ਛਾਪੇਮਾਰੀ ਕਰਨ ਗਈ ਪੁਲਸ ਟੀਮ ’ਤੇ ਹਮਲਾ, ਮੁਲਜ਼ਮ ਨੂੰ ਜਬਰੀ ਪੁਲਸ ਗੱਡੀ ''ਚੋਂ ਕੱਢ ਕੇ ਫਰਾਰ ਕਰਵਾਇਆ
Friday, Sep 11, 2026 - 04:20 AM (IST)
ਲੁਧਿਆਣਾ (ਅਨਿਲ, ਰਾਜ) - ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਫਰਾਰ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਗਈ ਪੁਲਸ ਟੀਮ ’ਤੇ ਹਮਲਾ ਕਰਕੇ ਮੁਲਜ਼ਮ ਨੂੰ ਫਰਾਰ ਕਰਵਾਉਣ ਵਾਲੇ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਹੈ।
ਥਾਣਾ ਮੁਖੀ ਇੰਸਪੈਕਟਰ ਜਸਬੀਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਸਲੇਮ ਟਾਬਰੀ ਦੇ ਇਲਾਕੇ ਵਿਚ ਜੱਸੀਆਂ ਰੋਡ ’ਤੇ ਥਾਣਾ ਡਵੀਜ਼ਨ 4 ਦੀ ਪੁਲਸ ਕੁੱਟਮਾਰ ਦੇ ਮਾਮਲੇ ਵਿਚ ਇਕ ਫਰਾਰ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਆਈ ਹੋਈ ਸੀ। ਉਨ੍ਹਾਂ ਦੱਸਿਆ ਕਿ ਥਾਣਾ ਡਵੀਜ਼ਨ 4 ਦੇ ਥਾਣੇਦਾਰ ਅਮਰੀਕ ਸਿੰਘ ਦੇ ਨਾਲ ਚਾਰ ਪੁਲਸ ਮੁਲਾਜ਼ਮ ਫਰਾਰ ਮੁਲਜ਼ਮ ਸ਼ੁਭਮ ਗੋਰੂ ਨੂੰ ਗ੍ਰਿਫਤਾਰ ਕਰਨ ਲਈ ਪੁੱਜੇ ਸਨ।
ਜਦੋਂ ਪੁਲਸ ਟੀਮ ਨੇ ਫਰਾਰ ਮੁਲਜ਼ਮ ਸ਼ੁਭਮ ਗੋਰੂ ਨੂੰ ਕਾਬੂ ਕਰਕੇ ਪੁਲਸ ਗੱਡੀ ਵਿਚ ਬਿਠਾਇਆ ਤਾਂ ਉਸ ਦੇ ਰਿਸ਼ਤੇਦਾਰਾਂ ਨੇ ਪੁਲਸ ਦੀ ਗੱਡੀ ਦੇ ਸਾਹਮਣੇ ਸਕੂਟਰ ਖੜ੍ਹਾ ਕਰਕੇ ਰਸਤਾ ਰੋਕ ਦਿੱਤਾ ਤੇ ਇਸੇ ਦੌਰਾਨ ਸ਼ੁਭਮ ਦੇ ਸਾਥੀਆਂ ਅਤੇ ਰਿਸ਼ਤੇਦਾਰਾਂ ਨੇ ਪੁਲਸ ਦੀ ਗੱਡੀ ਵਿਚੋਂ ਜ਼ਬਰਦਸਤੀ ਉਸ ਨੂੰ ਬਾਹਰ ਕੱਢ ਕੇ ਉਥੋਂ ਫਰਾਰ ਕਰਵਾ ਦਿੱਤਾ।
ਥਾਣਾ ਮੁਖੀ ਨੇ ਦੱਸਿਆ ਕਿ ਉਸੇ ਦੌਰਾਨ ਉਕਤ ਲੋਕਾਂ ਵੱਲੋਂ ਪੁਲਸ ਦੇ ਨਾਲ ਕੁੱਟਮਾਰ ਕੀਤੀ ਗਈ ਤੇ ਧੱਕਾਮੁੱਕੀ ਕਰਦੇ ਹੋਏ ਮੁਲਜ਼ਮ ਨੂੰ ਫਰਾਰ ਕਰਨ ਵਿਚ ਮਦਦ ਕੀਤੀ ਗਈ, ਜਿਸ ਤੋਂ ਬਾਅਦ ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਥਾਣੇਦਾਰ ਅਮਰੀਕ ਸਿੰਘ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਗੁਰਨਾਮ ਨਗਰ ਦੇ ਰਹਿਣ ਵਾਲੇ ਮੁਲਜ਼ਮ ਵਿੱਕੀ ਹਥੌੜੀ, ਉਸ ਦੀਆਂ ਦੋ ਬੇਟੀਆਂ ਅਤੇ ਹੋਰਨਾਂ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਅਜੇ ਤੱਕ ਉਕਤ ਮਾਮਲੇ ਵਿਚ ਸਾਰੇ ਮੁਲਜ਼ਮ ਫਰਾਰ ਹਨ ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। ਜਲਦ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
