ਟ੍ਰੈਫਿਕ ਪੁਲਸ ਦੀ ਵੱਡੀ ਕਾਰਵਾਈ! ਧੜਾਧੜ ਕੱਟੇ ਚਾਲਾਨ
Saturday, Jun 13, 2026 - 04:57 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ): ਜ਼ਿਲ੍ਹੇ ਅੰਦਰ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਅਤੇ ਸੜਕੀ ਨਿਯਮਾਂ ਦੀ ਪਾਲਣਾ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਟ੍ਰੈਫਿਕ ਪੁਲਸ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਹੈ। ਜ਼ਿਲ੍ਹਾ ਪੁਲਸ ਮੁਖੀ ਅਭਿਮੰਨਿਊ ਰਾਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਟ੍ਰੈਫਿਕ ਪੁਲਸ ਵੱਲੋਂ ਪੂਰੇ ਜ਼ਿਲ੍ਹੇ ਵਿਚ ਇਕ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ, ਜਿਸ ਤਹਿਤ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਵੱਡੇ ਪੱਧਰ 'ਤੇ ਚਲਾਨ ਕੀਤੇ ਗਏ।
ਗੈਰ-ਕਾਨੂੰਨੀ ਲਾਈਟਾਂ ਅਤੇ ਕਾਲੀ ਫਿਲਮ 'ਤੇ ਤਿੱਖੀ ਨਜ਼ਰ
ਜ਼ਿਲ੍ਹਾ ਟ੍ਰੈਫਿਕ ਇੰਚਾਰਜ ਏ.ਐੱਸ.ਆਈ. ਤਰਸੇਮ ਸਿੰਘ ਦੀ ਅਗਵਾਈ ਹੇਠ ਟ੍ਰੈਫਿਕ ਪੁਲਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਸ਼ਹਿਰ ਦੇ ਮੁੱਖ ਚੌਕਾਂ ਅਤੇ ਨਾਕਿਆਂ 'ਤੇ ਸਖ਼ਤ ਚੈਕਿੰਗ ਕੀਤੀ ਗਈ। ਇਸ ਮੁਹਿੰਮ ਦੌਰਾਨ ਖ਼ਾਸ ਕਰਕੇ ਵਾਹਨਾਂ 'ਤੇ ਲੱਗੀਆਂ ਗੈਰ-ਅਧਿਕਾਰਤ ਲਾਈਟਾਂ, ਲਾਲ-ਨੀਲੀਆਂ ਬੀਕਨ ਲਾਈਟਾਂ, ਸ਼ੀਸ਼ਿਆਂ 'ਤੇ ਲੱਗੀ ਕਾਲੀ ਫਿਲਮ, ਬਿਨਾਂ ਨੰਬਰ ਪਲੇਟ ਵਾਲੇ ਵਾਹਨਾਂ ਅਤੇ ਮੋਟਰਸਾਈਕਲਾਂ 'ਤੇ ਤਿੰਨ ਸਵਾਰੀਆਂ (ਟ੍ਰਿਪਲ ਰਾਈਡਿੰਗ) ਬਿਠਾਉਣ ਵਾਲਿਆਂ ਦੇ ਵਿਸ਼ੇਸ਼ ਤੌਰ 'ਤੇ ਚਲਾਨ ਕੱਟੇ ਗਏ।
ਪੁਲਸ ਪ੍ਰਸ਼ਾਸਨ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਿਸ਼ੇਸ਼ ਮੁਹਿੰਮ ਦੌਰਾਨ ਸਾਰੇ ਜ਼ਿਲ੍ਹੇ ਵਿੱਚ 150 ਦੇ ਲਗਭਗ ਚਲਾਨ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਟ੍ਰੈਫਿਕ ਪੁਲਸ ਵੱਲੋਂ ਇਹ ਸਖ਼ਤੀ ਲਗਾਤਾਰ ਜਾਰੀ ਹੈ, ਜਿਸ ਦੇ ਸਿੱਟੇ ਵਜੋਂ ਪਿਛਲੇ ਮਹੀਨੇ (ਮਈ) ਦੌਰਾਨ ਵੀ ਨਿਯਮ ਤੋੜਨ ਵਾਲਿਆਂ ਦੇ 5,120 ਚਲਾਨ ਕੀਤੇ ਗਏ ਸਨ।
ਨਿਯਮ ਤੋੜਨ ਵਾਲਿਆਂ ਨੂੰ ਸਖ਼ਤ ਚੇਤਾਵਨੀ
ਇਸ ਮੌਕੇ ਗੱਲਬਾਤ ਕਰਦਿਆਂ ਟ੍ਰੈਫਿਕ ਇੰਚਾਰਜ ਏ.ਐੱਸ.ਆਈ. ਤਰਸੇਮ ਸਿੰਘ ਨੇ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਜ਼ਿਲ੍ਹੇ ਅੰਦਰ ਕਿਸੇ ਵੀ ਹਾਲਤ ਵਿਚ ਟ੍ਰੈਫਿਕ ਨਿਯਮਾਂ ਨੂੰ ਤੋੜਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿੰਮੇਵਾਰ ਨਾਗਰਿਕ ਬਣਨ, ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣ ਅਤੇ ਸੜਕੀ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਕੀਮਤੀ ਜਾਨਾਂ ਨੂੰ ਹਾਦਸਿਆਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਇਹ ਮੁਹਿੰਮ ਇਸੇ ਤਰ੍ਹਾਂ ਸਖ਼ਤੀ ਨਾਲ ਜਾਰੀ ਰਹੇਗੀ। ਇਸ ਮੌਕੇ ਏ.ਐਸ.ਆਈ. ਭਰਪੂਰ ਸਿੰਘ, ਸੀਨੀਅਰ ਸਿਪਾਹੀ ਸੁਖਵਿੰਦਰ ਸਿੰਘ, ਸੀਨੀਅਰ ਸਿਪਾਹੀ ਹਰਪ੍ਰੀਤ ਸਿੰਘ , ਸੀਨੀਅਰ ਸਿਪਾਹੀ ਜਸਵੰਤ ਸਿੰਘ ਆਦਿ ਹਾਜ਼ਰ ਸਨ।
