ਅਕਾਲ ਡਿਗਰੀ ਵੂਮੈਨ ਕਾਲਜ ’ਚ ਫੰਡਾਂ ਦੀ ਦੁਰਵਰਤੋਂ ਸਬੰਧੀ ਪੁਲਸ ਨੇ ਪ੍ਰੰਬਧਕ ਕਮੇਟੀ ਖ਼ਿਲਾਫ਼ ਕੀਤਾ ਮਾਮਲਾ ਦਰਜ

04/20/2022 11:17:27 AM

ਸੰਗਰੂਰ (ਵਿਵੇਕ ਸਿੰਧਵਾਨੀ,ਯਾਦਵਿੰਦਰ, ਬੇਦੀ) : ਰਿਆਸਤੀ ਸ਼ਹਿਰ ਸੰਗਰੂਰ ਦਾ ਅਕਾਲ ਡਿਗਰੀ ਵੂਮੈਨ ਕਾਲਜ ਪਿਛਲੇ ਲੰਮੇ ਸਮੇਂ ਤੋਂ ਸੁਰਖੀਆਂ ਵਿਚ ਹੈ ਤੇ ਹੁਣ ਇਸ ਕਾਲਜ ਦੀ ਮੈਨੇਜਮੈਂਟ ਖ਼ਿਲਾਫ਼ ਫੰਡਾਂ ਦੀ ਦੁਰਵਰਤੋਂ ਸਬੰਧੀ ਪੁਲਸ ਨੇ ਮਾਮਲਾ ਦਰਜ ਕਰ ਦਿੱਤਾ ਹੈ। ਦੱਸਣਯੋਗ ਹੈ ਸ਼ਹਿਰ ਦੇ ਸਮਾਜ ਸੇਵੀਆਂ ਵੱਲੋਂ ਵੱਖ-ਵੱਖ ਸਮਿਆਂ ’ਤੇ ਕਾਲਜ ’ਚ ਹੋ ਰਹੇ ਫੰਡਾਂ ਦੀ ਘਪਲੇਬਾਜ਼ੀ ਨੂੰ ਲੈ ਕੇ ਜਾਂਚ ਕਰਨ ਸਬੰਧੀ ਉੱਚ ਅਧਿਕਾਰੀਆਂ ਨੂੰ ਲਿਖਤੀ ਪੱਤਰ ਭੇਜੇ ਗਏ ਸਨ‌ ਤੇ ਹੁਣ ਨਾਮਵਰ ਅਕਾਲ ਡਿਗਰੀ ਕਾਲਜ ਫਾਰ ਵੂਮੈਨ ਦੀ ਮੈਨੇਜਮੈਂਟ ਕਮੇਟੀ ਦੇ ਖ਼ਿਲਾਫ਼ ਲੱਖਾਂ ਰੁਪਇਆਂ ਦਾ ਘਪਲਾ ਕਰਨ ਦੇ ਦੋਸ਼ ਤਹਿਤ ਅੱਜ ਸੰਗਰੂਰ ਪੁਲਸ ਨੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸੋਢਲ ਰੋਡ ’ਤੇ ਫਤਿਹ ਗੈਂਗ ਦੇ ਮੈਂਬਰਾਂ ਨੇ ਦਿਖਾਈ ਗੁੰਡਾਗਰਦੀ, ਪਿਸਤੌਲਾਂ ਲਹਿਰਾ ਕੇ ਕੀਤਾ ਗਾਲੀ-ਗਲੋਚ

ਜਾਣਕਾਰੀ ਦਿੰਦਿਆਂ ਜਾਂਚ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਸੰਗਰੂਰ ਦੇ ਅਕਾਲ ਡਿਗਰੀ ਕਾਲਜ ਫਾਰ ਵੂਮੈਨ ਦੀ ਪ੍ਰਬੰਧਕ ਕਮੇਟੀ ਵੱਲੋਂ ਗੈਰਕਾਨੂੰਨੀ ਢੰਗ ਨਾਲ ਧੱਕੇਸ਼ਾਹੀ ਅਤੇ ਫੰਡਾਂ ਦੀ ਦੁਰਵਰਤੋਂ ਕੀਤੀ ਗਈ ਸੀ। ਜਿਸ ਦੇ ਆਧਾਰ ’ਤੇ ਕਈ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸ਼ਿਕਾਇਤਾਂ ਭੇਜੀਆਂ ਗਈਆਂ ਅਤੇ ਪੰਜਾਬ ਸਰਕਾਰ ਵੱਲੋਂ ਇਕ ਜਾਂਚ ਪੜਤਾਲ ਕਮੇਟੀ ਦਾ ਗਠਨ ਕੀਤਾ ਗਿਆ ਸੀ। ਉੱਚ ਸਿੱਖਿਆ ਵਿਭਾਗ ਕੋਲ ਅਕਾਲ ਡਿਗਰੀ ਕਾਲਜ ਵੂਮੈਨ ਸੰਗਰੂਰ ਦੀ ਪ੍ਰਬੰਧਕੀ ਕਮੇਟੀ ਵੱਲੋਂ ਗੈਰਕਾਨੂੰਨੀ ਢੰਗ ਨਾਲ ਫੰਡਾਂ ਦੀ ਦੁਰਵਰਤੋਂ ਕਰਨ ਸਬੰਧੀ ਵੱਖ-ਵੱਖ ਸਮਾਜਸੇਵੀਆਂ ਵੱਲੋਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਜਿਸ ਦੇ ਆਧਾਰ ’ਤੇ ਸਰਕਾਰ ਨੇ 3 ਜੁਲਾਈ 2020 ਨੂੰ ਇਕ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ। ਜਿਸ ਨੇ ਕਾਲਜ ਪ੍ਰਬੰਧਕਾਂ ਤੋਂ ਜਾਂਚ ਪੜਤਾਲ ਕਰਨ ਉਪਰੰਤ ਪ੍ਰਬੰਧਕਾਂ ਵਿਰੁੱਧ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਹੈ ।ਜਾਂਚ ਕਮੇਟੀ ਨੇ ਅਕਾਲ ਡਿਗਰੀ ਕਾਲਜ ਵੂਮੈਨ ਦੀ ਪ੍ਰਬੰਧਕ ਕਮੇਟੀ ਦੇ ਖ਼ਿਲਾਫ਼ ਜਾਂਚ ਪੜਤਾਲ ਕਰਦਿਆਂ ਇਹ ਪਾਇਆ ਹੈ ਕਿ ਪ੍ਰਬੰਧਕਾਂ ਵੱਲੋਂ ਫੰਡਾਂ ਦੀ ਗੈਰਕਾਨੂੰਨੀ ਦੁਰਵਰਤੋਂ ਕੀਤੀ ਗਈ ਹੈ। ਜਾਂਚ ’ਚ ਇਹ ਵੀ ਪਾਇਆ ਗਿਆ ਹੈ ਕਿ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਵੱਲੋਂ 11,86,44,105 ਰੁਪਏ ਦਾ ਘਪਲਾ ਕੀਤਾ ਹੈ ।

ਇਹ ਵੀ ਪੜ੍ਹੋ : ਮਨੁੱਖੀ ਅਧਿਕਾਰਾਂ ਲਈ ਮੇਰੇ ਬੋਲਣ ਤੋਂ ਕੁਝ ਲੋਕਾਂ ਨੂੰ ਪ੍ਰੇਸ਼ਾਨੀ, ਲੱਭ ਰਹੇ ਮੁੱਦੇ : ਤਨਮਨਜੀਤ ਸਿੰਘ ਢੇਸੀ

ਮਾਮਲਾ ਦਰਜ ਹੋਣ ’ਤੇ ਮੁੜ ਚਰਚਾ ’ਚ ਆਇਆ ਕਾਲਜ

ਅਕਾਲ ਡਿਗਰੀ ਕਾਲਜ ਫਾਰ ਵੂਮੈਨ ਸੰਗਰੂਰ ਦੀ ਪ੍ਰਬੰਧਕ ਕਮੇਟੀ ਖਿਲਾਫ ਪੁਲਸ ਵੱਲੋਂ ਪਰਚਾ ਦਰਜ ਕਰਨ ਤੋਂ ਪਿੱਛੋ ਮਾਮਲੇ ਦੇ ਫਿਰ ਤੋਂ ਗਰਮਾ ਜਾਣ ਕਾਰਨ ਸੰਗਰੂਰ ਤੋਂ ਵਿਧਾਇਕਾ ਬੀਬਾ ਨਰਿੰਦਰ ਕੌਰ ਭਰਾਜ ਨੇ ਕਿਹਾ ਹੈ ਕਿ ਲੜਕੀਆਂ ਦਾ ਇਹ ਕਾਲਜ ਲੋਕਾਂ ਦੇ ਦਾਨ ਦੇ ਸਹਾਰੇ ਬਣਿਆ ਹੋਇਆ ਹੈ ਅਤੇ ਪੰਜਾਬ ਸਰਕਾਰ ਤੋਂ ਸਹਾਇਤਾ ਪ੍ਰਾਪਤ ਹੈ ਪਰ ਇਥੋਂ ਦੀ ਪ੍ਰਬੰਧਕ ਕਮੇਟੀ ਲੰਮੇ ਸਮੇਂ ਤੋਂ ਇਸ ਡਿਗਰੀ ਕਾਲਜ ਵਿਖੇ ਲੜਕੀਆਂ ਦੀਆਂ ਬੀ.ਏ. ਵਗੈਰਾ ਦੀਆਂ ਕਲਾਸਾਂ ਨੂੰ ਬੰਦ ਕਰ ਕੇ ਇਥੇ ਪ੍ਰੋਫੈਸ਼ਨਲ ਕੋਰਸ ਸ਼ੁਰੂ ਕਰ ਕੇ ਇਥੇ ਸਿੱਖਿਆ ਦਾ ਵਪਾਰ ਚਲਾਉਣਾ ਚਾਹੁੰਦੀ ਹੈ ਜਿਸ ਨੂੰ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਬਲਕਿ ਇਥੇ ਲੜਕੀਆਂ ਦੀ ਚਲ ਰਹੀ ਪੜ੍ਹਾਈ ਨੂੰ ਉਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ। ਵਿਧਾਇਕਾਬੀਬਾ ਭਰਾਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਤੋਂ ਪੂਰੀ ਤਰ੍ਹਾਂ ਵਾਕਿਫ ਹਨ ਅਤੇ ਇਥੇ ਲੋਕਾਂ ਦੀ ਰਾਇ ਦੇ ਓਲਟ ਕੁਝ ਵੀ ਨਹੀਂ ਹੋਣ ਦਿੱਤਾ ਜਾਵੇਗਾ।

PunjabKesari

 


Anuradha

Content Editor

Related News