ਫੇਸਬੁੱਕ ਰਾਹੀਂ ਅੱਤਵਾਦੀਆਂ ਨਾਲ ਸੰਪਰਕ ਬਣਾਉਣ ਵਾਲੀ ਨਰਸ ਗ੍ਰਿਫਤਾਰ

Tuesday, Nov 12, 2019 - 09:15 PM (IST)

ਫੇਸਬੁੱਕ ਰਾਹੀਂ ਅੱਤਵਾਦੀਆਂ ਨਾਲ ਸੰਪਰਕ ਬਣਾਉਣ ਵਾਲੀ ਨਰਸ ਗ੍ਰਿਫਤਾਰ

ਲੁਧਿਆਣਾ, (ਰਿਸ਼ੀ, ਸ਼ਾਰਦਾ)— ਪੰਜਾਬ ਪੁਲਸ ਵਲੋਂ ਟੈਰਰ ਫੰਡਿੰਗ ਕੇਸ 'ਚ ਗ੍ਰਿਫਤਾਰ ਨਰਸ ਸੁਰਿੰਦਰ ਕੌਰ (39) ਲੁਧਿਆਣਾ ਦੇ ਫਿਰੋਜ਼ਪੁਰ ਰੋਡ 'ਤੇ ਬਣੇ ਇਕ ਨਿੱਜੀ ਹਸਪਤਾਲ 'ਚ ਨੌਕਰੀ ਕਰਦੀ ਸੀ। ਸੂਤਰਾਂ ਮੁਤਾਬਕ ਅੱਤਵਾਦੀਆਂ ਨਾਲ ਸੰਪਰਕ ਸਾਧਣ ਲਈ ਫੇਸਬੁੱਕ ਆਈ. ਡੀ. ਦੀ ਵਰਤੋਂ ਕੀਤੀ ਜਾਂਦੀ ਸੀ, ਜਿਸ 'ਤੇ ਕਿਸੇ ਹੋਰ ਦੇ ਨਾਂ 'ਤੇ ਆਈ. ਡੀ. ਬਣਾਈ ਹੋਈ ਸੀ, ਜਦੋਂਕਿ ਆਈ. ਡੀ. ਉਸ ਨੇ ਆਪਣੇ ਨਾਲ ਕੰਮ ਕਰਨ ਵਾਲੇ ਸਟਾਫ ਨੂੰ ਦੇ ਰੱਖੀ ਸੀ। ਉਕਤ ਆਈ. ਡੀ. 'ਤੇ ਸਿਰਫ ਖਾਲਿਸਤਾਨੀ ਹਮਾਇਤੀਆਂ ਦੀਆਂ ਪੋਸਟਾਂ ਹੀ ਅਪਡੇਟ ਕੀਤੀਆਂ ਜਾਂਦੀਆਂ ਸਨ।

ਜਗ ਬਾਣੀ ਵੱਲੋਂ ਆਪਣੇ ਪੱਧਰ 'ਤੇ ਕੀਤੀ ਗਈ ਜਾਂਚ 'ਚ ਸਾਹਮਣੇ ਆਇਆ ਕਿ ਸੁਰਿੰਦਰ ਕੌਰ ਨੇ ਏ. ਐੱਨ. ਐੱਮ. ਦਾ ਡਿਪਲੋਮਾ ਕੀਤਾ ਹੋਇਆ ਹੈ। ਹਸਪਤਾਲ 'ਚ ਪਹਿਲੀ ਵਾਰ 6 ਜਨਵਰੀ 2011 ਨੂੰ ਨੌਕਰੀ ਕਰਨ ਆਈ ਸੀ ਅਤੇ 19 ਅਕਤੂਬਰ 2015 ਨੂੰ ਛੱਡ ਕੇ ਚਲੀ ਗਈ ਸੀ, ਜਿਸ ਤੋਂ ਬਾਅਦ ਉਸ ਦਾ ਵਿਆਹ ਹੋ ਗਿਆ ਪਰ 1 ਸਾਲ ਬਾਅਦ ਹੀ ਉਸ ਦਾ ਤਲਾਕ ਹੋ ਗਿਆ, ਜਿਸ ਤੋਂ ਬਾਅਦ ਫਿਰ ਬਤੌਰ ਨਰਸ ਹਸਪਤਾਲ 'ਚ ਜੁਆਈਨਿੰਗ ਕਰ ਲਈ ਅਤੇ ਹਸਪਤਾਲ ਵਲੋਂ ਹੀ ਅੰਦਰ ਦਿੱਤੇ ਗਏ ਰੂਮ 'ਚ ਆਪਣੀਆਂ ਦੋ ਨਰਸ ਸਹੇਲੀਆਂ ਦੇ ਨਾਲ ਰਹਿੰਦੀ ਸੀ, ਜਿਨ੍ਹਾਂ ਨੂੰ ਵੀ ਇਸ 'ਤੇ ਕਦੇ ਕੋਈ ਸ਼ੱਕ ਨਹੀਂ ਹੋਇਆ।

ਸੂਤਰਾਂ ਮੁਤਾਬਕ ਬੀਤੀ 4 ਨਵੰਬਰ ਨੂੰ ਡਿਊਟੀ ਕਰਨ ਤੋਂ ਬਾਅਦ ਆਪਣੀਆਂ ਦੋ ਸਹੇਲੀਆਂ ਦੇ ਨਾਲ ਘੰਟਾਘਰ ਸ਼ਾਪਿੰਗ ਕਰਨ ਗਈ ਸੀ। ਸ਼ਾਮ ਦੇ ਸਮੇਂ ਜਦੋਂ ਆਟੋ 'ਚ ਬੈਠ ਕੇ ਵਾਪਸ ਆ ਰਹੀ ਸੀ ਤਾਂ ਸਿਵਲ ਵਰਦੀ 'ਚ 2 ਮਹਿਲਾ ਪੁਲਸ ਮੁਲਾਜ਼ਮ ਵੀ ਇਨ੍ਹਾਂ ਦੇ ਨਾਲ ਆਟੋ 'ਚ ਬੈਠ ਗਈਆਂ, ਜਿਨ੍ਹਾਂ ਸਬੰਧੀ ਉਨ੍ਹਾਂ ਨੂੰ ਬਾਅਦ 'ਚ ਪਤਾ ਲੱਗਾ। ਜਦੋਂ ਆਟੋ ਜਗਰਾਓਂ ਪੁਲ ਤੋਂ ਥੱਲੇ ਉੱਤਰਿਆ ਤਾਂ ਇਨੋਵਾ ਅਤੇ ਸਵਿਫਟ ਕਾਰਾਂ 'ਚ ਆਏ ਪੁਲਸ ਮੁਲਾਜ਼ਮਾਂ ਨੇ ਆਟੋ ਰੋਕਿਆ। ਪਹਿਲਾਂ ਉਨ੍ਹਾਂ ਨੇ ਡਰਾਈਵਰ ਨੂੰ ਲਾਇਸੈਂਸ ਦਿਖਾਉਣ ਲਈ ਕਿਹਾ, ਫਿਰ ਉਨ੍ਹਾਂ ਨੇ ਸੁਖਵਿੰਦਰ ਕੌਰ ਸਬੰਧੀ ਪੁੱਛਿਆ। ਇਸ ਤੋਂ ਬਾਅਦ ਆਟੋ 'ਚ ਬੈਠੀਆਂ ਦੋਵੇਂ ਪੁਲਸ ਮੁਲਾਜ਼ਮਾਂ ਉਸ ਨੂੰ ਕਾਰ 'ਚ ਬਿਠਾ ਕੇ ਲੈ ਗਈਆਂ। ਉਸੇ ਸਮੇਂ ਸੁਖਵਿੰਦਰ ਕੌਰ ਦੀਆਂ ਦੋਵੇਂ ਸਹੇਲੀਆਂ ਦੇ ਮੋਬਾਇਲ ਪੁਲਸ ਨੇ ਲੈ ਲਏ ਅਤੇ ਉਨ੍ਹਾਂ ਨੂੰ ਨਾਲ ਲੈ ਕੇ ਹਸਪਤਾਲ ਪੁੱਜੇ। ਇਥੇ ਜਿਸ ਰੂਮ 'ਚ ਸੁਖਵਿੰਦਰ ਰਹਿੰਦੀ ਸੀ, ਉਸ ਦੀ ਚੈਕਿੰਗ ਕੀਤੀ ਅਤੇ ਲਾਕ ਲਾ ਦਿੱਤਾ। 9 ਦਿਨ ਗੁਜ਼ਰ ਜਾਣ 'ਤੇ ਵੀ ਰੂਮ ਬੰਦ ਹੈ ਅਤੇ ਉਸ ਨੂੰ ਨਾ ਖੋਲ੍ਹਣ ਦੇ ਹੁਕਮ ਦਿੱਤੇ ਗਏ ਹਨ ਪਰ ਇਸ ਗੱਲ ਦੀ ਕਿਸੇ ਨੇ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਹੈ।

ਰਾਤ 2 ਤੋਂ 3 ਵਜੇ ਦੇ ਵਿਚਕਾਰ ਫੋਨ 'ਤੇ ਕਰਦੀ ਸੀ ਗੱਲ
ਇਨਵੈਸਟੀਗੇਸ਼ਨ 'ਚ ਸਾਹਮਣੇ ਆਇਆ ਹੈ ਕਿ ਨਰਸ ਰੋਜ਼ਾਨਾ ਰਾਤ ਨੂੰ 2 ਤੋਂ 3 ਵਜੇ ਦੇ ਵਿਚਕਾਰ ਮੋਬਾਇਲ 'ਤੇ ਕਿਸੇ ਨਾਲ ਗੱਲ ਕਰਦੀ ਸੀ। ਗੱਲ ਕਰਨ ਲਈ ਉਹ ਆਪਣੇ ਰੂਮ ਤੋਂ ਬਾਹਰ ਪਾਰਕ 'ਚ ਆ ਜਾਂਦੀ ਅਤੇ ਸੈਰ ਕਰਨ ਦੇ ਬਹਾਨੇ ਗੱਲਾਂ ਕਰਦੀ ਰਹਿੰਦੀ ਸੀ।

ਪਿਤਾ ਬਿਜਲੀ ਬੋਰਡ ਅਤੇ ਭਰਾ ਪੰਜਾਬ ਪੁਲਸ 'ਚ
ਸੂਤਰਾਂ ਮੁਤਾਬਕ ਸੁਖਵਿੰਦਰ ਦੇ ਪਿਤਾ ਬਿਜਲੀ ਬੋਰਡ 'ਚ ਸਰਕਾਰੀ ਮੁਲਾਜ਼ਮ ਸਨ, ਜਦੋਂਕਿ ਭਰਾ ਪੰਜਾਬ ਪੁਲਸ 'ਚ ਨੌਕਰੀ ਕਰਦਾ ਹੈ।

ਕਈ ਦਿਨਾਂ ਤੋਂ ਪੁਲਸ ਕਰ ਰਹੀ ਸੀ ਰੇਕੀ
ਪੁਲਸ ਵੱਲੋਂ ਕਈ ਦਿਨਾਂ ਤੋਂ ਨਰਸ ਦੀ ਰੇਕੀ ਕੀਤੀ ਜਾ ਰਹੀ ਸੀ। ਰੋਜ਼ ਸ਼ਾਮ ਦੇ ਸਮੇਂ ਪੁਲਸ ਦੀ ਗੱਡੀ ਹਸਪਤਾਲ ਦੇ ਬਾਹਰ ਆ ਕੇ ਖੜ੍ਹੀ ਹੋ ਰਹੀ ਸੀ ਅਤੇ ਨਰਸ ਸਬੰਧੀ ਜਾਣਕਾਰੀ ਜੁਟਾਈ ਜਾ ਰਹੀ ਸੀ।


author

KamalJeet Singh

Content Editor

Related News