ਜ਼ਮੀਨਾਂ ਦਾ ਮੁਆਵਜ਼ਾ ਨਾ ਮਿਲਣ ''ਤੇ ਸਰਹੱਦੀ ਕਿਸਾਨਾਂ ਵਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ

04/19/2019 8:11:25 PM

ਮਮਦੋਟ,(ਜਸਵੰਤ ਕੰਬੋਜ): ਭਾਰਤ-ਪਾਕਿ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਜ਼ਮੀਨਾਂ ਦਾ ਕੇਂਦਰ ਸਰਕਾਰ ਵਲੋਂ ਹਰ ਸਾਲ 10 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤਾ ਜਾਂਦਾ ਮੁਆਵਜ਼ਾ ਪੰਜਾਬ ਸਰਕਾਰ ਵੱਲੋਂ ਨਾਂ ਦਿੱਤੇ ਜਾਣ ਕਾਰਨ ਕਿਸਾਨਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਇਸ ਸਬੰਧੀ ਬਲਾਕ ਮਮਦੋਟ ਅਧੀਨ ਆਉਦੇ ਸਰਹੱਦੀ ਪਿੰਡ ਰਾਜਾ ਰਾਏ, ਫਾਰੂ ਵਾਲਾ, ਚੱਕ ਰਾਉਕੇ, ਗੱਟੀ ਮੱਤੜ, ਦੋਵਾਂ ਦੀਨਾ ਨਾਥ ਆਦਿ ਸਰਹੱਦੀ ਪਿੰਡਾਂ ਦੇ ਕਿਸਾਨਾਂ ਨੂੰ ਤਾਰ ਤੋਂ ਪਾਰ ਜਮੀਨਾਂ ਦਾ ਮੁਆਵਜਾ ਨਾ ਮਿਲਣ ਤੇ ਪੰਜਾਬ ਸਰਕਾਰ ਅਤੇ ਮਾਲ ਵਿਭਾਗ ਦੇ ਅਧਿਕਾਰੀਆ ਖਿਲਾਫ ਕੰਡਿਆਲੀ ਤਾਰ ਨਜਦੀਕ ਨਾਅਰੇਬਾਜੀ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆ ਪੀੜਤ ਕਿਸਾਨ ਸਰਪੰਚ ਬਲਵਿੰਦਰ ਸਿੰਘ , ਨੰਬਰਦਾਰ ਗੁਰਚਰਨ ਸਿੰਘ , ਸਾਬਕਾ ਸਰਪੰਚ ਦੇਸ ਸਿੰਘ , ਸਾਬਕਾ ਫੌਜੀ ਫਲਕ ਸਿੰਘ , ਕਰਮਜੀਤ ਸਿੰਘ , ਬਲਦੇਵ ਸਿੰਘ , ਜਰਨੈਲ ਸਿੰਘ , ਅਮਰੀਕ ਸਿੰਘ , ਬਲਵੀਰ ਸਿੰਘ , ਗੁਲਜਾਰ ਸਿੰਘ , ਭਗਵਾਨ ਸਿੰਘ , ਆਦਿ ਨੇ ਦੱਸਿਆ ਸਾਡੇ ਚਾਰ ਪਿੰਡਾ ਦਾ ਕੰਡਿਆਲੀ ਤਾਰ ਤੋ ਪਾਰ 1200 ਏਕੜ ਰਕਬਾ ਹੈ ,ਜਿਸ ਦਾ ਮੁਆਵਜਾ 10 ਹਜਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਹੋਇਆ ਅਤੇ ਮਾਲ ਵਿਭਾਗ ਦੇ ਅਧਿਕਾਰੀਆ ਕੋਲ ਇਹ ਮੁਆਵਜਾ ਪਹੁੰਚ ਚੁੱਕਾ ਹੈ । ਕਿਸਾਨਾਂ ਨੇ ਕਿਹਾ ਕਿ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਵਾਰ - ਵਾਰ ਬੇਨਤੀ ਕਰਨ ਦੇ ਬਾਵਜੂਦ ਜਮੀਨਾਂ ਦਾ ਬਣਦਾ ਮੁਆਵਜਾਂ ਨਹੀ ਦਿੱਤਾ ਜਾ ਰਿਹਾ ਹੈ। ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਜਿਲਾ ਫਿਰੋਜਪੁਰ ਦੇ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਕੰਡਿਆਲੀ ਤਾਰ ਤੋ ਪਾਰ ਜਮੀਨਾਂ ਦਾ ਬਣਦਾ ਮੁਆਵਜਾਂ ਨਾ ਦਿੱਤਾ ਗਿਆ ਤਾਂ ਸਰਹੱਦੀ ਪਿੰਡਾਂ ਦੇ ਕਿਸਾਨ ਲੋਕ ਸਭਾ ਦੀਆ ਚੋਣਾਂ ਦਾ ਬਾਈਕਾਟ ਕਰਨ ਲਈ ਮਜਬੂਰ ਹੋਣਗੇ।


Related News