ਪਟਿਆਲਾ ਸਰਕਾਰੀ ਹਸਪਤਾਲ ਦੀ ਵੱਡੀ ਲਾਪਰਵਾਹੀ, ਮ੍ਰਿਤਕਾਂ ਦੀਆਂ ਬਦਲੀਆਂ ਲਾਸ਼ਾਂ
Wednesday, Feb 12, 2020 - 05:53 PM (IST)

ਪਟਿਆਲਾ (ਬਖਸ਼ੀ): ਪਟਿਆਲਾ ਦੇ ਸਰਕਾਰੀ ਹਸਪਤਾਲ 'ਚ ਲਾਸ਼ਾਂ ਦੇ ਬਦਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਦੱਸਦੇ ਹੋਏ ਉਨ੍ਹਾਂ 'ਤੇ ਗੰਭੀਰ ਦੋਸ਼ ਲਗਾਏ ਹਨ। ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸੰਗਰੂਰ ਸਿਟੀ ਵਨ ਏ.ਐੱਸ.ਆਈ.ਜਸਬੀਰ ਸਿੰਘ ਨੇ ਦੱਸਿਆ ਕਿ ਫੌਜੀ ਸਿੰਘ ਨਾਮਕ ਵਿਅਕਤੀ ਦੀ ਜ਼ਹਿਰ ਖਾਣ ਦੇ ਕਾਰਨ ਮੌਤ ਹੋ ਗਈ ਸੀ, ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਲਿਆਇਆ ਗਿਆ ਸੀ। ਪੋਸਟਮਾਰਟਮ ਹੋਣ ਦੇ ਬਾਅਦ ਜਦੋਂ ਉਸ ਦੇ ਪਰਿਵਾਰ ਵਾਲਿਆਂ ਨੂੰ ਲਾਸ਼ ਸੌਂਪੀ ਗਈ ਤਾਂ ਉਹ ਕਿਸੇ ਹੋਰ ਦੀ ਸੀ। ਜਾਂਚ-ਪੜਤਾਲ ਦੇ ਬਾਅਦ ਪਤਾ ਚੱਲਿਆ ਕਿ ਉਹ ਲਾਸ਼ ਯੂ.ਪੀ.ਦੇ ਗੋਂਡਾ ਜ਼ਿਲੇ ਦੇ ਕੁਝ ਵਿਅਕਤੀ ਗਲਤੀ ਨਾਲ ਆਪਣੇ ਨਾਲ ਲੈ ਗਏ ਹਨ।
ਜਸਬੀਰ ਸਿੰਘ ਮੁਤਾਬਕ ਉਨ੍ਹਾਂ ਨਾਲ ਗੱਲਬਾਤ ਹੋ ਗਈ ਹੈ ਅਤੇ ਉਹ ਲਾਸ਼ ਵਾਪਸ ਲੈ ਕੇ ਆ ਰਹੇ ਹਨ। ਦੂਜੇ ਪਾਸੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਸਿੱਧੇ-ਸਿੱਧੇ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਹੈ। ਸਾਨੂੰ ਨਹੀਂ ਪਤਾ ਕਿ ਇਹ ਸਭ ਕਿਵੇਂ ਹੋਇਆ। ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਅਜਿਹਾ ਮਾਮਲਾ ਪਹਿਲਾਂ ਵੀ ਹੋ ਚੁੱਕਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਨਹੀਂ ਪਤਾ ਕਿ ਬਾਡੀ ਨਾਲ ਕਿਸ ਤਰ੍ਹਾਂ ਛੇੜਛਾੜ ਕੀਤੀ ਗਈ ਹੈ। ਪਰਿਵਾਰ ਵਾਲਿਆਂ 'ਚ ਹਸਪਤਾਲ ਪ੍ਰਸ਼ਾਸਨ ਦੇ ਖਿਲਾਫ ਮਾਮਲਾ ਦਰਜ ਕਰਵਾਉਣ ਦੀ ਗੱਲ ਵੀ ਕਹੀ ਹੈ।