ਹਸਪਤਾਲ ਚ ਦਾਖ਼ਲ ਪੁਲਸ ਹਿਰਾਸਤ ’ਚੋਂ ਫ਼ਰਾਰ ਹੋਏ ਹਵਾਲਾਤੀ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

12/19/2021 5:14:34 PM

ਫਿਰੋਜ਼ਪੁਰ (ਕੁਮਾਰ) : ਥਾਣਾ ਫਿਰੋਜ਼ਪੁਰ ਸ਼ਹਿਰ ਦੀ ਪੁਲਸ ਨੇ ਸਿਵਲ ਹਸਪਤਾਲ ਤੋਂ ਫਰਾਰ ਹੋਏ ਹਵਾਲਾਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਜੇਲ੍ਹ ਵਿੱਚ ਬੰਦ ਹਵਾਲਾਤੀ ਸੁਮਿਤ ਉਰਫ਼ ਹਨੂਮਾਨ ਵਾਸੀ ਪਿੰਡ ਸੰਧੂ ਨਗਰ ਕੰਧਵਾਲਾ ਰੋਡ, ਅਬੋਹਰ ਜ਼ਿਲ੍ਹਾ ਫ਼ਾਜ਼ਿਲਕਾ ਨੂੰ ਜੇਲ ਦੇ ਮੈਡੀਕਲ ਅਫ਼ਸਰ ਨੇ ਉਸਦੀ ਬਾਂਹ ’ਤੇ ਹੋਏ ਜ਼ਖ਼ਮਾਂ ਦੀ ਸਰਜਰੀ ਲਈ 08 ਨਵੰਬਰ 2021 ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਭੇਜਿਆ ਸੀ, ਜੋ ਜ਼ੇਰੇ ਇਲਾਜ ਸੀ ਅਤੇ 16 ਦਸੰਬਰ ਨੂੰ ਸਵੇਰੇ 8:30 ਵਜੇ ਬਾਥਰੂਮ ਜਾਣ ਦੇ ਬਹਾਨੇ ਡਿਊਟੀ ’ਤੇ ਤਾਇਨਾਤ ਗਾਰਦ ਵਾਰਡਰ ਨੂੰ ਚਕਮਾ ਦੇ ਕੇ ਪੁਲਸ ਹਿਰਾਸਤ ਵਿੱਚੋਂ ਫ਼ਰਾਰ ਹੋ ਗਿਆ।

ਜੇਲ ਵਾਰਡਰ ਕਰਮਚਾਰੀ ਨੇ ਰੌਲਾ ਪਾਇਆ ਅਤੇ ਜੇਲ੍ਹ ਕੰਟਰੋਲ ਰੂਮ ’ਤੇ ਸੂਚਿਤ ਕੀਤਾ, ਜੋ ਸੁਪਰਡੈਂਟ ਦੇ ਆਦੇਸ਼ਾਂ ਅਨੁਸਾਰ ਹਵਾਲਾਤੀ ਸੁਮਿਤ ਦੀ ਰੇਲਵੇ ਸਟੇਸ਼ਨ, ਬੱਸ ਅੱਡਾ ਅਤੇ ਹਸਪਤਾਲ ਦੇ ਆਸਪਾਸ ਤਲਾਸ਼ੀ ਕੀਤੀ ਗਈ ਅਤੇ ਕਰੀਬ 10 ਵਜੇ ਉਸਨੂੰ ਬਸਤੀ ਭੱਟੀਆਂ ਵਾਲੀ ਨੇੜੇ ਰੇਲਵੇ ਸਟੇਸ਼ਨ ਤੋਂ ਕਾਬੂ ਕਰ ਲਿਆ ਅਤੇ ਉਸਨੂੰ ਫਿਰ ਤੋਂ ਸਿਵਲ ਹਸਪਤਾਲ ਫਿਰੋਜ਼ਪੁਰ ’ਚ ਦਾਖ਼ਲ ਕਰਵਾ ਦਿੱਤਾ ਗਿਆ ਹੈ।


Gurminder Singh

Content Editor

Related News