ਪੰਜਾਬ ਆਬਕਾਰੀ ਨੀਤੀ ਵੀ ਜਾਂਚ ਦੇ ਘੇਰੇ ''ਚ : ਐਕਸਾਈਜ਼ ਕਮਿਸ਼ਨਰ ਤੇ ਜੁਆਇੰਟ ਕਮਿਸ਼ਨਰ ਦੇ ਘਰ ED ਦੀ ਰੇਡ
Wednesday, Sep 07, 2022 - 01:49 PM (IST)
ਚੰਡੀਗੜ੍ਹ : ਪੰਜਾਬ ਦੇ ਆਬਕਾਰੀ ਅਧਿਕਾਰੀ ਵੀ ਈਡੀ ਦੇ ਰਡਾਰ ਹੇਠ ਆ ਗਏ ਹਨ। ਮੰਗਲਵਾਰ ਨੂੰ ਈਡੀ ਨੇ ਪੰਜਾਬ ਦੇ ਐਕਸਾਈਜ਼ ਕਮਿਸ਼ਨਰ ਵਰੁਣ ਰੂਜ਼ਮ ਦੇ ਚੰਡੀਗੜ੍ਹ ਸਥਿਤ ਘਰ ਤੇ ਜੁਆਇੰਟ ਕਮਿਸ਼ਨਰ ਨਰੇਸ਼ ਦੂਬੇ ਦੀ ਪੰਚਕੂਲਾ ਸਥਿਤ ਰਿਹਾਇਸ਼ 'ਤੇ ਛਾਪੇਮਾਰੀ ਕੀਤੀ। ਦੋਵਾਂ ਥਾਵਾਂ 'ਤੇ ਕਰੀਬ 10 ਘੰਟੇ ਐਕਸਾਈਜ਼ ਨਾਲ ਸਬੰਧਤ ਰਿਕਾਰਡ ਦੀ ਤਲਾਸ਼ੀ ਲਈ ਗਈ। ਈਡੀ ਦੀ ਟੀਮ ਨੇ ਕੁਝ ਦਸਤਾਵੇਜ਼ ਵੀ ਜ਼ਬਤ ਕੀਤੇ ਹਨ।
ਇਹ ਵੀ ਪੜ੍ਹੋ : ਕੋਰਟ ਨੇ ਮਾਂ ਦਾ ਕਤਲ ਕਰਨ ਵਾਲੇ ਪੁੱਤਰ ਨੂੰ ਸੁਣਾਈ ਮਿਸਾਲੀ ਸਜ਼ਾ
ਈਡੀ ਨੂੰ ਸ਼ਿਕਾਇਤ ਮਿਲੀ ਸੀ ਕਿ ਪੰਜਾਬ ਦੀ ਆਬਕਾਰੀ ਨੀਤੀ ਵੀ ਦਿੱਲੀ 'ਚ ਬਣੀ ਹੈ। ਈਡੀ ਨੂੰ ਸ਼ੱਕ ਹੈ ਕਿ ਆਬਕਾਰੀ ਨੀਤੀ ਨੂੰ ਲੈ ਕੇ ਦੋਵੇਂ ਅਧਿਕਾਰੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਹੋਈ ਮੀਟਿੰਗ ਵਿੱਚ ਸ਼ਾਮਲ ਸਨ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਹਾਲਾਂਕਿ ਇਸ ਛਾਪੇਮਾਰੀ ਨੂੰ ਲੈ ਕੇ ਪੰਜਾਬ ਦੇ ਅਧਿਕਾਰੀਆਂ ਜਾਂ ਈਡੀ ਵੱਲੋਂ ਕੋਈ ਰਸਮੀ ਬਿਆਨ ਨਹੀਂ ਦਿੱਤਾ ਗਿਆ ਹੈ।
ਸਿਰਸਾ ਨੇ ਸੀਬੀਆਈ ਅਤੇ ਈਡੀ ਨੂੰ ਕੀਤੀ ਸੀ ਸ਼ਿਕਾਇਤ
ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਪੰਜਾਬ ਦੀ ਆਬਕਾਰੀ ਨੀਤੀ ਨੂੰ ਦਿੱਲੀ ਦੀ ਨੀਤੀ ਜੋੜਨ ਦੀ ਸ਼ਿਕਾਇਤ ਸੀਬੀਆਈ ਤੇ ਈਡੀ ਨੂੰ ਕੀਤੀ ਸੀ। ਜੂਨ 'ਚ ਦਿੱਤੀ ਸ਼ਿਕਾਇਤ 'ਚ ਸਿਰਸਾ ਨੇ ਕਿਹਾ ਸੀ ਕਿ ਪਾਲਿਸੀ ਰਾਹੀਂ ਪੰਜਾਬ ਵਿੱਚ ਦੋ ਕੰਪਨੀਆਂ ਨੂੰ ਫਾਇਦਾ ਪਹੁੰਚਾਇਆ ਗਿਆ ਹੈ। ਇਨ੍ਹਾਂ ਕੰਪਨੀਆਂ ਨੂੰ ਦਿੱਲੀ 'ਚ ਪਹਿਲਾਂ ਹੀ ਲਾਇਸੈਂਸ ਮਿਲ ਚੁੱਕੇ ਹਨ।
ਅਕਾਲੀ ਦਲ ਤੇ ਕਾਂਗਰਸ ਨੇ ਵੀ ਰਾਜਪਾਲ ਨਾਲ ਕੀਤੀ ਸੀ ਮੁਲਾਕਾਤ
ਪੰਜਾਬ ਦੀ ਆਬਕਾਰੀ ਨੀਤੀ ਨੂੰ ਲੈ ਕੇ ਹੋਏ ਘਪਲੇ ਸੰਬੰਧੀ ਅਕਾਲੀ ਦਲ ਤੇ ਕਾਂਗਰਸ ਨੇ ਰਾਜਪਾਲ ਨੂੰ ਸ਼ਿਕਾਇਤ ਵੀ ਕੀਤੀ ਸੀ। ਉਨ੍ਹਾਂ ਇਸ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਤੇ 500 ਕਰੋੜ ਦੇ ਘਪਲੇ ਦੀ ਦੋਸ਼ ਲਾਇਆ ਹੈ।