ਪੰਜਾਬ ਪੁਲਸ ਦਾ ਸਾਬਕਾ ਐੱਸ.ਐੱਚ.ਓ. ਅਤੇ ਏ.ਐੱਸ.ਆਈ. ਗ੍ਰਿਫ਼ਤਾਰ

Monday, Nov 04, 2024 - 06:05 PM (IST)

ਪੰਜਾਬ ਪੁਲਸ ਦਾ ਸਾਬਕਾ ਐੱਸ.ਐੱਚ.ਓ. ਅਤੇ ਏ.ਐੱਸ.ਆਈ. ਗ੍ਰਿਫ਼ਤਾਰ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਪਟਿਆਲਾ ਜ਼ਿਲ੍ਹੇ ਦੇ ਥਾਣਾ ਭਾਦਸੋਂ ਦਾ ਸਾਬਕਾ ਐੱਸ.ਐੱਚ.ਓ. ਇੰਦਰਜੀਤ ਸਿੰਘ, ਪੁਲਸ ਸਬ-ਇੰਸਪੈਕਟਰ (ਐੱਸ.ਆਈ.) ਅਤੇ ਸਹਾਇਕ ਸਬ ਇੰਸਪੈਕਟਰ (ਏ.ਐੱਸ.ਆਈ.) ਅਮਰਜੀਤ ਸਿੰਘ ਨੂੰ 50,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਵੇਂ ਪੁਲਸ ਮੁਲਾਜ਼ਮਾਂ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਥਾਣਾ ਪਟਿਆਲਾ ਰੇਂਜ ਵਿਖੇ ਪਹਿਲਾਂ ਹੀ ਦਰਜ ਕੀਤੀ ਐੱਫ.ਆਈ.ਆਰ. ਨੰ. 36 ਮਿਤੀ 04.08.2024 ਤਹਿਤ ਗ੍ਰਿਫ਼ਤਾਰ ਕੀਤਾ ਹੈ। 

ਉਨ੍ਹਾਂ ਅੱਗੇ ਦੱਸਿਆ ਕਿ ਇਹ ਮੁਕੱਦਮਾ ਇਕ ਸ਼ਿਕਾਇਤ ਦੀ ਜਾਂਚ ਉਪਰੰਤ ਦਰਜ ਕੀਤਾ ਗਿਆ ਸੀ, ਜਿਸ ਵਿਚ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਉਕਤ ਥਾਣੇ ਵਿਚ ਉਸ ਵਿਰੁੱਧ ਦਰਜ ਐੱਫ.ਆਈ.ਆਰ. ਨੰ. 56/2024 ਨੂੰ ਰੱਦ ਕਰਨ ਬਦਲੇ ਉਕਤ ਪੁਲਸ ਮੁਲਾਜ਼ਮਾਂ ਨੇ ਰਿਸ਼ਵਤ ਵਜੋਂ 50,000 ਰੁਪਏ ਲਏ ਸਨ ਅਤੇ ਇਸ ਉਪਰੰਤ 35,000 ਰੁਪਏ ਹੋਰ ਦੀ ਮੰਗ ਕਰ ਰਹੇ ਸਨ। ਉਨ੍ਹਾਂ ਅੱਗੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ।


author

Gurminder Singh

Content Editor

Related News