ਪੰਚਾਇਤਾਂ ਨੂੰ ਕੋਰੋਨਾ ਟੈਸਟ ਨਾ ਕਰਵਾਉਣ ਦੇ ਮਤੇ ਦੀ ਥਾਂ ਸਿਹਤ ਵਿਭਾਗ ਦਾ ਭਾਰ ਵੰਡਾਉਣ ਵਾਲੇ ਮਤੇ ਪਾਉਣੇ ਚਾਹੀਦੇ ਹਨ:
Tuesday, Sep 08, 2020 - 05:04 PM (IST)
ਭਵਾਨੀਗੜ੍ਹ (ਕਾਂਸਲ) - ਪੰਜਾਬ ’ਚ ਕੋਰੋਨਾ ਮਹਾਮਾਰੀ ਕਾਰਨ ਕਾਫੀ ਮੌਤਾਂ ਹੋਣ ਦੇ ਬਾਵਜੂਦ ਵੀ ਕੁੱਝ ਲੋਕ ਹਾਲੇ ਵੀ ਇਸ ਨੂੰ ਹਲਕੇ ’ਚ ਲੈ ਕੇ ਕੋਰੋਨਾ ਮਹਾਮਾਰੀ ਨੂੰ ਮਜਾਕ ਸਮਝ ਰਹੇ ਹਨ। ਕਈ ਲੋਕ ਤਾਂ ਬੇਹੂਦੀਆਂ ਅਫਵਾਹਾਂ ਨੂੰ ਫੈਲਾਉਣ ’ਚ ਲੱਗੇ ਹੋਏ ਹਨ ਜੋ ਕਿ ਬਹੁਤ ਹੀ ਹੈਰਾਨੀ ਦੀ ਗੱਲ ਅਤੇ ਵੱਡੀ ਚਿੰਤਾਂ ਦਾ ਵਿਸਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸਥਾਨਕ ਇਕ ਬੈਂਕ ਦੇ ਸਕਿਉਰਟੀ ਗਾਰਡ ਅਤੇ ਸਾਬਕਾ ਸੈਨਿਕ ਦੀਦਾਰ ਸਿੰਘ ਨੇ ਕੀਤਾ।
ਉਨ੍ਹਾਂ ਕਿਹਾ ਕਿ ਜਿਹੜੀਆਂ ਪੰਚਾਇਤਾਂ ਇਹ ਮਤੇ ਪਾ ਰਹੀਆਂ ਹਨ ਕਿ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਪਿੰਡ ’ਚ ਦਾਖਿਲ ਨਾ ਹੋਣ ਦਿਓ, ਉਨ੍ਹਾਂ ਨੂੰ ਬੇਇੱਜ਼ਤ ਕਰੋ, ਕੋਈ ਵੀ ਟੈਸਟ ਨਾ ਕਰਾਵੇ, ਕੋਈ ਹਸਪਤਾਲ ਨਾ ਜਾਓ। ਹਸਪਤਾਲ ਵਾਲਿਆਂ ਨੂੰ ਪੈਸੇ ਮਿਲਦੇ ਹਨ ਅਤੇ ਡਾਕਟਰ ਕਥਿਤ ਤੌਰ ’ਤੇ ਅੰਗ ਕੱਢ ਕੇ ਵੇਚ ਰਹੇ ਹਨ। ਇਹ ਸਭ ਝੂਠੀਆਂ ਅਤੇ ਬੇਬੁਨਿਆਦ ਅਫ਼ਵਾਹਾਂ ਹਨ। ਉਨ੍ਹਾਂ ਕਿਹਾ ਕਿ ਮੇਰੀ ਉਨ੍ਹਾਂ ਪੰਚਾਇਤਾ ਦੇ ਨੁਮਾਇੰਦਿਆ ਨੂੰ ਸਲਾਹ ਹੈ ਕੇ ਉਹ ਸਰਕਾਰ ਅਤੇ ਹਸਪਤਾਲਾਂ ਵਲੋਂ ਕੀਤੇ ਜਾ ਰਹੇ ਬਚਾਅ ਦੇ ਉਪਰਾਲੇ ਸਿਸਟਮ ਅਤੇ ਕੋਸ਼ਿਸ਼ਾਂ ਦੀ ਜਾਂਚ ਕਰਨ ਲਈ ਹਰੇਕ ਪਿੰਡ ’ਚੋਂ ਚਾਰ ਵਿਅਕਤੀਆਂ ਨੂੰ ਵਲੰਟੀਅਰ ਤੌਰ ’ਤੇ ਹਸਪਤਾਲ ’ਚ ਕੋਰੋਨਾ ਮਰੀਜਾਂ ਦੀ ਦੇਖਭਾਲ ਅਤੇ ਸੇਵਾ ਕਰਨ ਲਈ ਭੇਜਣ ਦੇ ਮਤੇ ਪਾਸ ਕਰਨ। ਜਦੋਂ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਖੁਦ ਲਾਸ਼ ਨੂੰ ਚੰਗੀ ਤਰ੍ਹਾਂ ਦੇਖਣ ਤੋਂ ਬਾਅਦ ਪੈਕ ਕਰਨ ਅਤੇ ਪਿੰਡ ਵਾਲਿਆ ਦੀ ਮਦਦ ਨਾਲ ਮ੍ਰਿਤਕ ਦਾ ਅੰਤਿਮ ਸੰਸਕਾਰ ਵੀ ਕਰਵਾਉਣ। ਇਸ ਤਰਾਂ ਸਿਹਤ ਵਿਭਾਗ ਦਾ ਭਾਰ ਵੀ ਵੰਡਿਆ ਜਾਵੇਗਾ ਅਤੇ ਮਨੁੱਖਤਾ ਦੀ ਸੇਵਾ ਵੀ ਹੋਵੇਗੀ ਅਤੇ ਹਸਪਤਾਲਾਂ ਦੀ ਸੱਚਾਈ ਵੀ ਸਾਹਮਣੇ ਆ ਜਾਵੇਗੀ। ਉਨ੍ਹਾਂ ਕਿਹਾ ਕਿ ਇਲਾਜ ’ਚ ਦੇਰੀ ਹੀ ਮੌਤ ਦੀ ਦਰ ਨੂੰ ਵਧਾ ਰਹੀ ਹੈ। ਇਸ ਲਈ ਮਹਾਮਾਰੀ ਨਾਲ ਨਜਿੱਠਣ ਲਈ ਸ਼ਰੀਕ ਬਣੋ ਅਫਵਾਹਾਂ ਫੈਲਾ ਕੇ ਕੀਮਤੀ ਜਾਨਾ ਦੇ ਦੁਸ਼ਮਣ ਨਾ ਬਣੋ।