ਬੇਰੋਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕਾਂ ਮੋਤੀ ਮਹਿਲ ਵੱਲ ਕੀਤਾ ਰੋਸ ਮਾਰਚ

03/19/2020 11:25:44 AM

ਪਟਿਆਲਾ (ਜੋਸਨ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 16 ਮਾਰਚ ਨੂੰ ਅਧਿਆਪਕਾਂ ਦੀ ਭਰਤੀ ਅਤੇ ਹੋਰਨਾਂ ਮੰਗਾਂ ਸਬੰਧੀ ਕੋਈ ਠੋਸ ਐਲਾਨ ਨਾ ਕਰਨ 'ਤੇ ਭੜਕੇ ਅਧਿਆਪਕਾਂ ਅੱਜ ਫਿਰ ਪੂਰੇ ਜੋਸ਼ ਨਾਲ ਸੀ. ਐੱਮ. ਦੇ ਮੋਤੀ ਮਹਿਲ ਵੱਲ ਜ਼ੋਰਦਾਰ ਰੋਸ ਮਾਰਚ ਕੀਤਾ। ਮੋਤੀ ਮਹਿਲ ਨੂੰ ਪੁਲਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ। ਅਧਿਆਪਕਾਂ ਨੇ ਰੋਸ ਮਾਰਚ ਕਰ ਕੇ ਮੋਤੀ ਮਹਿਲ ਨੇੜੇ ਵਾਈ. ਪੀ. ਐੱਸ. ਚੌਕ ਵਿਚ ਧਰਨਾ ਲਾ ਕੇ ਸਰਕਾਰ ਦਾ ਪਿੱਟ-ਸਿਆਪਾ ਕੀਤਾ। ਜ਼ਿਕਰਯੋਗ ਹੈ ਕਿ ਬੀਤੀ 8 ਮਾਰਚ ਨੂੰ ਬੇਰੋਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ 'ਨਿਊ ਮੋਤੀ ਮਹਿਲ' ਦੇ ਘਿਰਾਓ ਦਰਮਿਆਨ ਪੰਜਾਬ ਸਰਕਾਰ ਵੱਲੋਂ ਮਿਲੇ ਸੱਦੇ 'ਤੇ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਕਰਵਾਈ ਗਈ ਸੀ। ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਅੱਜ ਫਿਰ ਜ਼ਿਲਾ ਪ੍ਰਸ਼ਾਸਨ ਵਜੋਂ ਪੁੱਜੇ ਐੱਸ. ਡੀ. ਐੱਮ. ਚਰਨਜੀਤ ਸਿੰਘ ਨੇ ਅਧਿਆਪਕਾਂ ਦੀ ਮੁੜ ਪ੍ਰਿੰਸੀਪਲ ਚੀਫ ਸੈਕਟਰੀ ਨਾਲ 3 ਅਪ੍ਰੈਲ ਦੀ ਮੀਟਿੰਗ ਫਿਕਸ ਕਰ ਦਿੱਤੀ ਹੈ। 8 ਮਾਰਚ ਨੂੰ ਐੱਸ. ਪੀ. ਵਰੁਣ ਸ਼ਰਮਾ ਦੇ ਡੰਡੇ ਦਾ ਭਿਆਨਕ ਰੂਪ ਦੇਖ ਚੁੱਕੇ ਅਧਿਆਪਕਾਂ ਨੇ ਅੱਜ ਕੋਈ ਵੀ ਖਤਰਾ ਮੁੱਲ ਨਹੀਂ ਲਿਆ। ਪੁਲਸ ਨੇ ਸੰਦੇਸ਼ ਦਿੱਤਾ ਕਿ ਜੇਕਰ ਕੋਈ ਗੜਬੜੀ ਕੀਤੀ ਤਾਂ 8 ਮਾਰਚ ਦੁਹਾਰਿਆ ਜਾ ਸਕਦਾ ਹੈ।

ਇਸ ਮੌਕੇ ਮੁੱਖ ਮੰਤਰੀ ਵੱਲੋਂ ਭਰਤੀ ਦਾ ਇਸ਼ਤਿਹਾਰ ਜਾਰੀ ਕਰਨ ਦੀ ਥਾਂ ਕੇਵਲ ਫੋਕੇ ਦਮਗਜ਼ੇ ਮਾਰਨ, ਅਧਿਆਪਕਾਂ ਦੇ ਮਸਲਿਆਂ ਪ੍ਰਤੀ ਗੈਰ-ਜਮਹੂਰੀ ਅਤੇ ਗੈਰ-ਸੰਵੇਦਨਸ਼ੀਲ ਰਵੱਈਆ ਧਾਰਨ ਕਰਨ ਤੋਂ ਖਫਾ ਅਧਿਆਪਕ ਪਹਿਲਾਂ ਪਟਿਆਲਾ ਪੁਲਸ ਵੱਲੋਂ ਪਾਈ ਦਹਿਸ਼ਤ ਨੂੰ ਤੋੜਦਿਆਂ ਵੱਖ-ਵੱਖ ਥਾਵਾਂ 'ਤੇ ਗੁਪਤ ਤੌਰ 'ਤੇ ਇਕੱਠੇ ਹੋਏ। ਉਪਰੰਤ ਬਾਰਾਂਦਰੀ ਪਾਰਕ ਵਿਖੇ ਪਹੁੰਚਣ 'ਚ ਕਾਮਯਾਬ ਹੋ ਗਏ।

ਇਸ ਮੌਕੇ ਮੌਜੂਦ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਸੁਪਰ ਸਮਾਰਟ ਸਕੂਲਾਂ ਦਾ ਢੰਡੋਰਾ ਪਿੱਟ ਰਹੀ ਹੈ। ਦੂਜੇ ਪਾਸੇ ਬੇਰੋਜ਼ਗਾਰ ਅਧਿਆਪਕਾਂ ਨੂੰ ਸੜਕਾਂ 'ਤੇ ਰੋਲ ਰਹੀ ਹੈ। ਪੰਜਾਬ ਸਰਕਾਰ ਲਗਾਤਾਰ ਸਰਕਾਰੀ ਸਕੂਲਾਂ ਨੂੰ ਮਰਜ ਕਰ ਕੇ ਨਿੱਜੀਕਰਨ ਦੀ ਤਿਆਰੀ ਕਰ ਰਹੀ ਹੈ। ਸਿੱਖਿਆ ਨੂੰ ਗਰੀਬਾਂ ਹੱਥੋਂ ਖੋਹ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਈ. ਟੀ. ਟੀ. ਅਧਿਆਪਕਾਂ ਦੀਆਂ 12000 ਅਸਾਮੀਆਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ। ਭਰਤੀ ਉੱਪਰ ਲਾਈਆਂ ਵਾਧੂ ਸ਼ਰਤਾਂ ਪੱਕੇ ਤੌਰ 'ਤੇ ਵਾਪਸ ਲਈਆਂ ਜਾਣ। ਉਮਰ ਹੱਦ ਵਿਚ ਵਾਧਾ ਕਰ ਕੇ 37 ਤੋਂ 42 ਸਾਲ ਕੀਤੀ ਜਾਵੇ। ਯੋਗਤਾ ਟੈਸਟ (ਟੈੱਟ) ਪਾਸ ਹੋਣ ਦੇ ਬਾਵਜੂਦ ਠੋਸਿਆ ਨਵਾਂ ਟੈਸਟ ਰੱਦ ਕੀਤਾ ਜਾਵੇ। ਕੇਵਲ ਬਾਰਡਰ ਏਰੀਆ ਦੀ ਥਾਂ ਪੂਰੇ ਪੰਜਾਬ ਵਿਚ ਭਰਤੀ ਕੀਤੀ ਜਾਵੇ।

ਇਸ ਮੌਕੇ ਐੱਸ. ਐੱਸ. ਏ. ਰਮਸਾ ਦੇ ਸੂਬਾ ਪ੍ਰਧਾਨ ਹਰਦੀਪ ਟੋਡਰਪੁਰ, ਡੈਮੋਕਰੇਟਿਕ ਟੀਚਰਜ਼ ਫਰੰਟ ਤੋਂ ਵਿਕਰਮ ਦੇਵ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਦੇ ਅਮਨਦੀਪ ਅਤੇ ਗੁਰਸੇਵਕ ਸਿੰਘ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਪਰਮਜੀਤ, ਸੂਬਾ ਪ੍ਰੈੱਸ ਸਕੱਤਰ ਦੀਪ ਬਨਾਰਸੀ, ਸੁਰਜੀਤ ਚਪਾਤੀ, ਰਾਜਵੀਰ ਕੌਰ ਮੁਕਤਸਰ, ਜਰਨੈਲ ਸੰਗਰੂਰ, ਸੁਰਿੰਦਰ ਅਬੋਹਰ, ਪ੍ਰਿਥਵੀ ਅਬੋਹਰ, ਮਨੀ ਸੰਗਰੂਰ ਕਰਨਵੀਰ ਬਰਨਾਲਾ ਅਤੇ ਰਾਜਕੁਮਾਰ ਮਾਨਸਾ ਮੌਜੂਦ ਸਨ।


Shyna

Content Editor

Related News