ਫਿਰ ਵਿਵਾਦਾਂ ''ਚ ਘਿਰੀ ਫਰੀਦਕੋਟ ਜੇਲ੍ਹ, ਹਵਾਲਾਤੀ ਨੇ ਜੇਲ੍ਹ ''ਚ ਕੀਤੀ ਖ਼ੁਦਕੁਸ਼ੀ

03/12/2023 12:31:05 PM

ਫ਼ਰੀਦਕੋਟ (ਰਾਜਨ) : ਸਥਾਨਕ ਜੇਲ੍ਹ ਦੇ ਇਕ ਹਵਾਲਾਤੀ ਵੱਲੋਂ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਹਵਾਲਾਤੀ ਗਗਨਦੀਪ ਸਿੰਘ ਉਰਫ਼ ਸੋਨੀ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਮਹੇਸ਼ਰੀ 21 ਨਵੰਬਰ 2022 ਨੂੰ ਸਬ ਜੇਲ੍ਹ ਮੋਗਾ ਵਿਖੇ ਬੰਦ ਸੀ, ਜਿਸ ਨੂੰ 23 ਨਵੰਬਰ 2022 ਨੂੰ ਉਕਤ ਮੁਕੱਦਮੇ ਅਧੀਨ ਫ਼ਰੀਦਕੋਟ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਸੀ। ਇਹ ਹਵਾਲਾਤੀ ਸਥਾਨਕ ਜੇਲ੍ਹ ਦੇ ਬਲਾਕ-ਕੇ ਦੀ ਬੈਰਕ-4 ਦਾ ਹਵਾਲਾਤੀ ਸੀ, ਜਿਸ ਨੇ ਜੇਲ੍ਹ ਅੰਦਰ ਸਥਿਤ ਕੰਟੀਨ ਦੇ ਪਿਛਲੇ ਪਾਸੇ ਪਰਨੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਿਸ 'ਤੇ ਕੈਦੀ ਰਾਜਵਿੰਦਰ ਸਿੰਘ ਉਰਫ਼ ਰਾਜੂ ਨੇ ਜਦ ਇਸ ਨੂੰ ਵੇਖਿਆ ਤਾਂ ਉਸ ਵੱਲੋਂ ਜੇਲ੍ਹ ਪ੍ਰਸ਼ਾਸਨ ਨੂੰ ਸੂਚਿਤ ਕੀਤੇ ਜਾਣ ’ਤੇ ਡਿਊਟੀ ’ਤੇ ਤਾਇਨਾਂਤ ਡਿਪਟੀ ਸੁਪਰਡੈਂਟ (ਸਕਿੳਰਿਟੀ) ਪਰਮਿੰਦਰ ਸਿੰਘ, ਵਾਰਡਨ ਰਾਜਦੀਪ ਸਿੰਘ ਅਤੇ ਵਾਰਡਨ ਹਰਦੇਵ ਸਿੰਘ ਨੇ ਮੌਕੇ ’ਤੇ ਪੁੱਜ ਕੇ ਜਦੋਂ ਉਸ ਦੇ ਗਲੇ ਵਿੱਚੋਂ ਪਰਨਾ ਖੋਲ੍ਹਿਆ ਤਾਂ ਉਸ ਵੇਲੇ ਹਵਾਲਾਤੀ ਦੇ ਸਾਹ ਚੱਲ ਰਹੇ ਸਨ।

ਇਹ ਵੀ ਪੜ੍ਹੋ- ਬੇਅਦਬੀ ਕਾਂਡ : ਡੇਰਾ ਸੱਚਾ ਸੌਦਾ ਦੇ ਤਿੰਨ ਕਮੇਟੀ ਮੈਂਬਰਾਂ ਖ਼ਿਲਾਫ਼ ਚਲਾਨ ਪੇਸ਼

ਜਿਸ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਨੇ ਹਵਾਲਾਤੀ ਦੀ ਜਾਨ ਬਚਾਉਣ ਲਈ ਉਸ ਨੂੰ ਤੁਰੰਤ ਜੇਲ੍ਹ ਦੇ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਹਾਲਤ ਨੂੰ ਦੇਖਦਿਆਂ ਜੇਲ੍ਹ ਗਾਰਦ ਵੱਲੋਂ ਉਸ ਨੂੰ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।  ਏ. ਐੱਸ. ਆਈ. ਗੁਰਮੇਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਗਗਨਦੀਪ ਸਿੰਘ ਉਰਫ਼ ਸੋਨੀ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਬਜਟ ਤੋਂ ਬਾਅਦ ਵਿਰੋਧੀਆਂ ਦੇ ਨਿਸ਼ਾਨੇ 'ਤੇ ਪੰਜਾਬ ਸਰਕਾਰ, ਪ੍ਰਤਾਪ ਬਾਜਵਾ ਨੇ ਖੜ੍ਹੇ ਕੀਤੇ ਵੱਡੇ ਸਵਾਲ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News