ਪੰਜਾਬ ਸਰਕਾਰ ਬਣਾਵੇ ਮ੍ਰਿਤਕ ਬੱਚਿਆਂ ਦੀ ਯਾਦਗਾਰ: ਵਿਨਰਜੀਤ

02/19/2020 7:55:47 PM

ਸੰਗਰੂਰ, (ਬੇਦੀ)- ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਮ੍ਰਿਤਕ ਬੱਚਿਆਂ ਦੀ ਯਾਦ ਵਿਚ ਕਸਬਾ ਲੌਂਗੋਵਾਲ ਵਿਖੇ ਕੋਈ ਯਾਦਗਾਰ ਉਸਾਰੀ ਜਾਵੇ, ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਪੀ.ਆਰ.ਟੀ.ਸੀ. ਦੇ ਸਾਬਕਾ ਵਾਈਸ ਚੇਅਰਮੈਨ ਵਿਨਰਜੀਤ ਸਿੰਘ ਖਡਿਆਲ ਨੇ ਅੱਜ ਇੱਥੇ ਚੋਣਵੇਂ ਪੱਤਰਕਾਰਾਂ ਨਾਲ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਗੱਲਬਾਤ ਦੌਰਾਨ ਆਖੇ। ਉਨ੍ਹਾਂ ਕਿਹਾ ਕਿ ਇਹ ਦਰਦਨਾਕ ਹਾਦਸਾ ਉਨ੍ਹਾਂ ਮਾਸੂਮ ਬੱਚਿਆਂ ਵੱਲੋਂ ਸਮੁੱਚੇ ਦੇਸ਼ ਵਾਸੀਆਂ ਲਈ ਇਕ ਕੁਰਬਾਨੀ ਦੇ ਰੂਪ ਵਿਚ ਵੀ ਦੇਖਿਆ ਜਾ ਸਕਦਾ ਹੈ, ਕਿਉਂਕਿ ਉਨ੍ਹਾਂ ਮਾਸੂਮ ਬੱਚਿਆਂ ਨੇ ਜਿਨ੍ਹਾਂ ਪ੍ਰਤੀ ਅਜਿਹੀ ਮੰਦਭਾਗੀ ਗੱਲ ਕਰਦਿਆਂ ਮਨ ਪਸੀਜ਼ ਜਾਂਦਾ ਹੈ, ਨੇ ਆਪਣੀ ਜਾਨ ਦੇ ਕੇ ਪੂਰੇ ਦੇਸ਼ ਅੰਦਰ ਅਣਗਿਣਤ ਬੱਚਿਆਂ ਨੂੰ ਬਚਾਉਣ ਦੀ ਮੁਹਿੰਮ ਛੇਡ਼ ਦਿੱਤੀ ਹੈ, ਕਿਉਂਕਿ ਉਨ੍ਹਾਂ ਦੀ ਇਸ ਕੁਰਬਾਨੀ ਨੂੰ ਦੇਖਦਿਆਂ ਸਰਕਾਰਾਂ ਅਤੇ ਪ੍ਰਸ਼ਾਸਨ ਭਾਵੇਂ ਵਖਤੀ ਤੌਰ ਲਈ ਹੀ ਹਰਕਤ ਵਿਚ ਆਇਆ ਹੈ, ਪਰੰਤੂ ਹਰ ਇਕ ਬੱਚੇ ਦੇ ਮਾਪੇ ਇਸ ਗੱਲ ਲਈ ਸੁਚੇਤ ਹੋਣਗੇ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਹੋ ਜਿਹੀਆਂ ਵੈਨਾਂ ਵਿਚ ਸਕੂਲ ਭੇਜਣਾ ਹੈ ਜਾਂ ਕਿਸ ਤਰ੍ਹਾਂ ਦੇ ਸਕੂਲਾਂ ਵਿਚ ਉਨ੍ਹਾਂ ਦੀ ਪਡ਼੍ਹਾਈ ਕਰਵਾਉਣੀ ਹੈ। ਇਸ ਮੌਕੇ ਉਨ੍ਹਾਂ ਬੱਚਿਆਂ ਦੀ ਮੌਤ ਸਬੰਧੀ ਬੋਲਦਿਆਂ ਕਿਹਾ ਕਿ ਇਹ ਦੁਰਘਟਨਾ ਨਹੀਂ, ਬਲਕਿ ਕਤਲ ਹੈ, ਜੋ ਕਿ ਜਿੱਥੇ ਸਕੂਲ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਹੈ, ਉਥੇ ਹੀ ਇਸ ਕਤਲੇਆਮ ਵਿਚ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਬਰਾਬਰ ਦੇ ਦੋਸ਼ੀ ਹਨ, ਕਿਉਂਕਿ ਇਹ ਦੁਰਘਟਨਾ ਉਨ੍ਹਾਂ ਦੀਆਂ ਨਾਲਾਇਕੀਆਂ ਕਾਰਨ ਵਾਪਰੀ ਹੈ ਅਤੇ ਜੇਕਰ ਸੂਬਾ ਸਰਕਾਰ ਸਿੱਖਿਆ ਦੇ ਖੇਤਰ ਵਿਚ ਆਪਣੀ ਬਣਦੀ ਜਿੰਮੇਵਾਰੀ ਨਿਭਾਵੇ ਅਤੇ ਸਰਕਾਰੀ ਸਕੂਲਾਂ ਵਿਚ ਸਾਰੀਆਂ ਸੁਵਿਧਾਵਾਂ ਬੱਚਿਆਂ ਨੂੰ ਮਿਲਣ, ਅਧਿਆਪਕਾਂ ਦੀ ਗਿਣਤੀ ਪੂਰੀ ਹੋਵੇ, ਤਾਂ ਮੱਧਵਰਗ ਜੋ ਕਿ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਲਈ ਅਜਿਹੇ ਦੁਕਾਨਰੂਪੀ ਸਕੂਲਾਂ ਵਿਚ ਆਪਣੇ ਬੱਚਿਆਂ ਨੂੰ ਕਿਉਂ ਪਡ਼੍ਹਨੇ ਪਾਉਣ? ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਐਲਾਨੇ ਮੁਆਵਜੇ ਸਬੰਧੀ ਬੋਲਦਿਆਂ ਕਿਹਾ ਕਿ ਭਾਵੇਂ ਪਰਿਵਾਰਕ ਮੈਂਬਰਾਂ ਨੇ ਕਿਸੇ ਵੀ ਤਰ੍ਹਾਂ ਦੀ ਮੁਆਵਜਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ, ਪਰੰਤੂ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਗਰੀਬ ਘਰਾਂ ਦੇ ਹਾਲਾਤਾਂ ਨੂੰ ਦੇਖਦਿਆਂ ਕਿਸੇ ਵੀ ਤਰੀਕੇ ਨਾਲ ਦੁੱਖ ਵੰਡਾਉਣ ਦੀ ਕੋਸ਼ਿਸ਼ ਕਰੇ ਅਤੇ ਇਹ ਵੀ ਲਾਜਮੀ ਹੋਵੇ ਕਿ ਹਰ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਉਨ੍ਹਾਂ ਦੇ ਦੂਸਰੇ ਬੱਚਿਆਂ ਨੂੰ ਪੂਰੀ ਤਰ੍ਹਾਂ ਸਿੱਖਿਆ ਮੁਫਤ ਕੀਤੀ ਜਾਵੇ, ਤਾਂ ਜੋ ਉਨ੍ਹਾਂ ਦੇ ਦੂਸਰੇ ਬੱਚਿਆਂ ਦਾ ਭਵਿੱਖ ਸੰਵਰ ਸਕੇ। ਉਨ੍ਹਾਂ ਸਮੁੱਚੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਸਰਕਾਰੀ ਅਧਿਕਾਰੀ ਜਾਂ ਸਰਕਾਰ ਤੁਹਾਡੇ ਲਈ ਕੁਝ ਨਹੀਂ ਕਰਦੀ, ਬਲਕਿ ਤੁਹਾਨੂੰ ਆਪਣੇ ਬੱਚਿਆਂ ਪ੍ਰਤੀ ਖੁਦ ਸੁਚੇਤ ਹੋਣਾ ਪਵੇਗਾ, ਤਾਂ ਜੋ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾ ਵਾਪਰਨ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਜਿਸ ਤਰ੍ਹਾਂ ਜਿਲ੍ਹੇ ਵਿਚੋਂ ਹੀ ਸਿੱਖਿਆ ਮੰਤਰੀ ਜਾਂ ਸੀਨੀਅਰ ਉਚ ਅਧਿਕਾਰੀ ਸੰਸਕਾਰ ਜਾਂ ਫੁੱਲਾਂ `ਤੇ ਹਾਜਰ ਨਹੀਂ ਹੋਏ, ਉਸ ਤੋਂ ਸਾਫ ਝਲਕਦਾ ਹੈ ਕਿ ਇਹ ਆਪਣੀਆਂ ਗਲਤੀਆਂ ਦੇ ਡਰ ਕਾਰਨ ਨਹੀਂ ਆਏ, ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਇੰਨੀਂ ਦੁੱਖਦਾਈ ਘਟਨਾ ਤੋਂ ਬਾਅਦ ਲੋਕ ਰੋਹ ਵਿਚ ਹਨ, ਇਹੋ ਕਾਰਨ ਹੈ ਕਿ ਉਹ ਇਸੇ ਕਾਰਨ ਇੱਥੇ ਨਾ ਆ ਕੇ ਛਿਪਦੇ ਨਜਰ ਆਏ। ਇਸ ਮੌਕੇ ਉਨ੍ਹਾਂ ਨਾਲ ਸਲਾਈਟ ਅਧਿਕਾਰੀ ਮਨੋਜ਼ ਗੋਇਲ, ਚਮਕੌਰ ਸਿੰਘ ਸ਼ਾਹਪੁਰ, ਕੁਲਦੀਪ ਸਿੰਘ, ਮੱਖਣ ਸਿੰਘ ਸ਼ਾਹਪੁਰ ਅਤੇ ਕੌਂਸਲਰ ਰਾਮ ਸਿੰਘ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।


Bharat Thapa

Content Editor

Related News