ਇੰਗਲੈਂਡ ਦੀ ਮਹਿਲਾ ਟੀਮ ਨੇ ਵਨ ਡੇ ’ਚ ਨਿਊਜ਼ੀਲੈਂਡ ਨੂੰ 56 ਦੌੜਾਂ ਨਾਲ ਹਰਾਇਆ
Thursday, Apr 04, 2024 - 09:14 PM (IST)
ਹੈਮਿਲਟਨ- ਟੈਮੀ ਬਿਊਮੋਂਟ ਦੀ 81 ਦੌੜਾਂ ਦੀ ਸ਼ਾਨਦਾਰ ਪਾਰੀ ਅਤੇ ਉਸ ਤੋਂ ਬਾਅਦ ਨੈੱਟ ਸਾਈਵਰ-ਬਰੰਟ ਦੀ ਖਤਰਨਾਕ ਗੇਂਦਬਾਜ਼ੀ ਦੇ ਦਮ ’ਤੇ ਇੰਗਲੈਂਡ ਦੀ ਮਹਿਲਾ ਟੀਮ ਨੇ ਵੀਰਵਾਰ ਨੂੰ ਆਈ. ਸੀ. ਸੀ. ਮਹਿਲਾ ਚੈਂਪੀਅਨਸ਼ਿਪ ਦੇ ਦੂਸਰੇ ਵਨ ਡੇ ਮੁਕਾਬਲੇ ’ਚ ਨਿਊਜ਼ੀਲੈਂਡ ਨੂੰ 56 ਦੌੜਾਂ ਨਾਲ ਹਰਾ ਦਿੱਤਾ।
253 ਦੌੜਾਂ ਦੇ ਟੀਚੇ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਮਹਿਲਾ ਟੀਮ ਨੇ ਆਪਣੀਆਂ ਸ਼ੁਰੂਆਤੀ 4 ਵਿਕਟਾਂ 66 ਦੌੜਾਂ ਦੇ ਸਕੋਰ ’ਤੇ ਗੁਆ ਦਿੱਤੀਆਂ ਸਨ। ਜਾਰਜੀਆ ਪਲੀਮਰ 7 ਦੌੜਾਂ, ਸੁਜੀ ਬੇਟਸ 28 ਦੌੜਾਂ, ਅਮੇਲੀਆ ਕੇਰ 14 ਦੌੜਾਂ ਅਤੇ ਮੈਡੀ ਗ੍ਰੀਨ 7 ਦੌੜਾਂ ਬਣਾ ਕੇ ਆਊਟ ਹੋਈਆਂ। ਇਕ ਸਮੇਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਨਿਊਜ਼ੀਲੈਂਡ ਟੀਮ ਦੀ ਜਲਦ ਹੀ ਸਿਮਟ ਜਾਵੇਗੀ।
ਇਸ ਤਰ੍ਹਾਂ ਦੇ ਸੰਕਟ ਦੇ ਸਮੇਂ ਬਰੂਕ ਹਾਲੀਡੇ ਅਤੇ ਇਸਾਬੇਲਾ ਗਾਜੇ ਨੇ ਪਾਰੀ ਨੂੰ ਸੰਭਾਲਿਆ। ਦੋਵਾਂ ਵਿਚਾਲੇ 5ਵੀਂ ਵਿਕਟ ਲਈ 100 ਦੌੜਾਂ ਦੀ ਸਾਂਝੇਦਾਰੀ ਹੋਈ। ਇਸਾਬੇਲਾ ਗਾਜੇ 47 ਦੌੜਾਂ ’ਤੇ ਆਊਟ ਹੋਈ। ਉੱਥੇ ਹੀ ਬਰੂਕ ਹਾਲੀਡੇ ਨੇ ਟੀਮ ਲਈ ਸਭ ਤੋਂ ਵਧ 57 ਦੌੜਾਂ ਦੀ ਪਾਰੀ ਖੇਡੀ। ਹੰਨਾ ਰੋਵਾ 16 ਦੌੜਾਂ ਬਣਾ ਕੇ ਆਊਟ ਹੋਈ। ਉਸ ਤੋਂ ਬਾਅਦ ਨਿਊਜ਼ੀਲੈਂਡ ਦੀ ਕੋਈ ਵੀ ਬੱਲੇਬਾਜ਼ ਪਿੱਚ ’ਤੇ ਨਹੀਂ ਟਿਕ ਸਕੀ ਅਤੇ ਪੂਰੀ ਟੀਮ 45 ਓਵਰਾਂ ’ਚ 196 ਦੌੜਾਂ ਹੀ ਬਣਾ ਸਕੀ ਅਤੇ ਉਸ ਨੂੰ 56 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇੰਗਲੈਂਡ ਵੱਲੋਂ ਨੈੱਟ ਸਾਈਵਰ-ਬਰੰਟ ਨੇ 3 ਵਿਕਟਾਂ ਲਈਆਂ। ਕੇਟ ਕ੍ਰਾਸ, ਲਾਰੇਨ ਬੇਲ, ਸੋਫੀ ਏਲੈਕਸਟੋਨ ਅਤੇ ਚਾਰਲੀ ਡੀਨ ਨੇ 1-1 ਬੱਲੇਬਾਜ਼ ਨੂੰ ਆਊਟ ਕੀਤਾ।
ਇਸ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਦੀ ਟੈਮੀ ਬਿਊਮੋਂਟ ਅਤੇ ਮੇਯਾ ਬਾਊਚਰ ਦੀ ਸਲਾਮੀ ਜੋੜੀ ਨੇ ਪਹਿਲੀ ਵਿਕਟ ਲਈ 37 ਦੌੜਾਂ ਬਣਾਈਆਂ। ਬਾਊਚਰ 20 ਦੌੜਾਂ ਬਣਾ ਕੇ ਆਊਟ ਹੋਈ। ਉਸ ਤੋਂ ਬਾਅਦ ਕਪਤਾਨ ਹੀਦਰ ਨਾਈਟ ਨੇ ਪਾਰੀ ਨੂੰ ਸੰਭਾਲਿਆ ਅਤੇ ਬਿਊਮੋਂਟ ਨਾਲ 70 ਦੌੜਾਂ ਦੀ ਸਾਂਝੇਦਾਰੀ ਕੀਤੀ। ਨਾਈਟ ਨੇ 37 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਏਲਿਸ ਕੈਪਸੀ ਨੇ 6 ਦੌੜਾਂ, ਨੈੱਟ ਸਾਈਵਰ-ਬਰੰਟ ਅਤੇ ਡੈਨੀ ਵਯਾਟ 2-2 ਦੌੜਾਂ ਬਣਾ ਕੇ ਆਊਟ ਹੋਈਆਂ। ਏਮੀ ਜੋਨਸ ਨੇ 40 ਗੇਂਦਾਂ ’ਚ 48 ਦੌੜਾਂ, ਸੋਫੀ ਏਲੈਕਸਟੋਨ 14 ਦੌੜਾਂ ਅਤੇ ਕੇਟ ਕਰਾਸ 20 ਦੌੜਾਂ ਬਣਾ ਕੇ ਆਊਟ ਹੋਈ।
ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਇੰਗਲੈਂਡ ਦੀ ਟੀਮ ਨੂੰ 49 ਓਵਰਾਂ ’ਚ 252 ਦੌੜਾਂ ’ਤੇ ਸਮੇਟ ਦਿੱਤਾ। ਨਿਊਜ਼ੀਲੈਂਡ ਵੱਲੋਂ ਜੇਸ ਕੇਰ, ਲੀ ਤਾਹੁਹੁ, ਫ੍ਰਾਨ ਜੋਨਾਸ ਅਤੇ ਸੁਜੀ ਬੇਟਸ ਨੇ 2-2 ਵਿਕਟਾਂ ਲਈਆਂ। ਹੰਨਾ ਰੋਵੇ ਅਤੇ ਅਮੇਲੀਆ ਕੇਰ ਨੇ 1-1 ਬੱਲੇਬਾਜ਼ ਨੂੰ ਆਊਟ ਕੀਤਾ।