ਦੀਵਾਲੀ ਦੇ ਮੱਦੇਨਜ਼ਰ ਫਾਇਰ ਬ੍ਰਿਗੇਡ ਦੇ ਸਟਾਫ਼ ਦੀਆਂ ਛੁੱਟੀਆਂ ਰੱਦ

10/22/2019 10:20:30 AM

ਪਟਿਆਲਾ (ਰਾਜੇਸ਼)—ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਦੀਵਾਲੀ ਨੂੰ ਸੁਰੱਖਿਅਤ ਬਣਾਉਣ ਲਈ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਮੇਅਰ ਨੇ ਦੀਵਾਲੀ ਦੇ ਮੱਦੇਨਜ਼ਰ ਫਾਇਰ ਸਟਾਫ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਫਾਇਰ ਬ੍ਰਿਗੇਡ ਦੇ ਕੰਮ-ਕਾਜ ਦੀ ਸੁਰੱਖਿਆ ਲਈ ਫਾਇਰ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕਰ ਕੇ ਉਨ੍ਹਾਂ ਨੂੰ ਦੀਵਾਲੀ ਲਈ ਵਿਸ਼ੇਸ਼ ਹੁਕਮ ਜਾਰੀ ਕੀਤੇ ਹਨ। ਇਸ ਦੌਰਾਨ ਉਨ੍ਹਾਂ ਫਾਇਰ ਬ੍ਰਿਗੇਡ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ।

ਮੀਟਿੰਗ ਤੋਂ ਬਾਅਦ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਦੱਸਿਆ ਕਿ ਦੀਵਾਲੀ ਤੋਂ ਇਕ ਦਿਨ ਪਹਿਲਾਂ ਫਾਇਰ ਬ੍ਰਿਗੇਡ ਦੀ ਇਕ ਗੱਡੀ ਪਟਾਕਾ ਮਾਰਕੀਟ, ਬੱਸ ਸਟੈਂਡ ਅਤੇ ਜ਼ਿਲਾ ਪ੍ਰੀਸ਼ਦ ਕੋਲ ਤਾਇਨਾਤ ਰਹੇਗੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਪਟਾਕਾ ਮਾਰਕੀਟ ਤੋਂ ਇਲਾਵਾ ਬੱਸ ਸਟੈਂਡ, ਤਿਆਗੀ ਮੰਦਰ ਅਤੇ ਸਨੌਰੀ ਅੱਡਾ ਕੋਲ ਸਥਿਤ ਰਹੇਗੀ। ਇਸੇ ਤਰ੍ਹਾਂ ਦੀਵਾਲੀ ਤੋਂ ਅਗਲੇ ਦਿਨ ਫਾਇਰ ਬ੍ਰਿਗੇਡ ਦੀ ਇਕ ਵੱਡੀ ਪਟਾਕਾ ਮਾਰਕੀਟ, ਬੱਸ ਸਟੈਂਡ ਅਤੇ ਜ਼ਿਲਾ ਪ੍ਰੀਸ਼ਦ ਕੋਲ ਤਾਇਨਾਤ ਰਹੇਗੀ। ਇਸ ਸਮੇਂ ਫਾਇਰ ਬ੍ਰਿਗੇਡ ਕੋਲ 6 ਵੱਡੀਆਂ ਅਤੇ 2 ਛੋਟੀਆਂ ਦਮਕਲ ਗੱਡੀਆਂ ਹਨ। ਇਨ੍ਹਾਂ ਗੱਡੀਆਂ ਨੂੰ ਫਾਇਰ ਸਟੇਸ਼ਨ ਤੋਂ ਬਾਹਰੀ ਇਲਾਕਿਆਂ 'ਚ ਖੜ੍ਹਾ ਕਰਨ ਦਾ ਮੁੱਖ ਉਦੇਸ਼ ਹੈ ਤਾਂ ਕਿ ਘਟਨਾ ਸਥਾਨ 'ਤੇ ਦਮਕਲ ਗੱਡੀ ਨੂੰ ਸਮੇਂ ਸਿਰ ਪਹੁੰਚਾਇਆ ਜਾਵੇ। ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦਿੰਦਿਆਂ ਫਾਇਰ ਬ੍ਰਿਗੇਡ ਦੇ ਸਾਰੇ ਕਰਮਚਾਰੀ ਲਗਾਤਾਰ 12-12 ਘੰਟੇ ਦੀ ਡਿਊਟੀ ਦੇਣਗੇ। ਫਾਇਰ ਕਰਮਚਾਰੀਆਂ ਦੀ ਕਮੀ ਨੂੰ ਪੂਰਾ ਕਰਨ ਲਈ ਨਿਗਮ ਦੇ 6 ਤੋਂ 8 ਕਰਮਚਾਰੀ ਹੋਰ ਵਿਭਾਗਾਂ ਤੋਂ ਫਾਇਰ ਬ੍ਰਿਗੇਡ ਦੀ ਮਦਦ ਲਈ ਤਾਇਨਾਤ ਕੀਤੇ ਜਾਣਗੇ।

ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਗ੍ਰੀਨ ਦੀਵਾਲੀ ਨੂੰ ਪਹਿਲ ਦਿੰਦੇ ਹੋਏ ਪ੍ਰਦੂਸ਼ਣ ਨੂੰ ਵਧਣ ਤੋਂ ਰੋਕਣ 'ਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਸੁਰੱਖਿਆ ਲਈ ਜ਼ਰੂਰੀ ਹੈ ਕਿ ਜਿਹੜੇ ਲੋਕਾਂ ਕੋਲ ਘਰਾਂ ਦੀਆਂ ਛੱਤਾਂ 'ਤੇ ਪਾਣੀ ਸਟੋਰ ਕਰਨ ਲਈ ਟੈਂਕੀਆਂ ਦਾ ਪ੍ਰਬੰਧ ਹੈ, ਉਹ ਹਰ ਹਾਲ 'ਚ ਦੀਵਾਲੀ ਤੋਂ ਇਕ ਦਿਨ ਪਹਿਲਾਂ ਹੀ ਪਾਣੀ ਦੀਆਂ ਟੈਂਕੀਆਂ ਨੂੰ ਭਰ ਕੇ ਰੱਖਣ। ਇਸ ਤੋਂ ਇਲਾਵਾ ਜਿਹੜੇ ਲੋਕਾਂ ਕੋਲ ਪਾਣੀ ਸਟੋਰ ਕਰਨ ਦੀ ਸੁਵਿਧਾ ਨਹੀਂ ਹੈ, ਉਹ ਘਰ ਦੇ ਵੱਡੇ ਭਾਂਡਿਆਂ 'ਚ ਪਾਣੀ ਨੂੰ ਸਟੋਰ ਜ਼ਰੂਰ ਕਰਨ। ਸੰਭਵ ਹੋ ਸਕੇ ਤਾਂ ਪਟਾਕੇ ਖੁੱਲ੍ਹੇ ਸਥਾਨ 'ਤੇ ਚਲਾਏ ਜਾਣ। ਖਤਰਨਾਕ ਪਟਾਕਿਆਂ ਤੋਂ ਬਚਾਅ ਕਰਨ ਲਈ ਸੁਰੱਖਿਆ ਦਾ ਖਾਸ ਧਿਆਨ ਰੱਖਿਆ ਜਾਵੇ। ਮਾਪਿਆਂ ਲਈ ਜ਼ਰੂਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਆਪਣੀ ਹਾਜ਼ਰੀ ਵਿਚ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਦੇਣ ਤਾਂ ਕਿ ਦੀਵਾਲੀ ਦੇ ਪਵਿੱਤਰ ਤਿਉਹਾਰ 'ਤੇ ਕਿਸੇ ਵੀ ਤਰ੍ਹਾਂ ਦੀ ਘਟਨਾ ਤੋਂ ਬਚਾਅ ਹੋ ਸਕੇ।
ਪਿਛਲੀ ਦੀਵਾਲੀ ਮੌਕੇ ਮੇਅਰ ਬਿੱਟੂ ਖੁਦ ਬੈਠੇ ਸਨ ਫਾਇਰ ਬ੍ਰਿਗੇਡ ਦਫਤਰ 'ਚ

ਪਿਛਲੀ ਦੀਵਾਲੀ ਮੌਕੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੀਵਾਲੀ ਵਾਲੀ ਰਾਤ ਖੁਦ ਫਾਇਰ ਬ੍ਰਿਗੇਡ ਦੇ ਦਫ਼ਤਰ ਬੈਠੇ ਸਨ। ਮੇਅਰ ਨੇ ਦੀਵਾਲੀ ਮਨਾਉਣ ਦੀ ਬਜਾਏ ਸ਼ਹਿਰ ਦੀ ਸੁਰੱਖਿਆ ਨੂੰ ਤਵੱਜੋ ਦਿੱਤੀ ਸੀ। ਇਸ ਵਾਰ ਵੀ ਮੇਅਰ ਬਿੱਟੂ ਸੀ. ਐੱਮ. ਸਿਟੀ ਵਿਚ ਦੀਵਾਲੀ ਮੌਕੇ ਕਿਸੇ ਵੀ ਮਾੜੀ ਘਟਨਾ ਵਾਪਰਨ ਤੋਂ ਰੋਕਣ ਲਈ ਪਹਿਲਾਂ ਤੋਂ ਹੀ ਤਿਆਰੀ ਵਿਚ ਲੱਗ ਗਏ ਹਨ। ਦੀਵਾਲੀ ਤੋਂ ਪਹਿਲਾਂ ਹੀ ਪਟਾਕੇ ਚੱਲਣੇ ਸ਼ੁਰੂ ਹੋ ਜਾਂਦੇ ਹਨ। ਦੀਵਾਲੀ ਦੀ ਰਾਤ ਪਟਾਕੇ ਚਲਦੇ ਰਹਿੰਦੇ ਹਨ। ਇਨ੍ਹਾਂ ਪਟਾਕਿਆਂ ਕਾਰਨ ਕਿਤੇ ਅੱਗ ਨਾ ਲੱਗੇ, ਇਸ ਲਈ ਫਾਇਰ ਬ੍ਰਿਗੇਡ ਨੂੰ ਜਗ੍ਹਾ-ਜਗ੍ਹਾ ਤਾਇਨਾਤ ਕੀਤਾ ਗਿਆ ਹੈ।


Shyna

Content Editor

Related News