‘ਅੱਖਾਂ ਦੀ ਲਾਗ ਅੱਗੇ ਫੈਲਣ ਤੋਂ ਰੋਕਣ ਲਈ ਸਾਵਧਾਨੀਆਂ ਜ਼ਰੂਰੀ’
Thursday, Aug 10, 2023 - 01:20 PM (IST)
ਪਟਿਆਲਾ (ਜ. ਬ.)- ਇਸ ਮੌਸਮ ’ਚ ਆਮ ਤੌਰ ’ਤੇ ਅੱਖਾਂ ’ਚ ਇੰਫੈਕਸ਼ਨ ਦੇ ਕੇਸ ਜ਼ਿਆਦਾ ਪਾਏ ਜਾਂਦੇ ਹਨ। ਇਸ ਸਬੰਧੀ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਅੱਖਾਂ ਦੀ ਲਾਗ ਤੋਂ ਬਚਣ ਅਤੇ ਇਸ ਦੇ ਫੈਲਾਅ ਨੂੰ ਰੋਕਣ ਦੀ ਜਾਗਰੂਕਤਾ ਲਈ ਮੈਡੀਕਲ ਸੂਪਰਡੈਂਟ ਮਾਤਾ ਕੌਸ਼ਲਿਆ ਹਸਪਤਾਲ ਡਾ. ਜਗਪਾਲਇੰਦਰ ਸਿੰਘ ਵੱਲੋਂ ਮਾਤਾ ਕੌਸ਼ਲਿਆ ਹਸਪਤਾਲ ਦੀ ਓ. ਪੀ. ਡੀ. ਅਤੇ ਅੱਖਾਂ ਦੀ ਓ. ਪੀ. ਡੀ. ’ਚ ਪੋਸਟਰ ਲਗਵਾਏ ਗਏ। ਉਨ੍ਹਾਂ ਕਿਹਾ ਕਿ ਮਾਤਾ ਕੌਸ਼ਲਿਆ ਹਸਪਤਾਲ ’ਚ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ’ਚ ਮਰੀਜ਼ ਅਤੇ ਉਨ੍ਹਾਂ ਦੇ ਅਟੈਂਡੈਂਟ ਇਲਾਜ ਲਈ ਆਉਂਦੇ ਹਨ, ਜਿਨ੍ਹਾਂ ਦਾ ਇਸ ਬੀਮਾਰੀ ਬਾਰੇ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਰਫਜੀਤ ਸਿੰਘ, ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮਿਤ ਸਿੰਘ, ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਬੀ. ਸੀ. ਸੀ. ਕੁਆਰਡੀਨੇਟਰ ਜਸਬੀਰ ਕੌਰ ਅਤੇ ਧਰਮਿੰਦਰ ਕੁਮਾਰ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ- ਸ਼੍ਰੀਲੰਕਾ 'ਚ ਬੱਚਿਆਂ ਨੂੰ ਪੂਰਾ ਭੋਜਨ ਨਾ ਮਿਲਣ 'ਤੇ ਦੁਖ਼ੀ ਹੋਏ ਸਚਿਨ ਤੇਂਦੁਲਕਰ, ਦਿੱਤਾ ਖ਼ਾਸ ਸੰਦੇਸ਼
ਮੈਡੀਕਲ ਸੁਪਰਡੈਂਟ ਅਤੇ ਅੱਖਾਂ ਦੇ ਮਾਹਰ ਡਾ. ਜਗਪਾਲਇੰਦਰ ਸਿੰਘ ਨੇਂ ਕਿਹਾ ਕਿ ਆਈ ਫਲੂ ਜਿਸ ਨੂੰ ਕੰਜਕਟਿਵਾਈਟਿਸ ਕਿਹਾ ਜਾਂਦਾ ਹੈ, ਇਕ ਤਰ੍ਹਾਂ ਦੀ ਲਾਗ ਦੀ ਬੀਮਾਰੀ ਹੈ, ਜੋ ਵਾਇਰਸ ਜਾ ਬੈਕਟੀਰੀਆ ਕਾਰਨ ਹੁੰਦੀ ਹੈ। ਮੌਸਮ ਦੇ ਬਦਲਾਅ ਅਤੇ ਹੜਾਂ ਕਾਰਨ ਇਸ ਬੀਮਾਰੀ ਦੇ ਕੇਸਾਂ ’ਚ ਵਾਧਾ ਹੋਣ ਲਗਦਾ ਹੈ। ਉਨ੍ਹਾਂ ਕਿਹਾ ਕਿ ਅੱਖਾਂ ਦਾ ਲਾਲ ਹੋਣਾ, ਅੱਖਾਂ ਦੀ ਸੋਜ, ਅੱਖਾਂ ’ਚ ਖੁਜਲੀ, ਜਲਣ ਜਾਂ ਰੜਕ ਹੋਣਾ, ਅੱਖਾਂ ’ਚੋਂ ਚਿੱਟਾ ਜਿਹਾ ਪਦਾਰਥ ਨਿਕਲਣਾ ਅਤੇ ਅੱਖਾਂ ਦਾ ਚਿਪਕਣਾ ਆਦਿ ਆਈ ਫਲੂ ਦੇ ਲੱਛਣ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੱਛਣ ਹੋਣ ਤੇ ਅੱਖਾਂ ਨੂੰ ਰਗੜਿਆ ਨਾ ਜਾਵੇ ਅਤੇ ਅੱਖਾਂ ਨੂੰ ਸਾਫ਼ ਕਰਨ ਲਈ ਸਾਫ਼ ਰੁਮਾਲ ਦੀ ਵਰਤੋਂ ਕੀਤੀ ਜਾਵੇ। ਅੱਖਾਂ ’ਚ ਆਪਣੀ ਮਰਜ਼ੀ ਨਾਲ ਦਵਾਈ ਪਾਉਣ ਤੋਂ ਪ੍ਰਹੇਜ਼ ਕਰ ਕੇ ਡਾਕਟਰ ਦੀ ਸਲਾਹ ਅਨੁਸਾਰ ਹੀ ਦਵਾਈ ਪਾਈ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਹਸਪਤਾਲਾਂ ’ਚ ਆਈ ਫਲੂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ- ਤੰਦਰੁਸਤ ਮਾਂ ਹੀ ਦੇ ਸਕਦੀ ਹੈ ਸਿਹਤਮੰਦ ਬੱਚੇ ਨੂੰ ਜਨਮ : ਡਾ. ਗੁਰਪ੍ਰੀਤ ਕੌਰ
ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮਿਤ ਸਿੰਘ ਨੇ ਕਿਹਾ ਕਿ ਆਈ ਫਲੂ ਦੀ ਲਾਗ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਸਾਬਣ ਅਤੇ ਪਾਣੀ ਨਾਲ ਹੱਥ ਵਾਰ-ਵਾਰ ਧੋਵੋ ਜਾਂ ਸੈਨੇਟਾਈਜ਼ਰ ਦੀ ਵਰਤੋਂ ਕਰੋ। ਅੱਖਾਂ ਨੂੰ ਵਾਰ-ਵਾਰ ਨਾ ਛੂਹੋ। ਪ੍ਰਭਾਵਿਤ ਵਿਅਕਤੀ ਦੇ ਤੌਲੀਏ/ਰੁਮਾਲ/ਬਿਸਤਰ ਆਦਿ ਦੀ ਵਰਤੋਂ ਨਾ ਕਰੋ। ਭੀਡ਼ ਵਾਲੀਆਂ ਥਾਵਾਂ ਅਤੇ ਤੈਰਾਕੀ ਤੋਂ ਬੱਚੋ। ਉਨ੍ਹਾਂ ਕਿਹਾ ਕਿ ਅੱਖਾਂ ’ਚ ਧੁੰਦਲਾਪਣ ਮਹਿਸੂਸ ਹੋਵੇ ਜਾਂ ਤਕਲੀਫ ਵੱਧ ਜਾਵੇ ਜਾਂ ਅੱਖਾਂ ਦੇ ਆਪਰੇਸ਼ਨ ਤੋਂ ਬਾਅਦ ਫਲੂ ਹੋ ਜਾਵੇ ਤਾਂ ਤੁਰੰਤ ਅੱਖਾਂ ਦੇ ਮਾਹਿਰ ਡਾਕਟਰ ਦੀ ਸਲਾਹ ਲਵੋ। ਸਭਨਾਂ ਦੇ ਸਹਿਯੋਗ ਨਾਲ ਹੀ ਇਸ ਬੀਮਾਰੀ ਨੂੰ ਠੱਲ ਪਾਈ ਜਾ ਸਕਦੀ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8