PAU ਨੇ ਫ਼ਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਲਈ ਸੂਖਮ ਤਕਨੀਕਾਂ ਬਾਰੇ ਦਿੱਤੀ ਆਨਲਾਈਨ ਸਿਖਲਾਈ

11/25/2020 9:38:55 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਫ਼ਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਲਈ ਸੂਖਮ ਤਕਨੀਕਾਂ ਬਾਰੇ ਦੋ ਰੋਜ਼ਾ ਆਨਲਾਈਨ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਸ ਕੋਰਸ ਵਿੱਚ 19 ਦੇ ਕਰੀਬ ਖੇਤੀ, ਬਾਗਬਾਨੀ ਅਤੇ ਭੂਮੀ ਸੰਭਾਲ ਅਧਿਕਾਰੀਆਂ ਤੋਂ ਇਲਾਵਾ ਪੀ.ਏ.ਯੂ. ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਇਸ ਕੋਰਸ ਦੀ ਰੂਪਰੇਖਾ ਇਸ ਤਰੀਕੇ ਨਾਲ ਤਿਆਰ ਕੀਤੀ ਗਈ ਸੀ ਕਿ ਸਿਖਿਆਰਥੀਆਂ ਨੂੰ ਵਿਸ਼ੇ ਦਾ ਨਵੀਨ ਗਿਆਨ ਹਾਸਲ ਹੋ ਸਕੇ।

ਕੋਰਸ ਦੇ ਕੁਆਰਡੀਨੇਟਰ ਅਤੇ ਪਸਾਰ ਮਾਹਿਰ ਡਾ. ਕਿਰਨ ਗਰੋਵਰ ਨੇ ਵਿਸ਼ੇ ਉਪਰ ਚਾਨਣਾ ਪਾਉਂਦਿਆਂ ਦੱਸਿਆ ਕਿ ਬਦਲਦੇ ਜਲਵਾਯੂ ਅਤੇ ਭੋਜਨ ਸੁਰੱਖਿਆ ਦੇ ਹਿਸਾਬ ਨਾਲ ਖੇਤੀ ਕਾਢਾਂ ਨੂੰ ਲਾਗੂ ਕਰਨਾ ਅੱਜ ਦੇ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਸੂਖਮ ਖੇਤੀ ਨੂੰ ਇਸ ਉਦੇਸ਼ ਲਈ ਸਭ ਤੋਂ ਅਹਿਮ ਬਦਲ ਕਿਹਾ। ਫਾਰਮ ਮਸ਼ੀਨਰੀ ਅਤੇ ਪਸਾਰ ਮਾਹਿਰ ਡਾ. ਮਹੇਸ਼ ਨਾਰੰਗ ਨੇ ਬਾਗਬਾਨੀ ਫ਼ਸਲਾਂ ਲਈ ਵਰਤੋਂ ਵਿੱਚ ਆਉਣ ਵਾਲੀ ਮਸ਼ੀਨਰੀ ਨਾਲ ਜਾਣ-ਪਛਾਣ ਕਰਾਈ । ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ ਨੇ ਸੂਖਮ ਖੇਤੀ ਲਈ ਲੋੜੀਂਦੇ ਨਜ਼ਰੀਏ ਬਾਰੇ ਭਰਪੂਰ ਜਾਣਕਾਰੀ ਦਿੱਤੀ।

ਭੂਮੀ ਅਤੇ ਪਾਣੀ ਇੰਜਨੀਅਰਿੰਗ ਦੇ ਮਾਹਿਰ ਡਾ. ਰਾਕੇਸ਼ ਸ਼ਾਰਦਾ ਨੇ ਸੂਖਮ ਸਿੰਚਾਈ ਅਤੇ ਪੌਲੀਨੈਟ ਹਾਊਸ ਤਕਨਾਲੋਜੀ ਸੰਬੰਧੀ ਵਿਸਥਾਰ ਨਾਲ ਚਾਨਣਾ ਪਾਇਆ। ਡਾ. ਨਿਰਲੇਸ਼ ਬਿਲਵਾਰਕਰ ਨੇ ਸੁਰੱਖਿਅਤ ਖੇਤੀ, ਗਰੀਨ ਹਾਊਸ ਅਤੇ ਨੀਵੀਂ ਸੁਰੰਗ ਤਕਨੀਕ ਦੀ ਬਾਗਬਾਨੀ ਫ਼ਸਲਾਂ ਲਈ ਜ਼ਰੂਰਤ ਬਾਰੇ ਆਪਣੇ ਵਿਚਾਰ ਰੱਖੇ । ਡਾ. ਕਿਰਨ ਗਰੋਵਰ ਨੇ ਮਾਹਿਰਾਂ ਦੇ ਪੈਨਲ ਦਾ ਧੰਨਵਾਦ ਕਰਦਿਆਂ ਇਸ ਸਿਖਲਾਈ ਕੋਰਸ ਨੂੰ ਬੇਹੱਦ ਲਾਹੇਵੰਦ ਕਿਹਾ ।
  


rajwinder kaur

Content Editor

Related News