ਪੰਜਾਬ ਦੇ ਇਸ ਅਧਿਆਪਕ ਨੂੰ ਮਿਲੇਗਾ ਰਾਸ਼ਟਰੀ ਸਨਮਾਨ, ਗ਼ਰੀਬ ਸਿਖਿਆਰਥੀਆਂ ਲਈ 2008 ਤੋਂ ਕਰ ਰਹੇ ਨੇ ਸੰਘਰਸ਼
Thursday, Aug 27, 2020 - 06:51 PM (IST)
ਫਰੀਦਕੋਟ (ਜਗਤਾਰ): ਕਹਿੰਦੇ ਹਨ ਕਿ ਇਨਸਾਨ ਜੇਕਰ ਸੱਚੇ ਮਨੋਂ ਇਰਾਦਾ ਕਰ ਲਵੇ ਤਾਂ ਦੁਨੀਆ 'ਚ ਅਜਿਹਾ ਕੋਈ ਮੁਕਾਮ ਨਹੀਂ ਜਿਸ ਨੂੰ ਉਹ ਹਾਸਲ ਨਾ ਕਰ ਸਕੇ ਅਤੇ ਅਜਿਹਾ ਹੀ ਕਰ ਵਿਖਾਇਆ ਫਰੀਦਕੋਟ ਜ਼ਿਲ੍ਹੇ ਦੇ ਇਕ ਸਰਕਾਰੀ ਅਧਿਆਪਕ ਰਜਿੰਦਰ ਕੁਮਾਰ ਨੇ।ਰਜਿੰਦਰ ਕੁਮਾਰ ਨੇ ਜਿੱਥੇ ਆਪਣੀ ਮਿਹਨਤ ਅਤੇ ਲਗਨ ਨਾਲ ਇਲਾਕੇ ਭਰ 'ਚ ਸਕੂਲ ਦੇ ਚੰਗੇ ਪ੍ਰਬੰਧਾਂ ਕਾਰਨ ਨਾਮਣਾਂ ਖੱਟਿਆ ਹੈ, ਉੱਥੇ ਹੀ ਹੁਣ ਪੰਜਾਬ ਭਰ 'ਚੋਂ ਇਸ ਸਾਲ ਇਕਲੌਤਾ ਸਰਕਾਰੀ ਅਧਿਆਪਕ ਬਣਿਆ ਜਿਸ ਦੀ ਨੈਸ਼ਨਲ ਐਵਾਰਡ ਲਈ ਚੋਣ ਹੋਈ ਹੈ ਅਤੇ ਇਹ ਐਵਾਰਡ ਉਸ ਨੂੰ ਕੇਂਦਰ ਸਰਕਾਰ ਵਲੋਂ ਅਧਿਆਪਕ ਦਿਵਸ ਦੇ ਮੌਕੇ ਤੇ ਦਿੱਤਾ ਜਾਣਾ ਹੈ।
ਰਜਿੰਦਰ ਕੁਮਾਰ ਪਹਿਲਾਂ ਵੀ 2 ਵਾਰ ਸਟੇਟ ਐਵਾਰਡ ਪ੍ਰਾਪਤ ਕਰ ਚੁੱਕਿਆ ਹੈ।
ਇਹ ਵੀ ਪੜ੍ਹੋ: ਨੈਸ਼ਨਲ ਪੱਧਰ ਦੇ ਹਾਕੀ ਖਿਡਾਰੀ ਨੇ ਰਾਂਚੀ 'ਚ ਕੀਤੀ ਖ਼ੁਦਕੁਸ਼ੀ
ਰਜਿੰਦਰ ਕੁਮਾਰ ਅਤੇ ਉਸ ਦੀ ਪਤਨੀ ਦੋਵੇਂ ਹੀ ਪ੍ਰਾਇਮਰੀ ਅਧਿਆਪਕ ਹਨ ਅਤੇ ਜ਼ਿਲ੍ਹੇ ਦੇ ਪਿੰਡ ਵਾੜਾ ਭਾਈਕਾ ਵਿਖੇ ਸਾਲ 2008 ਤੋਂ ਸੇਵਾਵਾਂ ਨਿਭਾ ਰਹੇ ਹਨ।ਰਜਿੰਦਰ ਕੁਮਾਰ ਨੇ ਦੱਸਿਆ ਕਿ ਜਦ ਉਹ ਇੱਥੇ ਸਕੂਲ 'ਚ ਤੈਨਾਤ ਹੋਏ ਤਾਂ ਸਕੂਲ 'ਚ ਬੱਚਿਆਂ ਦੀ ਗਿਣਤੀ ਬਹੁਤ ਘੱਟ ਸੀ ਅਤੇ ਬਹੁਤੇ ਬੱਚੇ ਅਜਿਹੇ ਸਨ ਜੋ ਸਕੂਲ ਵਿਚ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਸਕੂਲ ਛੱਡ ਚੁੱਕੇ ਸਨ, ਜਿਨ੍ਹਾਂ ਨੂੰ ਮੁੜ ਸਕੂਲ 'ਚ ਲਿਊਣ ਲਈ ਉਨ੍ਹਾਂ ਨੂੰ ਖ਼ੁਦ ਘਰ- ਘਰ ਜਾਣਾ ਪਿਆ । ਉਨ੍ਹਾਂ ਕਿਹਾ ਜਦ ਉਹ ਘਰ-ਘਰ ਜਾ ਕੇ ਬੱਚਿਆਂ ਨੂੰ ਸਕੂਲ ਲਿਉਣ ਲਈ ਪਿੰਡ ਵਿਚ ਗਏ ਤਾਂ ਉਨ੍ਹਾਂ ਨੂੰ ਪਿੰਡ ਅਸਲ ਹਾਲਾਤ ਤੋਂ ਪਤਾ ਚੱਲਿਆ ਕਿ ਪਿੰਡ ਦੇ ਬੱਚਿਆ ਦੇ ਮਾਂ-ਬਾਪ ਦੀ ਅਸਲ ਪੂੰਜੀ ਬੱਚੇ ਹਨ ਅਤੇ ਸਿਰਫ਼ ਵਿਦਿਆ ਹੀ ਉਨ੍ਹਾਂ ਦੀ ਕਾਇਆ-ਕਲਪ ਕਰ ਸਕਦੀ ਹੈ। ਇਸ ਲਈ ਉਨ੍ਹਾਂ ਨੇ ਪ੍ਰਾਇਮਰੀ ਸਿੱਖਿਆ ਵਧੀਆ ਅਤੇ ਅਜਿਹੇ ਢੰਗ ਨਾਲ ਦੇਣ ਦਾ ਮਨ ਬਣਾਇਆ ਕਿ ਬੱਚਿਆ ਦੀ ਸਕੂਲ 'ਚ ਰੁਚੀ ਵਧੀ ਅਤੇ ਹੁਣ ਸਕੂਲ 'ਚ ਪਿੰਡ ਦੇ ਤਕਰੀਬਨ 90 ਫੀਸਦੀ ਬੱਚੇ ਪੜ੍ਹਾਈ ਕਰਦੇ ਹਨ ਅਤੇ ਨੇੜਲੇ ਪਿੰਡਾਂ ਦੇ ਬੱਚੇ ਵੀ ਇਸੇ ਸਕੂਲ 'ਚ ਪੜ੍ਹਣਾ ਪਸੰਦ ਕਰਦੇ ਹਨ। ਉਨ੍ਹਾਂ ਦੱਸਿਆ ਕਿ 2008 ਤੋਂ ਹੁਣ ਤੱਕ ਉਨ੍ਹਾਂ ਨੇ ਲੰਬਾ ਸਮਾਂ ਸੰਘਰਸ਼ ਕੀਤਾ ਅਤੇ ਪਿੰਡ ਦੇ ਸਹਿਯੋਗ ਨਾਲ ਸਕੂਲ ਨੂੰ ਇਸ ਮੁਕਾਮ ਤੇ ਪਹੁੰਚਾਇਆ ਅਤੇ ਅੱਜ ਜੋ ਐਵਾਰਡ ਲਈ ਉਸ ਦੀ ਚੋਣ ਹੋਈ ਹੈ ਉਸ ਦਾ ਸਿਹਰਾ ਵੀ ਪਿੰਡ ਵਾਸੀਆਂ ਅਤੇ ਸਕੂਲ ਦੇ ਸਾਰੇ ਅਧਿਆਪਕਾਂ ਦੇ ਸਿਰ ਜਾਂਦਾ ਹੈ, ਜਿਨ੍ਹਾਂ ਦੇ ਸਹਿਯੋਗ ਨਾਲ ਉਹ ਇਸ ਸਭ ਕਰ ਸਕਿਆ।
ਇਹ ਵੀ ਪੜ੍ਹੋ: ਸੰਗਰੂਰ 'ਚ ਮਾਰੂ ਹੋਇਆ ਕੋਰੋਨਾ, ਇਕੋ ਦਿਨ 'ਚ 5 ਮੌਤਾਂ
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਅਤੇ ਉਨ੍ਹਾਂ ਦੀ ਪਤਨੀ ਜੋ ਇਸੇ ਸਕੂਲ 'ਚ ਉਨ੍ਹਾਂ ਦੇ ਨਾਲ ਹੈ ਦੀ 2 ਵਾਰ ਸਾਇੰਸ ਅਧਿਆਪਕ ਵਜੋਂ ਤਰੱਕੀ ਵੀ ਹੋਈ ਪਰ ਉਨ੍ਹਾਂ ਨੇ ਦੋਵੇਂ ਵਾਰ ਹੀ ਇਹ ਤਰੱਕੀ ਨਹੀਂ ਲਈ। ਉਨ੍ਹਾਂ ਕਿਹਾ ਕਿ ਇਸ ਵਾਰ ਜੋ ਉਨ੍ਹਾਂ ਦੀ ਨੈਸ਼ਨਲ ਐਵਾਰਡ ਲਈ ਚੋਣ ਹੋਈ ਹੈ ਇਸ ਤੇ ਉਸ ਨੂੰ ਬਹੁਤ ਖੁਸ਼ੀ ਹੈ।ਉਨ੍ਹਾਂ ਕਿਹਾ ਕਿ ਇਸ ਸਭ ਦਾ ਸਿਹਰਾ ਪਿੰਡ ਵਾਸੀਆਂ ਅਤੇ ਅਧਿਆਪਕ ਸਾਥੀਆਂ ਦੇ ਸਿਰ ਜਾਂਦਾ ਹੈ ਜਿਨ੍ਹਾਂ ਨੇ ਹਰ ਸਮੇਂ ਉਸ ਦਾ ਸਕੂਲ 'ਚ ਬੱਚਿਆਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ 'ਚ ਸਾਥ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਦੋ ਵਾਰ ਪਹਿਲਾਂ ਪੰਜਾਬ ਸਰਕਾਰ ਵਲੋਂ ਵੀ ਸਟੇਟ ਐਵਾਰਡ ਦਿੱਤਾ ਗਿਆ ਸੀ ਜਿਸ ਵਿਚ ਇਕ ਵਾਰ ਸ਼ੋਸਲ ਕਾਰਜਾਂ ਲਈ ਅਤੇ ਇਕ ਵਾਰ ਸਿੱਖਿਆ ਦੇ ਖੇਤਰ ਵਿਚ ਕੀਤੇ ਕੰਮਾਂ ਲਈ।ਉਨ੍ਹਾਂ ਦੱਸਿਆ ਕਿ ਇਸ ਵਾਰ ਜੋ ਨੈਸ਼ਨਲ ਅੇਵਾਰਡ ਲਈ ਉਸ ਦੀ ਚੋਣ ਹੋਈ ਹੈ ਉਹ ਸਿੱਖਿਆ ਦੇ ਖੇਤਰ ਵਿਚ ਕੀਤੇ ਕੰਮਾਂ ਲਈ ਹੈ।ਇਸ ਮੌਕੇ ਗੱਲਬਾਤ ਕਰਦਿਆਂ ਰਜਿੰਦਰ ਕੁਮਾਰ ਦੇ ਸਾਥੀ ਅਧਿਆਪਕ ਸਤਪਾਲ ਸਰਮਾ ਨੇ ਕਿਹਾ ਕਿ ਰਜਿੰਦਰ ਕੁਮਾਰ ਦੀ ਮਿਹਨਤ ਅੱਜ ਰੰਗ ਲਿਆਈ ਹੈ ਅਤੇ ਉਸ ਸੀ ਇਸ ਪ੍ਰਾਪਤੀ ਤੇ ਉਹ ਰਜਿੰਦਰ ਕੁਮਾਰ ਨੂੰ ਵਧਾਈ ਦਿੰਦੇ ਹਨ।ਉਨ੍ਹਾਂ ਕਿਹਾ ਕਿ ਜੇਕਰ ਸਾਰੇ ਹੀ ਸਰਕਾਰੀ ਅਧਿਆਪਕ ਰਜਿੰਦਰ ਕੁਮਾਰ ਵਾਂਗ ਮਿਹਨਤ ਕਰਨ ਤਾਂ ਪੰਜਾਬ ਅੰਦਰ ਸਰਕਾਰੀ ਸਕੂਲਾਂ ਅਤੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਦਾ ਭਵਿੱਖ ਬਹੁਤ ਉਜਵਲ ਹੋਵੇਗਾ।
ਇਹ ਵੀ ਪੜ੍ਹੋ: ਕੋਵਿਡ-19 ਸੈਂਟਰ ਦੀ ਫ਼ਿਰ ਵਾਇਰਲ ਹੋਈ ਵੀਡੀਓ, ਮਰੀਜ਼ ਦੀ ਹੌਂਸਲਾ ਅਫ਼ਜਾਈ ਲਈ ਨੱਚੀਆਂ ਬੀਬੀਆਂ
ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾੜਾ ਭਾਈਕਾ ਦੇ ਸਰਪੰਚ ਹਰਵਿੰਦਰ ਸਿੰਘ ਨੇ ਕਿਹਾ ਕਿ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਰਜਿੰਦਰ ਕੁਮਾਰ ਨੂੰ ਜੋ ਨੈਸ਼ਨਲ ਐਵਾਰਡ ਮਿਲ ਰਿਹਾ ਇਸ ਲਈ ਪਿੰਡ ਵਾਸੀਆਂ 'ਚ ਬਹੁਤ ਖੁਸ਼ੀ ਹੈ ਕਿਉਂਕਿ ਰਜਿੰਦਰ ਕੁਮਾਰ ਕਾਫੀ ਲੰਬੇ ਸਮੇਂ ਤੋਂ ਇੱਥੇ ਸੇਵਾਵਾਂ ਨਿਭਾ ਰਹੇ ਹਨ ਅਤੇ ਪ੍ਰਾਇਮਰੀ ਸਕੂਲ ਦੇ ਨੂੰ ਬਹੁਤ ਸੌਖੇ ਤੇ ਸਰਲ ਅਤੇ ਪ੍ਰੈਕਟੀਕਲ ਤਰੀਕੇ ਨਾਲ ਪੜ੍ਹਾਈ ਕਰਵਾਉਂਦੇ ਹਨ ਅਤੇ ਬੱਚੇ ਉਤਸ਼ਾਹ ਨਾਲ ਸਕੂਲ ਆਉਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡ ਦੇ ਲਗਭਗ ਸਾਰੇ ਹੀ ਬੱਚੇ ਪ੍ਰਾਇਮਰੀ ਤੱਕ ਇਸੇ ਸਰਕਾਰੀ ਸਕੂਲ ਵਿਚ ਪੜ੍ਹਦੇ ਹਨ ਬਹੁਤ ਥੋੜੇ ਬੱਚੇ ਹੋਣਗੇ ਜੋ ਕਿਸੇ ਨਿੱਜੀ ਸਕੂਲ ਵਿਚ ਜਾਂਦੇ ਹੋਣਗੇ।ਉਨ੍ਹਾਂ ਦੱਸਿਆ ਕਿ ਇਸ ਸਾਲ ਵੀ ਵੱਡੀ ਗਿਣਤੀ ਵਿਚ ਬੱਚੇ ਇਸ ਸਕੂਲ ਵਿਚ ਦਾਖ਼ਲ ਹੋਏ ਹਨ ਜੋ ਕਿ ਅਧਿਆਪਕ ਰਜਿੰਦਰ ਕੁਮਾਰ ਦੀ ਮਿਹਨਤ ਦਾ ਹੀ ਫ਼ਲ ਹੈ।