਤੇ ਭਵਾਨੀਗਡ਼੍ਹ ਰੋਡ ਸਮੇਤ ਬਾਕੀ ਅਜਿਹੇ ਰਸਤੇ ਹਨ ਜਿਥੇ ਕੁਝ ਮਿੰਟਾਂ ’ਚ ਵਿਅਕਤੀ ਸੁੰਨਸਾਨ ਇਲਾਕੇ ਵਿਚ ਪਹੁੰਚ ਜਾਂਦਾ ਹੈ। ਨਾਭਾ ਦੇ ਆਸਪਾਸ ਸਡ਼ਕਾਂ ਦੇ ਕੋਲ ਬੀਡ਼ ਹਨ। ਨਾਭਾ ਵਿਚ ਪਿਛਲੇ 2 ਮਹੀਨਿਆਂ ਦੌਰਾਨ ਲਗਾਤਾਰ ਦੋ-ਤਿੰਨ ਵੱਡੀਆਂ ਘਟਨਾਵਾਂ ਵਾਪਰੀਆਂ ਹਨ। ਪਹਿਲਾਂ ਜਨਮ ਅਸ਼ਟਮੀ ਵਾਲੇ ਦਿਨ ਡਾ. ਰਾਜੇਸ਼ ਗੋਇਲ ਹੀਰਾ ਮਹਿਲ ਦੇ ਘਰ ਲੁੱਟ, ਫਿਰ ਰਿਲਾਇੰਸ ਪੰਪ ਦੇ ਕਰਿੰਦੇ ਤੋਂ 10 ਲੱਖ 45 ਹਜ਼ਾਰ ਦੀ ਲੁੱਟ ਹੋਈ। ਹੁਣ ਅਨਾਜ ਮੰਡੀ ਤੋਂ 50 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। 
ਕਿਸ ਤਰ੍ਹਾਂ ਲੁਟੇਰਿਅਾਂ ਨੇ ਲੁੱਟਿਆ ਕੈਸ਼ 
  ਅੱਜ ਦਿਨ-ਦਿਹਾਡ਼ੇ ਨਾਭਾ ਦੀ ਨਵੀਂ ਅਨਾਜ ਮੰਡੀ ਵਿਖੇ 2 ਨਕਾਬਪੋਸ਼ ਐੱਸ . ਬੀ. ਆਈ  ਬਰਾਂਚ ਦੇ ਗੰਨਮੈਨ ਨੂੰ ਗੋਲੀ ਮਾਰ ਕੇ 50 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਸਨ। ਘਟਨਾ  ਸਵੇਰੇ ਕਰੀਬ 11.15 ਵਜੇ ਦੀ ਹੈ। ਐੱਸ. ਬੀ. ਆਈ. ਦੀ ਟੀਮ ਪਟਿਆਲਾ ਗੇਟ ਤੋਂ ਮੇਨ  ਬ੍ਰਾਂਚ ਤੋਂ 50 ਲੱਖ ਰੁਪਏ ਦਾ ਕੈਸ਼ ਲੈ ਕੇ ਆਈ। ਕੈਸ਼ Îਇਕ ਇੰਡੀਗੋ ਕਾਰ ਵਿਚ ਗੰਨਮੈਨ, ਡਰਾਈਵਰ ਅਤੇ ਬੈਂਕ ਮੁਲਾਜ਼ਮ ਲੈ ਕੇ ਨਵੀਂ ਅਨਾਜ ਮੰਡੀ ਦੀ ਬ੍ਰਾਂਚ ਦੇ ਸਾਹਮਣੇ ਪਹੁੰਚੇ  ਜਿਉਂ  ਹੀ ਕਾਰ ਦੀ ਡਿੱਕੀ ਖੋਲ੍ਹ ਕੇ ਕੈਸ਼ ਕੱਢਣ ਲੱਗੇ ਤਾਂ ਪਹਿਲਾਂ ਮੂੰਹ ਢਕ ਕੇ  ਡਕੈਤਾਂ ਨੇ ਗੰਨਮੈਨ ਪ੍ਰੇਮ ਚੰਦ ਨੂੰ ਕੁਝ ਦੂਰੀ ਤੋਂ ਗੋਲੀ ਮਾਰ ਦਿੱਤੀ ਅਤੇ ਕੈਸ਼ ਵਾਲਾ  ਟਰੰਕ ਖੋਹ ਕੇ ਫਰਾਰ ਹੋ ਗਏ। ਹੈਰਾਨ ਕਰਨ ਵਾਲੀ ਗੱਲ ਹੈ ਕਿ ਉਸ ਸਮੇਂ ਮੰਡੀ ਭਰੀ ਹੋਈ  ਸੀ। ਲੁਟੇਰੇ ਇਕ ਗੇਟ ਵਿਚੋਂ ਆਏ ਅਤੇ ਦੂਜੇ ਗੇਟ ਵਿਚੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ  ਬਾਅਦ ਫਰਾਰ ਹੋ ਗਏ। 
ਬੈਂਕ ਅਧਿਕਾਰੀਆਂ ਤੋਂ ਖਫਾ ਨਜ਼ਰ ਆਏ ਐੱਸ. ਐੱਸ. ਪੀ.
 ਇਸ ਵੱਡੀ ਲੁੱਟ ਨੂੰ ਕੁਝ ਘੰਟਿਅਾਂ ਵਿਚ ਟਰੇਸ ਕਰਨ ਦੇ ਬਾਵਜੂਦ ਵੀ ਐੱਸ. ਐੱਸ. ਪੀ.  ਮਨਦੀਪ ਸਿੰਘ ਸਿੱਧੂ ਬੈਂਕ ਅਧਿਕਾਰੀਆਂ ਤੋਂ ਕਾਫੀ ਖਫਾ ਨਜ਼ਰ ਆਏ। ਉਨ੍ਹਾਂ ਦੱਸਿਆ ਕਿ  ਉਨ੍ਹਾਂ ਵੱਲੋਂ ਪਹਿਲਾਂ ਹੀ ਆਪਣੇ ਥਾਣਾ ਮੁਖੀਆਂ ਦੇ ਜ਼ਰੀਏ ਸੂਚਿਤ ਕੀਤਾ ਜਾ ਚੁੱਕਾ ਹੈ   ਕਿ ਜਦੋਂ ਜ਼ਿਆਦਾ ਕੈਸ਼ ਹੋਵੇ ਤਾਂ ਪੁਲਸ ਨੂੰ ਸੂਚਿਤ ਕਰਨ। ਉਹ ਉਨ੍ਹਾਂ ਨੂੰ ਸੁਰੱਖਿਆ  ਦੇਣਗੇ।  ਇਹ ਕੇਸ ਭਾਵੇਂ ਟਰੇਸ ਹੋ ਗਿਆ ਪਰ ਇਸ ਵਿਚ ਇਕ ਬੈਂਕ ਸੁਰੱਖਿਆ ਗੰਨਮੈਨ ਦੀ ਜਾਨ  ਚਲੀ ਗਈ, ਜੋ ਕਿ ਕੀਮਤੀ ਸੀ। 
ਦੋਵੇਂ  ਲੁਟੇਰੇ ਕੇਵਲ ਮੈਟ੍ਰਿਕ ਪਾਸ
 ਆਈ.  ਜੀ. ਰਾਏ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪਹਿਲਾਂ ਹੀ ਇਕ ਸਮਾਗਮ ’ਚ  ਹਾਜ਼ਰ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ, ਡੀ. ਐੱਸ. ਪੀ. ਨਾਭਾ ਦਵਿੰਦਰ ਅਤਰੀ ਨਾਲ  ਘਟਨਾ ਵਾਲੀ ਥਾਂ ’ਤੇ ਪਹੁੰਚ ਗਏ। ਪਟਿਆਲਾ ਤੋਂ ਐੱਸ. ਪੀ. (ਡੀ.) ਮਨਜੀਤ ਸਿੰਘ ਬਰਾਡ਼,  ਡੀ. ਐੱਸ. ਪੀ. ਸੁਖਮਿੰਦਰ ਸਿੰਘ ਚੌਹਾਨ ਅਤੇ ਸੀ. ਆਈ. ਏ. ਸਟਾਫ ਪਟਿਆਲਾ ਦੇ ਇੰਚਾਰਜ  ਇੰਸਪੈਕਟਰ ਸ਼ਮਿੰਦਰ ਸਿੰਘ ਨੂੰ ਬੁਲਾ ਲਿਆ ਗਿਆ। ਸਥਾਨਕ ਐੱਸ. ਐੱਚ. ਓਜ਼. ਨੂੰ ਨਾਲ ਲੈ ਕੇ  ਮੌਕੇ ’ਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਪੱਕੀ ਸੂਚਨਾ ਦੇ ਅਾਧਾਰ ’ਤੇ  ਅਲੱਗ-ਅਲੱਗ ਟੀਮਾਂ ਬਣਾ ਕੇ ਦੋਵਾਂ ਡਕੈਤਾਂ ਨੂੰ ਸੰਗਰੂਰ ਵਿਖੇ ਘੇਰ ਲਿਆ ਗਿਆ। ਜਦੋਂ  ਤੱਕ ਉਹ ਕੈਸ਼ ਨੂੰ ਕਿਸੇ ਕਿਨਾਰੇ ਲਾਉਂਦੇ ਅਤੇ ਪੁਲਸ ਦੀ ਪਕਡ਼ ਤੋਂ ਦੂਰ ਹੁੰਦੇ, ਦੋਵਾਂ  ਨੂੰ ਪੁਲਸ  ਨੇ ਦਬੋਚ ਲਿਆ। ਸਾਰਾ  ਕੈਸ਼ ਰਿਕਵਰ ਕਰ ਲਿਆ।  ਉਨ੍ਹਾਂ ਦੱਸਿਆ ਕਿ ਦੋਵੇਂ  ਮੈਟ੍ਰਿਕ ਪਾਸ ਹਨ ਅਤੇ ਚੰਗੇ ਘਰਾਂ ’ਚੋਂ ਹਨ।
 ਐੱਸ. ਐੱਸ. ਪੀ. ਨੇ ਇਨਾਮ ’ਚ ਮਿਲਿਆ ਲੱਖ ਰੁਪਇਆ ਮ੍ਰਿਤਕ ਗੰਨਮੈਨ ਦੇ ਪਰਿਵਾਰ ਨੂੰ ਦੇਣ ਦਾ ਕੀਤਾ ਐਲਾਨ
ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਇਸ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਪਟਿਆਲਾ ਪੁਲਸ ਨੂੰ ਜਿਹਡ਼ਾ ਇਕ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ, ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਉਹ ਇਨਾਮ ਮ੍ਰਿਤਕ ਗੰਨਮੈਨ ਪ੍ਰੇਮ ਚੰਦ ਦੇ ਪਰਿਵਾਰ ਨੂੰ ਦੇਣ ਦਾ ਐਲਾਨ ਕਰ ਦਿੱਤਾ ਹੈ। ਗੰਨਮੈਨ ਨੇਡ਼ਲੇ ਪਿੰਡ ਰੋਹਟੀ ਦਾ ਰਹਿਣ ਵਾਲਾ ਸੀ।  ਉਸ ਦੇ 2 ਛੋਟੇ-ਛੋਟੇ ਬੱਚੇ ਹਨ।
 ਐੱਸ. ਐੱਸ. ਪੀ. ਨੇ ਗੰਨਮੈਨ ਪ੍ਰੇਮ ਚੰਦ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ  ਹੈ। ਉਨ੍ਹਾਂ ਕਿਹਾ ਕਿ ਗੰਨਮੈਨ ਪ੍ਰੇਮ ਚੰਦ ਦੀ ਕੁਰਬਾਨੀ ਨੂੰ ਪਟਿਆਲਾ ਪੁਲਸ ਨੇ ਅਜਾਈਂ ਨਹੀਂ ਜਾਣ ਦਿੱਤਾ।


Related News