ਪਰਾਲੀ ਨੂੰ ਅੱਗ ਨਾ ਲਾਉਣ ''ਤੇ ਸਰਕਾਰ 5 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਵੇ : ਕਿਸਾਨ ਆਗੂ

10/18/2018 11:11:53 AM

ਬੱਧਨੀ ਕਲਾਂ (ਮਨੋਜ)—ਵੱਡਾ ਗੁਰਦੁਆਰਾ ਸਾਹਿਬ ਬੱਧਨੀ ਕਲਾਂ ਵਿਖੇ ਪਰਾਲੀ ਸਾੜਨ ਦੇ ਮੁੱਦੇ 'ਤੇ ਕਿਸਾਨਾਂ ਦਾ ਭਰਵਾਂ ਇਕੱਠ ਹੋਇਆ, ਜਿਸ 'ਚ ਸਰਕਾਰ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਦੇ ਐਲਾਨ ਨੂੰ ਵਿਚਾਰਦਿਆਂ ਵੱਖ-ਵੱਖ ਬੁਲਾਰਿਆਂ ਕਾਮਰੇਡ ਲਾਲ ਸਿੰਘ, ਕੇਵਲ ਕ੍ਰਿਸ਼ਨ, ਬੰਤ ਸਿੰਘ, ਅਮਨਦੀਪ ਸਿੰਘ, ਮਹਿੰਦਰ ਸਿੰਘ ਆਦਿ ਨੇ ਕਿਸਾਨਾਂ ਨੂੰ ਸਰਕਾਰ ਦੀਆਂ ਇਸ ਮਸਲੇ 'ਤੇ ਕਿਸਾਨ ਵਿਰੋਧੀ ਨੀਤੀਆਂ 'ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਪਰਾਲੀ ਸਾੜਨਾ ਸਾਡਾ ਸ਼ੌਕ ਨਹੀਂ ਸਗੋਂ ਮਜਬੂਰੀ ਹੈ।   ਕਿਸਾਨ ਆਗੂਆਂ ਨੇ ਪਰਾਲੀ ਨੂੰ ਜ਼ਮੀਨ ਵਿਚ ਵਾਹੁਣ ਅਤੇ ਨੱਪਣ ਦੇ ਨੁਕਸਾਨ ਬਾਰੇ ਬੋਲਦਿਆਂ ਕਿਹਾ ਕਿ ਸਰਕਾਰ ਦੇ ਦਾਅਵੇ ਬਿਲਕੁੱਲ ਝੂਠੇ ਹਨ। ਪਰਾਲੀ ਨੱਪਣ ਨਾਲ ਵਾਤਾਵਰਣ ਵਿਚ ਲੰਮਾ ਸਮਾਂ ਵਿਗਾੜ ਪੈਂਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਪਰਾਲੀ ਖੇਤ ਵਿਚ ਵਾਹੁਣ ਦਾ 5 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣਾ ਚਾਹੀਦਾ ਹੈ। ਅੰਤ ਵਿਚ ਬੁਲਾਰਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਸ ਮਸਲੇ 'ਤੇ ਸਰਕਾਰ ਕਿਸਾਨਾਂ 'ਤੇ ਸਖਤੀ ਕਰਦੀ ਹੈ ਤਾਂ ਇਕੱਠੇ ਹੋ ਕੇ ਇਸ ਦਾ ਮੁਕਾਬਲਾ ਕੀਤਾ ਜਾਵੇਗਾ। ਇਸ ਮੌਕੇ ਸ਼ਿੰਦਰਪਾਲ ਸ਼ਰਮਾ, ਨਿਰਵੈਲ ਸਿੰਘ, ਚਰਨਜੀਤ ਸਿੰਘ ਗਿੱਲ, ਸ਼ਾਮ ਸਿੰਘ, ਗੁਰਮੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਸਬੇ ਦੇ ਕਿਸਾਨ ਹਾਜ਼ਰ ਸਨ।


Related News