ਤੇਜ਼ ਰਫਤਾਰ ਟੈਕਸੀ ਪੁਲ ਤੋਂ ਹੇਠਾਂ ਡਿਗੀ ਇਕ ਦੀ ਮੌਤ, ਤਿੰਨ ਜ਼ਖ਼ਮੀ
Tuesday, Oct 16, 2018 - 05:41 AM (IST)

ਮੋਹਾਲੀ, (ਕੁਲਦੀਪ)- ਏਅਰਪੋਰਟ ਰੋਡ ’ਤੇ ਚੱਲ ਰਹੀ ਇਕ ਤੇਜ਼ ਰਫਤਾਰ ਏਸੈਂਟ (ਟੈਕਸੀ) ਕਾਰ ਟੀ. ਡੀ. ਆਈ. ਦੇ ਨਜ਼ਦੀਕ ਪਟਿਆਲਾ ਦੀ ਰਾਵ ਨਦੀ ’ਤੇ ਬਣੇ ਪੁਲ ਤੋਂ ਹੇਠਾਂ ਡਿਗ ਪਈ। ਜਾਣਕਾਰੀ ਮੁਤਾਬਕ ਕਾਰ ਦੀ ਰਫਤਾਰ ਇੰਨੀ ਤੇਜ਼ ਸੀ ਕਿ ਪੁਲ ਦੇ ਹੇਠਾਂ ਡਿਗਦੇ ਹੀ ਕਾਰ ਵਿਚ ਸਵਾਰ ਲੋਕਾਂ ਵਿਚੋਂ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਬਾਕੀ ਦੇ ਤਿੰਨ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।
ਮ੍ਰਿਤਕ ਦਾ ਨਾਮ ਪਾਲ ਸਿੰਘ ਦੱਸਿਆ ਜਾਂਦਾ ਹੈ, ਜੋ ਕਿ ਮੂਲ ਰੂਪ ਵਿਚ ਜ਼ਿਲਾ ਸੰਗਰੂਰ ਦੇ ਲਹਿਰਾਗਾਗਾ ਖੇਤਰ ਦਾ ਰਹਿਣ ਵਾਲਾ ਸੀ। ਇਸ ਹਾਦਸੇ ਵਿਚ ਸੁਖਦੇਵ ਸਿੰਘ, ਸੋਮਨਾਥ ਅਤੇ ਬਿੱਟੂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਚੰਡੀਗਡ਼੍ਹ ਦੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਪਹੁੰਚਾਇਆ ਗਿਆ। ਟੈਕਸੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਟੈਕਸੀ ਚਾਲਕ ਦੇ ਖਿਲਾਫ ਕੇਸ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਵਿਆਹ ਸਮਾਰੋਹ ਤੋਂ ਵਾਪਸ ਆਉਣ ’ਤੇ ਹੋਇਆ ਹਾਦਸਾ
ਮ੍ਰਿਤਕ ਦੇ ਬੇਟੇ ਅਰਸ਼ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਸੋਮਨਾਥ ਦੇ ਬੇਟੇ ਦਾ ਵਿਆਹ ਸੀ। ਪਿਛਲੀ ਦੇਰ ਰਾਤ ਉਨ੍ਹਾਂ ਜ਼ੀਰਕਪੁਰ ਵਿਚ ਵਿਆਹ ਸਮਾਰੋਹ ਸਮਾਪਤ ਹੋਣ ਉਪਰੰਤ ਸੰਨੀ ਇਨਕਲੇਵ ਵੱਲ ਵਾਪਸ ਆਉਣਾ ਸੀ। ਵਾਪਸ ਆਉਣ ’ਤੇ ਮੈਂਬਰ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੇ ਉਕਤ ਟੈਕਸੀ ਕਿਰਾਏ ’ਤੇ ਕੀਤੀ ਸੀ, ਜਿਸ ਵਿਚ ਸੋਮਨਾਥ ਖੁਦ ਵੀ ਬੈਠਾ ਹੋਇਆ ਸੀ। ਟੈਕਸੀ ਵਿਚ ਉਸ ਦੇ ਪਿਤਾ ਪਾਲ ਸਿੰਘ, ਦੋ ਹੋਰ ਰਿਸ਼ਤੇਦਾਰ ਸੁਖਦੇਵ ਸਿੰਘ ਤੇ ਬਿੱਟੂ ਵੀ ਬੈਠੇ ਸਨ, ਜਦੋਂ ਟੈਕਸੀ ਉਕਤ ਪੁਲ ਦੇ ਨਜ਼ਦੀਕ ਤੋਂ ਗੁਜ਼ਰ ਰਹੀ ਸੀ ਤਾਂ ਕਾਰ ਦੀ ਰਫਤਾਰ ਤੇਜ਼ ਹੋਣ ਕਾਰਨ ਇਕਦਮ ਬੇਕਾਬੂ ਹੋ ਗਈ ਤੇ ਪੁਲ ਦੇ ਹੇਠਾਂ ਜਾ ਡਿਗੀ।
ਦੇਰ ਰਾਤ ਤਕ ਲਭਦੇ ਰਹੇ ਹਾਦਸਾ ਵਾਲੀ ਜਗ੍ਹਾ
ਅਰਸ਼ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਹੋਇਆ ਤਾਂ ਉਸ ਨੂੰ ਉਸ ਦੇ ਪਿਤਾ ਦਾ ਫੋਨ ਆਇਆ ਕਿ ਉਨ੍ਹਾਂ ਦੀ ਕਾਰ ਹਾਦਸਾਗ੍ਰਸਤ ਹੋ ਗਈ ਹੈ। ਉਹ ਏਅਰਪੋਰਟ ਰੋਡ ’ਤੇ ਹਾਦਸੇ ਵਾਲੀ ਥਾਂ ਲੱਭ ਰਹੇ ਸਨ ਪਰ ਕਿਤੇ ਕਾਰ ਨਹੀਂ ਮਿਲੀ। ਕਾਫ਼ੀ ਦੇਰ ਬਾਅਦ ਜਾ ਕੇ ਪਤਾ ਲੱਗਾ ਕਿ ਕਾਰ ਪੁਲ ਤੋਂ ਹੇਠਾਂ ਡਿਗੀ ਹੈ। ਕਾਰ ਦੀ ਹਾਲਤ ਇੰਨੀ ਖ਼ਰਾਬ ਸੀ ਕਿ ਜ਼ਖ਼ਮੀਆਂ ਨੂੰ ਸਖਤ ਮਿਹਨਤ ਨਾਲ ਬਾਹਰ ਕੱਢਿਆ ਗਿਆ।