ਮਿਡ-ਡੇ ਮੀਲ ਵਰਕਰਾਂ ਨੇ ਫੂਕਿਆ ਵਿੱਤ ਮੰਤਰੀ ਦਾ ਪੁਤਲਾ

12/14/2019 5:31:50 PM

ਪਟਿਆਲਾ (ਜੋਸਨ) : ਸੀ. ਐੱਮ. ਦੇ ਸ਼ਹਿਰ ਵਿਚ ਅੱਜ ਸਥਾਨਕ ਨਹਿਰੂ ਪਾਰਕ ਵਿਖੇ ਮਿਡ-ਡੇ ਮੀਲ ਵਰਕਰਾਂ ਵਲੋਂ ਆਪਣੀਆਂ ਮੰਗਾਂ ਸਬੰਧੀ ਵਿੱਤ ਮੰਤਰੀ ਪੰਜਾਬ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਇਸ ਉਪਰੰਤ ਬੱਸ ਸਟੈਂਡ ਦੇ ਸਾਹਮਣੇ ਖਜ਼ਾਨਾ ਮੰਤਰੀ ਦਾ ਪੁਤਲਾ ਫੂਕਿਆ ਗਿਆ।

ਇਸ ਮੌਕੇ ਜ਼ਿਲਾ ਪ੍ਰਧਾਨ ਪਿੰਕੀ ਰਾਣੀ ਨੇ ਕਿਹਾ ਕਿ ਸਰਕਾਰ ਵੱਲੋਂ ਮਿਡ-ਡੇ ਮੀਲ ਵਰਕਰਾਂ ਦਾ ਸ਼ੋਸ਼ਣ ਲਗਾਤਾਰ ਜਾਰੀ ਹੈ। 12 ਮਹੀਨੇ ਕੰਮ ਕਰਨ ਤੋਂ ਬਾਅਦ ਸਿਰਫ 10 ਮਹੀਨੇ ਹੀ ਤਨਖਾਹ ਦਿੱਤੀ ਜਾਂਦੀ ਹੈ ਅਤੇ ਤਨਖਾਹ ਦੇ ਨਾਂ 'ਤੇ ਵੀ ਸਰਕਾਰ ਵੱਲੋਂ ਕੋਝਾ ਮਜ਼ਾਕ ਕੀਤਾ ਜਾਂਦਾ ਹੈ। ਮਿਡ-ਡੇ ਮੀਲ ਵਰਕਰਾਂ ਨੂੰ ਸਾਰਾ ਦਿਨ ਸਕੂਲ ਵਿਚ ਕੰਮ ਕਰਨ ਤੋਂ ਬਾਅਦ ਸਿਰਫ 1700 ਰੁਪਏ ਮਹੀਨਾ ਤਨਖਾਹ ਨਸੀਬ ਹੁੰਦੀ ਹੈ। ਲੰਬੇ ਅਰਸੇ ਤੋਂ ਕੀਤੇ ਜਾ ਰਹੇ ਸੰਘਰਸ਼ ਸਦਕਾ ਸਿੱਖਿਆ ਵਿਭਾਗ ਵੱਲੋਂ ਵਰਕਰਾਂ ਦੀ ਤਨਖਾਹ ਦੇ ਵਾਧੇ ਸਬੰਧੀ ਪ੍ਰਪੋਜ਼ਲ ਵਿੱਤ ਵਿਭਾਗ ਨੂੰ ਭੇਜਿਆ ਗਿਆ ਸੀ, ਜੋ ਕਿ ਵਿੱਤ ਮੰਤਰੀ ਵਲੋਂ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਬਣਾ ਕੇ ਰੋਕ ਲਾ ਦਿੱਤੀ ਹੈ। ਇਸ ਦੇ ਖਿਲਾਫ ਵਰਕਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਪੰਜਾਬ ਦੇ ਹਰੇਕ ਜ਼ਿਲੇ ਵਿਚ ਅਰਥੀ ਫੂਕ ਮੁਜ਼ਾਹਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 19 ਜਨਵਰੀ ਨੂੰ ਪੰਜਾਬ ਭਰ ਤੋਂ ਹਜ਼ਾਰਾਂ ਮਿਡ-ਡੇ ਮੀਲ ਵਰਕਰ ਵਿੱਤ ਮੰਤਰੀ ਦੇ ਹਲਕੇ ਵਿਚ ਸੂਬਾ ਪੱਧਰੀ ਰੈਲੀ ਕਰ ਕੇ ਰੋਸ ਜ਼ਾਹਰ ਕਰਨਗੇ।

ਡੀ. ਐੱਮ. ਐੱਫ. ਆਗੂ ਪ੍ਰਵੀਨ ਜੋਗੀਪੁਰ ਤੇ ਗੁਰਜੀਤ ਘੱਗਾ ਨੇ ਮੰਗ ਰੱਖੀ ਕੇ ਮਿਡ-ਡੇ ਮੀਲ ਅਤੇ ਪਾਰਟਟਾਈਮ ਸਫਾਈ ਵਰਕਰਾਂ ਨੂੰ ਘੱਟੋ-ਘੱਟ ਉਜਰਤਾਂ ਦੇ ਕਾਨੂੰਨ ਹੇਠ ਲਿਆ ਕੇ ਪ੍ਰਤੀ ਮਹੀਨਾ ਘੱਟੋ-ਘੱਟ 8403 ਰੁਪਏ ਅਤੇ 7623 ਰੁਪਏ ਤਨਖਾਹ ਦਿੱਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਜੋ ਮਿਡ-ਡੇ ਮੀਲ ਵਰਕਰ 10 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਹਨ, ਉਨ੍ਹਾਂ ਨੂੰ ਸਿੱਖਿਆ ਵਿਭਾਗ ਦੇ ਮੁਲਾਜ਼ਮ ਮੰਨ ਕੇ ਪੱਕਾ ਕੀਤਾ ਜਾਵੇ।


cherry

Content Editor

Related News