ਸ਼ਾਹੀ ਸ਼ਹਿਰ ਨੂੰ ਮਿਲੇਗਾ 40 ਸਾਲਾਂ ਤੋਂ ਲੱਗੇ ਕੂੜੇ ਦੇ ਡੰਪ ਤੋਂ ਛੁਟਕਾਰਾ

08/23/2019 11:37:19 AM

ਪਟਿਆਲਾ (ਰਾਜੇਸ਼, ਜੋਸਨ)—''ਇੱਥੇ ਸਨੌਰੀ ਅੱਡੇ ਨੇੜੇ ਪਿਛਲੇ 40 ਸਾਲਾਂ ਤੋਂ ਵੱਧ ਸਮੇਂ ਤੋਂ ਪਏ 2 ਲੱਖ ਟਨ ਕੂੜੇ ਤੋਂ ਪਟਿਆਲਾ ਵਾਸੀਆਂ ਖਾਸ ਕਰ ਕੇ ਇਲਾਕਾ ਨਿਵਾਸੀਆਂ ਨੂੰ ਹੁਣ ਛੁਟਕਾਰਾ ਮਿਲ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵੱਲੋਂ ਪਟਿਆਲਾ ਸ਼ਹਿਰ ਦੇ ਸੁੰਦਰੀਕਰਨ ਲਈ ਆਰੰਭੇ ਕਈ ਪ੍ਰਾਜੈਕਟਾਂ ਨੂੰ ਨੇਪਰੇ ਚੜ੍ਹਾਉਣ ਲਈ ਨਗਰ ਨਿਗਮ ਅਤੇ ਜ਼ਿਲਾ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਪ੍ਰਗਟਾਵਾ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕੀਤਾ।

ਸੰਜੀਵ ਸ਼ਰਮਾ ਅੱਜ ਇੱਥੇ ਸਨੌਰੀ ਅੱਡੇ ਨੇੜੇ ਕੂੜੇ ਦੇ ਢੰਪ ਕੋਲ ਬਾਇਓਮਾਈਨਿੰਗ ਰੈਮੀਡੇਸ਼ਨ ਮਸ਼ੀਨ ਨਾਲ ਕੂੜੇ ਵਿਚੋਂ ਠੋਸ ਕੂੜਾ ਅਤੇ ਗਿੱਲਾ ਕੂੜਾ ਵੱਖ-ਵੱਖ ਕਰਨ ਦੇ 20 ਲੱਖ ਰੁਪਏ ਦੇ ਇਕ ਅਹਿਮ ਪ੍ਰਾਜੈਕਟ ਦੀ ਸ਼ੁਰੂਆਤ ਲਈ ਪੁੱਜੇ ਹੋਏ ਸਨ। ਇਸ ਸਮੇਂ ਉਨ੍ਹਾਂ ਦੇ ਨਾਲ ਮੁੱਖ ਮੰਤਰੀ ਦੀ ਸਪੁੱਤਰੀ ਬੀਬਾ ਜੈਇੰਦਰ ਕੌਰ, ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਵਿਨਤੀ ਸੰਗਰ, ਨਗਰ ਨਿਗਮ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਮੁੱਖ ਮੰਤਰੀ ਦੇ ਓ. ਐੱਸ. ਡੀ. ਰਜੇਸ਼ ਸ਼ਰਮਾ ਅਤੇ ਏ. ਡੀ. ਸੀ. (ਵਿਕਾਸ) ਪੂਨਮਦੀਪ ਕੌਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਸ਼ਰਮਾ ਨੇ ਦੱਸਿਆ ਕਿ ਮੁੱਢਲੇ ਦੌਰ 'ਚ ਇੱਥੇ ਸਨੌਰ ਰੋਡ 'ਤੇ ਸਥਿਤ ਇਸ ਪੁਰਾਣੇ ਕੂੜੇ ਦੇ ਢੇਰ 'ਤੇ ਇਕ ਮਸ਼ੀਨ ਲਾਈ ਗਈ ਅਤੇ ਜਲਦ ਹੀ ਤਿੰਨ ਮਸ਼ੀਨਾਂ ਹੋਰ ਚਾਲੂ ਹੋਣਗੀਆਂ, ਜਿਸ 'ਤੇ 20 ਲੱਖ ਰੁਪਏ ਦਾ ਖਰਚਾ ਆਵੇਗਾ। ਇਸ ਤੋਂ ਬਾਅਦ ਇਕ ਵੱਡਾ ਬਾਇਓਮਾਈਨਿੰਗ ਪਲਾਟ ਵੀ ਲਾਇਆ ਜਾਵੇਗਾ। ਸ਼ਰਮਾ ਨੇ ਦੱਸਿਆ ਕਿ ਇਸ ਨਾਲ ਸ਼ਹਿਰ ਪਟਿਆਲਾ ਦਾ ਸਾਰਾ ਕੂੜਾ, ਜੋ ਕਿ 40 ਸਾਲਾਂ ਤੋਂ ਵੱਧ ਸਮੇਂ ਤੋਂ ਇਸ ਡੰਪ 'ਤੇ ਸੁੱਟਿਆ ਜਾ ਰਿਹਾ ਸੀ ਅਤੇ ਇੱਥੇ 2 ਲੱਖ ਟਨ ਤੋਂ ਵੱਧ ਕੂੜਾ ਇਕੱਠਾ ਹੋਣ ਕਾਰਣ ਨੇੜਲੀਆਂ ਕਾਲੋਨੀਆਂ ਅਤੇ ਆਲੇ-ਦੁਆਲੇ ਦੀ 50 ਹਜ਼ਾਰ ਤੋਂ ਵਧੇਰੇ ਆਬਾਦੀ ਅਤੇ ਪਟਿਆਲਾ-ਸਨੌਰ-ਦੇਵੀਗੜ੍ਹ-ਚੀਕਾ ਸੜਕ 'ਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਨੂੰ ਵੱਡੀ ਰਾਹਤ ਮਿਲੇਗੀ।

ਇਸ ਸਮੇਂ ਨਗਰ ਨਿਗਮ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਨਿਗਮ ਵੱਲੋਂ ਪੁਰਾਣੇ ਪਏ ਕੂੜੇ ਨੂੰ ਵੱਖ ਕਰ ਕੇ ਖਾਦ, ਕੋਲੇ ਦੀ ਥਾਂ ਵਰਤਿਆ ਜਾ ਸਕਣ ਵਾਲਾ ਬਾਲਣ (ਆਰ. ਡੀ. ਐੱਫ.) ਬਣਾਇਆ ਜਾ ਰਿਹਾ ਹੈ। ਇਸ ਨਾਲ ਜਿੱਥੇ ਪੁਰਾਣਾ ਕੂੜਾ ਖਤਮ ਹੋਵੇਗਾ, ਉਥੇ ਹੀ ਜਗ੍ਹਾ ਵੀ ਖਾਲੀ ਹੋਵੇਗੀ। ਖਹਿਰਾ ਨੇ ਦੱਸਿਆ ਕਿ ਨਿਗਮ ਨੇ ਇਸ ਤੋਂ ਨਿਕਲਣ ਵਾਲੀ ਖਾਦ ਅਤੇ ਬਾਲਣ ਦੀ ਸਦਵਰਤੋਂ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨਾਲ ਰਾਬਤਾ ਕੀਤਾ ਹੈ। ਖਾਦ ਖੇਤੀਬਾੜੀ ਅਤੇ ਬਾਗਬਾਨੀ ਲਈ ਵਰਤਣ ਲਈ ਵਾਜਬ ਭਾਅ 'ਤੇ ਵੇਚੀ ਜਾ ਸਕੇਗੀ ਅਤੇ ਬਾਲਣ ਵੀ ਭੱਠਿਆਂ ਅਤੇ ਫੈਕਟਰੀਆਂ ਨੂੰ ਭੇਜਿਆ ਜਾਵੇਗਾ ਅਤੇ ਇਸ ਨਾਲ ਆਉਣ ਵਾਲੇ ਦਿਨਾਂ ਵਿਚ ਕੂੜੇ ਤੋਂ ਕਾਫੀ ਨਿਜਾਤ ਮਿਲਣ ਦੀ ਸੰਭਾਵਨਾ ਹੈ।

ਇਸ ਮੌਕੇ ਕੌਂਸਲਰ ਗਿੰਨੀ ਨਾਗਪਾਲ, ਹਰੀਸ਼ ਕਪੂਰ, ਸੰਦੀਪ ਮਲਹੋਤਰਾ, ਲੀਲਾ ਰਾਣੀ, ਜਸਪਾਲ ਕੌਰ, ਰੇਖਾ ਅਗਰਵਾਲ, ਹਰੀਸ਼ ਅਗਰਵਾਲ, ਬੰਟੀ ਸਹਿਗਲ, ਸੋਹਨ ਸਿੰਘ ਆਰੇ ਵਾਲੇ, ਵਿਜੇ ਸ਼ਾਹ, ਸੂਰਜ ਮਦਾਨ, ਨਗਰ ਨਿਗਮ ਦੇ ਐੱਸ. ਈ. ਐੱਮ. ਐੱਮ. ਸਿਆਲ, ਐਕਸੀਅਨ ਸ਼ਾਮ ਲਾਲ ਗੁਪਤਾ, ਚੀਫ਼ ਸੈਨੇਟਰੀ ਇੰਸਪੈਕਟਰ ਭਗਵੰਤ ਸਿੰਘ, ਸੈਨੇਟਰੀ ਇੰਸਪੈਕਟਰ ਹਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।


Shyna

Content Editor

Related News