ਪੁਲਸ ਦੀ ਗੁਪਤ ਆਪ੍ਰੇਸ਼ਨ ਮੁਹਿੰਮ ਨੇ ਨਸ਼ਾ ਤਸਕਰਾਂ ਨੂੰ ਪਾਈਆਂ ਭਾਜੜਾਂ

06/27/2019 3:33:52 PM

ਬਾਘਾਪੁਰਾਣਾ (ਚਟਾਨੀ)—ਨਸ਼ਾ ਤਸਕਰਾਂ ਦੇ ਜਾਲ ਨੂੰ ਤਾਰ-ਤਾਰ ਕਰ ਸੁੱਟਣ ਲਈ ਬਾਘਾਪੁਰਾਣਾ ਪੁਲਸ ਨੇ ਡੀ. ਐੱਸ. ਪੀ. ਜਸਪਾਲ ਸਿੰਘ ਧਾਮੀ ਦੀ ਅਗਵਾਈ ਹੇਠ ਨਿਵੇਕਲੀ ਵਿਉਂਤ ਬਣਾ ਲਈ ਹੈ। ਭਾਵੇਂ ਡੀ. ਐੱਸ. ਪੀ. ਦੀ ਤਿਰਛੀ ਨਜ਼ਰ ਅਤੇ ਸਖਤੀ ਵਾਲੇ ਰੌਂਅ ਸਦਕਾ ਇਸ ਇਲਾਕੇ ਦੇ ਤਸਕਰ ਅੱਖ 'ਚ ਪਾਏ ਨਹੀਂ ਰੜਕਦੇ ਪਰ ਕੈਪਟਨ ਦੀ ਸਖਤੀ ਨੂੰ ਭਾਪਦਿਆਂ ਪੁਲਸ ਅਮਲਾ ਹੁਣ ਇਸ ਅਲਾਮਤ ਦੀ ਪੈੜ ਨੱਪਣ ਲਈ ਹੋਰ ਵੀ ਸਰਗਰਮ ਹੋ ਗਿਆ ਹੈ। ਸ਼ਹਿਰ ਦੇ ਅਜਿਹੇ ਅੱਡੇ ਜੋ ਨਸ਼ੇ ਵਾਲੇ ਪਦਾਰਥਾਂ ਦੀ ਵੇਚ ਲਈ ਜਾਣੇ ਜਾਂਦੇ ਹਨ, ਉਪਰ ਪੁਲਸ ਦੀ ਦਿਨ-ਰਾਤ ਦੀ ਵਿਸ਼ੇਸ਼ ਗਸ਼ਤ ਕਾਰਨ ਸੁੰਨ-ਅਸੁੰਨ ਹੋਏ ਪਏ ਹਨ। ਪਿੰਡਾਂ ਦੀਆਂ ਕਈਆਂ ਬਸਤੀਆਂ ਅਤੇ ਬੇਅਬਾਦ ਥਾਵਾਂ ਉਪਰ ਵੀ ਥਾਣਿਆਂ ਅਤੇ ਚੌਂਕੀਆਂ ਦੇ ਪੁਲਸ ਅਮਲੇ ਦੀਆਂ ਧਾੜਾਂ ਨੇ ਤਸਕਰਾਂ ਦੇ ਹੀ ਨਹੀਂ ਸਗੋਂ ਨਸ਼ੇੜੀਆਂ ਦੇ ਵੀ ਹੱਥ ਖੜੇ ਕਰਵਾ ਦਿੱਤੇ ਹਨ।

ਡੀ. ਐੱਸ. ਪੀ. ਜਸਪਾਲ ਸਿੰਘ ਧਾਮੀ ਨੇ ਦੱਸਿਆ ਕਿ ਭਾਵੇਂ ਪੁਲਸ ਆਪਣੇ ਗੁਪਤ ਮਿਸ਼ਨ ਸਬੰਧੀ ਕਿਸੇ ਵੀ ਕਿਸਮ ਦਾ ਖੁਲਾਸਾ ਆਪਣੇ ਦਫਤਰ ਤੋਂ ਬਾਹਰ ਹਰਗਿਜ਼ ਜਾਹਿਰ ਨਹੀਂ ਹੋਣ ਦਿੰਦੀ ਪਰ ਪ੍ਰੈੱਸ ਰਾਹੀਂ ਪਬਲਿਕ ਤੱਕ ਆਪਣਾ ਇਹ ਸੰਦੇਸ਼ ਜ਼ਰੂਰ ਦੇਣਾ ਚਾਹੁੰਦੀ ਹੈ ਕਿ ਸਾਦੇ ਕੱਪੜਿਆਂ ਵਾਲੇ ਮੁਲਾਜ਼ਮ ਹੁਣ ਟੇਢੀ ਉਂਗਲ ਨਾਲ ਮਕਸਦ ਦੀ ਪੂਰਤੀ ਲਈ ਕੋਈ ਵੀ ਮੌਕਾ ਹੱਥੋਂ ਨਹੀਂ ਗੁਆਉਣਗੇ। ਪੁਲਸ ਅਧਿਕਾਰੀ ਨੇ ਆਮ ਲੋਕਾਂ ਅਤੇ ਪੀੜਤ ਮਾਪਿਆਂ ਨੂੰ ਅਰਜੋਈ ਕੀਤੀ ਕਿ ਉਹ ਨਸ਼ਾ ਵੇਚਣ ਅਤੇ ਨਸ਼ਾ ਕਰਨ ਵਾਲਿਆਂ ਦੀ ਸੂਹ ਪੁਲਸ ਤੱਕ ਪੁੱਜਦੀ ਕਰ ਕੇ ਨਾ ਸਿਰਫ ਪੁਲਸ ਦੇ ਹੀ ਸਗੋਂ ਸਮਾਜ ਦੇ ਮੱਦਦਗਾਰ ਬਣਨ। ਡੀ. ਐੱਸ. ਪੀ. ਨੇ ਇਹ ਗੱਲ ਪੂਰਨ ਦਾਅਵੇ ਨਾਲ ਮੁੜ ਮੁੜ ਦੁਹਰਾਈ ਕਿ ਸੂਚਨਾ ਦੇਣ ਵਾਲੇ ਵਿਅਕਤੀ ਦੇ ਨਾਂ ਜਾਂ ਕਿਸੇ ਵੀ ਹੋਰ ਪਹਿਚਾਣ ਦੀ ਭਿਣਕ ਉਹ ਆਪਣੇ ਅਮਲ ਤੱਕ ਵੀ ਨਸ਼ਰ ਨਹੀਂ ਕਰਨਗੇ।
ਓਧਰ ਸਮਾਜ ਸੇਵਾਂ 'ਚ ਜੁਟੇ ਉਦਮੀਆਂ ਨੇ ਕਿਹਾ ਕਿ ਉਹ ਸਮਾਜ ਨੂੰ ਖੋਖਲਾ ਕਰ ਕੇ ਸੁੱਟੀ ਆ ਰਹੀ ਨਸ਼ੇ ਦੀ ਅਲਾਮਤ ਖਿਲਾਫ ਘੋਲ ਵਿੱਢਣ ਨੂੰ ਤਿਆਰ-ਬਰ-ਤਿਆਰ ਬੈਠੇ ਹਨ। ਬੇਸ਼ਰਤੇ ਕਿ ਪੁਲਸ ਵੀ ਇਸ ਨਾਮੁਰਾਦ ਬੀਮਾਰੀ ਖਿਲਾਫ ਰਹਿਣੀ ਅਤੇ ਕਥਨੀ 'ਚ ਕੋਈ ਫਰਕ ਨਾ ਰਹਿਣ ਦੇਵੇ। ਉਘੇ ਸਮਾਜ ਸੇਵੀਆਂ ਅਨੂੰ ਮਿੱਤਲ, ਨਰ ਸਿੰਘ ਬਰਾੜ, ਵਿਕਾਸ ਸੇਤੀਆ, ਰਮਨ ਅਰੋੜਾ ਅਤੇ ਜਗਸੀਰ ਕਾਲੇਕੇ ਹੁਰਾਂ ਨੇ ਪੁਲਸ ਦੀ ਸਖਤੀ ਨੂੰ ਇਸ ਪਾਸੇ ਵੱਲ ਇਕ ਉਸਾਰੂ ਕਦਮ ਦੱਸਦਿਆਂ ਪੁਲਸ ਨੂੰ ਹਰ ਸੰਭਵ ਸਹਿਯੋਗ ਦੇਣ ਦੀ ਗੱਲ ਆਖੀ।
''ਨਰ ਸਿੰਘ ਬਰਾੜ (ਐਡਵੋਕੇਟ) ਦਾ ਕਹਿਣਾ ਹੈ ਕਿ ਨਸ਼ਿਆਂ ਨੇ ਕਈ ਘਰਾਂ 'ਚ ਸੱਥਰ ਵਿਛਾ ਸੁੱਟੇ ਹਨ ਅਤੇ ਇਸ ਅਲਾਮਤ ਦੀ ਦਿਨ-ਬ-ਦਿਨ ਮਜ਼ਬੂਤ ਹੁੰਦੀ ਜਕੜ ਨੇ ਮਾਪਿਆਂ ਲਈ ਚਿੰਤਾ ਅਤੇ ਨਮੋਸ਼ੀ ਦੇ ਪਹਾੜ ਖੜੇ ਕਰ ਦਿੱਤੇ ਹਨ। ਅਜਿਹੀ ਵੱਡੀ ਚੁਣੌਤੀ ਨਾਲ ਦੋ ਹੱਥ ਕਰਨ ਵਾਸਤੇ ਸਰਬ ਸਾਂਝੇ ਹੰਭਲੇ ਦੀ ਹੁਣ ਸਖਤ ਲੋੜ ਹੈ, ਜਿਸ 'ਚ ਦੇਰੀ ਹਰਗਿਜ਼ ਨਹੀਂ ਹੋਣੀ ਚਾਹੀਦੀ।

''ਨਗਰ ਕੌਂਸਲ ਪ੍ਰਧਾਨ ਅਨੂੰ ਮਿੱਤਲ ਅਨੁਸਾਰ ਸਮਾਜਕ ਅਲਾਮਤਾਂ ਸਮਾਜ ਦੇ ਦੋਖੀ ਹਿੱਸੇ ਦੇ ਘਿਨੋਣੇ ਅਤੇ ਸਵਾਰਥੀ ਕਾਰਿਆਂ ਦੀ ਦੇਣ ਹਨ ਅਤੇ ਅਜਿਹੀਆਂ ਅਲਾਮਤਾਂ ਨਾਲ ਸਮਾਜ ਹਿਤੈਸ਼ੀ ਲੋਕ ਹੀ ਸਾਗਗਾਰ ਢੰਗ ਨਾਲ ਦੋ ਹੱਥ ਕਰ ਸਕਦੇ ਹਨ। ਅਜਿਹੀ ਕੋਈ ਵੀ ਚੁਣੌਤੀ ਉਦਮੀ ਲੋਕਾਂ ਮੂਹਰੇ ਬਹੁਤਾ ਸਮਾਂ ਖੜ੍ਹੀ ਨਹੀਂ ਰਹਿ ਸਕਦੀ।

''ਬਲੱਡ ਡੋਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਸੇਤੀਆ ਨੇ ਕਿਹਾ ਕਿ ਰਗ-ਰਗ 'ਚ ਸਮਾਂ ਚੁੱਕਾ ਨਸ਼ੇ ਦਾ ਮੂਲ ਕਾਰਨ ਇਹੀ ਹੈ ਕਿ ਇਸ ਨੂੰ ਸ਼ੁਰੂਆਤ ਮੌਕੇ ਗੰਭੀਰਤਾ ਨਾਲ ਨਹੀਂ ਲਿਆ ਜੇਕਰ ਅਜਿਹੀਆਂ ਅਲਾਮਤਾਂ ਨੂੰ ਸਿਰ ਚੁੱਕਦੇ ਸਾਰ ਹੀ ਮਧੋਲ ਲਿਆ ਜਾਵੇ ਤਾਂ ਸੌਖੇ ਤਰੀਕੇ ਨਾਲ ਹੱਲ ਹੋ ਜਾਂਦਾ ਹੈ। ਹੁਣ ਵੀ ਇਸ ਖਿਲਾਫ ਸਾਰੀ ਜ਼ਿੰਮੇਵਾਰੀ ਪੁਲਸ ਅਤੇ ਸਿਵਲ ਪ੍ਰਸ਼ਾਸਨ ਉਪਰ ਨਾ ਸੁੱਟੀ ਜਾਵੇ। ਸਗੋਂ ਸਾਰੇ ਲੋਕ ਮਿਲ ਕੇ ਇਸ ਖਿਲਾਫ ਘੋਲ ਤੇਜ ਕਰਨ।


Shyna

Content Editor

Related News