ਚੰਡੀਗੜ੍ਹ ਮੇਅਰ ਚੋਣਾਂ ’ਚ ਵਿਵਾਦਾਂ ਦੀ ਜੜ੍ਹ ਬਣੇ ਪ੍ਰੀਜ਼ਾਈਡਿੰਗ ਅਧਿਕਾਰੀ ਅਨਿਲ ਮਸੀਹ ਕਸੂਤੇ ਫਸਦੇ ਆ ਰਹੇ ਨਜ਼ਰ

Thursday, Feb 22, 2024 - 04:32 PM (IST)

ਚੰਡੀਗੜ੍ਹ ਮੇਅਰ ਚੋਣਾਂ ’ਚ ਵਿਵਾਦਾਂ ਦੀ ਜੜ੍ਹ ਬਣੇ ਪ੍ਰੀਜ਼ਾਈਡਿੰਗ ਅਧਿਕਾਰੀ ਅਨਿਲ ਮਸੀਹ ਕਸੂਤੇ ਫਸਦੇ ਆ ਰਹੇ ਨਜ਼ਰ

ਚੰਡੀਗੜ੍ਹ (ਸੁਸ਼ੀਲ਼) : ਮੇਅਰ ਚੋਣਾਂ ’ਚ ਵਿਵਾਦਾਂ ਦੀ ਜੜ੍ਹ ਬਣੇ ਪ੍ਰੀਜ਼ਾਈਡਿੰਗ ਅਧਿਕਾਰੀ ਅਨਿਲ ਮਸੀਹ ਕਸੂਤੇ ਫਸਦੇ ਨਜ਼ਰ ਆ ਰਹੇ ਹਨ। ਸੁਪਰੀਮ ਕੋਰਟ ’ਚ ਸੁਣਵਾਈ ਤੋਂ ਬਾਅਦ ਹੁਣ ਮਸੀਹ ’ਤੇ ਕਿਹੜੀ ਕਾਰਵਾਈ ਕਰਨੀ ਹੈ, ਇਸਦੀ ਫਾਇਲ ਡਿਪਟੀ ਕਮਿਸ਼ਨਰ ਦੇ ਟੇਬਲ ’ਤੇ ਪਹੁੰਚ ਗਈ ਹੈ। ਜਾਣਕਾਰੀ ਮੁਤਾਬਕ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ, ਸੰਸਦ ਮੈਂਬਰ ਅਤੇ ਭਾਜਪਾ ਕੌਂਸਲਰਾਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਚੰਡੀਗੜ੍ਹ ਪੁਲਸ ਨੇ ਪੱਲਾ ਝਾੜ ਦਿੱਤਾ ਹੈ। ਮਾਮਲਾ ਨਗਰ ਨਿਗਮ ਚੋਣਾਂ ਨਾਲ ਸਬੰਧਿਤ ਹੋਣ ਕਾਰਨ ਐੱਸ. ਐੱਸ. ਪੀ. ਕੰਵਰਦੀਪ ਕੌਰ ਨੇ ਡੀ. ਸੀ. ਵਿਨੇ ਪ੍ਰਤਾਪ ਸਿੰਘ ਨੂੰ ਪੱਤਰ ਲਿਖਿਆ ਹੈ ਕਿ ਅਗਲੀ ਕਾਰਵਾਈ ਤੁਸੀਂ ਤੈਅ ਕਰੋ। ਐੱਸ. ਐੱਸ. ਪੀ. ਨੇ ਡੀ. ਐੱਸ. ਪੀ. ਹੈਡਕੁਆਰਟਰ ਰਾਹੀਂ ਇਹ ਪੱਤਰ ਭੇਜਿਆ ਹੈ।

ਇਹ ਵੀ ਪੜ੍ਹੋ : ਕਿਸਾਨਾਂ ਦੀ ਮੰਗਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਪੰਜਾਬ ਸਰਕਾਰ

18 ਪੰਨਿਆਂ ਦੀ ਸ਼ਿਕਾਇਤ
ਡੀ. ਸੀ. ਨੂੰ ਲਿਖੇ ਇਸ ਪੱਤਰ ’ਚ ਕਿਹਾ ਗਿਆ ਹੈ ਕਿ ਮਾਮਲੇ ’ਤੇ ਅਗਲੀ ਕਾਰਵਾਈ ਉਨ੍ਹਾਂ ਵਲੋਂ ਕੀਤੀ ਜਾਵੇ। ਚੋਣਾਂ ਦੌਰਾਨ ਨਗਰ ਨਿਗਮ ’ਚ ਧਾਂਦਲੀ ਹੋਈ ਹੈ। ਚੰਡੀਗੜ੍ਹ ਪੁਲਸ ਹੁਣ ਡੀ. ਸੀ. ਦੇ ਆਦੇਸ਼ ਹੋਣ ਤੋਂ ਬਾਅਦ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ, ਸੰਸਦ ਮੈਂਬਰ ਅਤੇ ਭਾਜਪਾ ਦੇ ਕੌਂਸਲਰਾਂ ਖ਼ਿਲਾਫ਼ ਮਾਮਲੇ ’ਚ ਕਾਰਵਾਈ ਕਰੇਗੀ। ਚੰਡੀਗੜ੍ਹ ਪੁਲਸ ਨੇ ਡੀ. ਸੀ. ਨੂੰ ਭੇਜੇ ਪੱਤਰ ’ਚ ਸ਼ਿਕਾਇਤ ਅਤੇ ਸੀਰੀਅਲ ਨੰਬਰ ਸੀ-89987 ਅਤੇ ਸ਼ਿਕਾਇਤ ਦਾ ਆਈ. ਸੀ. ਐੱਮ. ਐੱਸ. ਨੰਬਰ /2024/002872 ਦੱਸਿਆ ਹੈ। ਸ਼ਿਕਾਇਤਕਰਤਾ ਦਾ ਨਾਂ ਪੰਚਕੂਲਾ ਦੇ ਵਕੀਲ ਪ੍ਰਦੀਪ ਸਿੰਘ ਅਤੇ ਚੰਡੀਗੜ੍ਹ ਦੇ ਡੱਡੂਮਾਜਰਾ ਸੈਕਟਰ-14 ਦੇ ਮਕਾਨ ਨੰ. 2064 ਨਿਵਾਸੀ ਕੁਲਦੀਪ ਸਿੰਘ ਲਿਖਿਆ ਹੈ। ਇਸ ਤੋਂ ਬਾਅਦ ਉਲਟੇ ਕਾਲਮ ’ਚ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ, ਮਨੋਜ ਕੁਮਾਰ ਕੌਂਸਲਰ, ਸੰਸਦ ਮੈਂਬਰ ਕਿਰਨ ਖੇਰ ਦੇ ਨਾਂ ਲਿਖੇ ਹੋਏ ਹਨ। ਧੋਖਾਧੜੀ ਨਾਲ ਸਬੰਧਤ 18 ਪੰਨਿਆਂ ਦੀ ਸ਼ਿਕਾਇਤ ਸੈਕਟਰ-17 ਥਾਣੇ ਨੂੰ ਦਿੱਤੀ ਗਈ ਸੀ। ਚੰਡੀਗੜ੍ਹ ਪੁਲਸ ਵਿਭਾਗ ਨੇ ਸ਼ਿਕਾਇਤ ਡੀ. ਸੀ. ਨੂੰ ਭੇਜ ਦਿੱਤੀ ਹੈ।

ਇਹ ਵੀ ਪੜ੍ਹੋ : ਚੰਦੂਮਾਜਰਾ ਵੱਲੋਂ ਡੱਲੇਵਾਲ ਨਾਲ ਮੁਲਾਕਾਤ, ਸ਼ੁਭਕਰਨ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਜਤਾਈ ਹਮਦਰਦੀ

ਮਸੀਹ ਖ਼ਿਲਾਫ਼ ਇਹ ਦਿੱਤੀ ਸੀ ਸ਼ਿਕਾਇਤ
ਆਮ ਆਦਮੀ ਪਾਰਟੀ ਦੇ ਮੇਅਰ ਅਹੁਦੇ ਦੇ ਉਮੀਦਵਾਰ ਕੁਲਦੀਪ ਸਿੰਘ ਨੇ ਸੈਕਟਰ-17 ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਆਮ ਆਦਮੀ ਪਾਰਟੀ ਨੇ ਨਗਰ ਨਿਗਮ ਚੰਡੀਗੜ੍ਹ ਲਈ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਚੋਣਾਂ ਲਈ ਕਾਂਗਰਸ ਪਾਰਟੀ ਨਾਲ ਗਠਜੋੜ ਕੀਤਾ ਸੀ। ਉਨ੍ਹਾਂ ਦੇ ਕੁੱਲ 20 ਕੌਂਸਲਰ ਹਨ, ਜੋ ਗਠਜੋੜ ’ਚ ਦੋਵੇਂ ਪਾਰਟੀਆਂ ਦੇ ਹਨ ਅਤੇ ਭਾਜਪਾ ਦੇ 14 ਕੌਂਸਲਰ ਹਨ। ਸੰਸਦ ਮੈਂਬਰ ਦਾ ਇਕ ਵੋਟ ਸੀ। ਮੇਅਰ ਚੋਣਾਂ ’ਚ ਭਾਜਪਾ ਦੇ ਮੈਂਬਰ ਅਤੇ ਕੌਂਸਲਰ ਅਨਿਲ ਮਸੀਹ ਨੂੰ ਪ੍ਰੀਜ਼ਾਈਡਿੰਗ ਅਫ਼ਸਰ ਬਣਾਇਆ ਗਿਆ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ 30 ਜਨਵਰੀ ਨੂੰ ਚੋਣਾਂ ਹੋਈਆ ਸਨ। ਕੁਲਦੀਪ ਨੂੰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ 20 ਵੋਟ ਦਿੱਤੇ ਸਨ ਜਦਕਿ ਭਾਜਪਾ ਦੇ ਮਨੋਜ ਸੋਨਕਰ ਨੂੰ 16 ਵੋਟ ਮਿਲੇ ਸਨ। ਪ੍ਰੀਜ਼ਾਈਡਿੰਗ ਅਫ਼ਸਰ ਨੇ 8 ਵੋਟਾਂ ਨੂੰ ਜਾਣ ਬੁੱਝ ਕੇ ਟਿੱਕ ਲਗਾ ਕੇ ਅਨਵੈਲਿਡ ਕੀਤਾ ਸੀ, ਜੋ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਿਆ। ਵੀਡਿਓ ’ਚ ਮਸੀਹ ਵੋਟਾਂ ਨੂੰ ਅਨਵੈਲਿਡ ਕਰਦੇ ਹੋਏ ਸਾਫ਼ ਦਿਖਾਈ ਦੇ ਰਹੇ ਹਨ। ਵੋਟਾਂ ਦੀ ਗਿਣਤੀ ਦੌਰਾਨ ਕਿਸੇ ਵੀ ਪੋਲਿੰਗ ਏਜੰਟ ਨੂੰ ਨਹੀਂ ਬੁਲਾਇਆ ਗਿਆ। ਭਾਜਪਾ ਨੂੰ ਜਿਤਾਉਣ ਲਈ ਵੋਟਾਂ ਨੂੰ ਟਿੱਕ ਲਗਾ ਕੇ ਅਨਵੈਲਿਡ ਕੀਤਾ ਸੀ। ਉਨ੍ਹਾਂ ਦੀ ਉਸ ਸਮੇਂ ਸੁਣੀ ਨਹੀਂ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੇਅਰ ਬਣਾਉਣ ਲਈ ਕਾਂਗਰਸ ਅਤੇ ਆਪ ਨੇ ਮਿਲ ਕੇ 20 ਵੋਟਾਂ ਪਾਈਆਂ ਸਨ ਪਰ ਮਸੀਹ ਨੇ 8 ਵੋਟਾਂ ਨੂੰ ਜਾਣ ਬੁੱਝ ਕੇ ਅਨਵੈਲਿਡ ਐਲਾਨ ਦਿੱਤਾ ਸੀ। 16 ਵੋਟਾਂ ਵਾਲੇ ਭਾਜਪਾ ਉਮੀਦਵਾਰ ਨੂੰ ਮੇਅਰ ਬਣਾ ਦਿੱਤਾ ਗਿਆ ਸੀ। ਸ਼ਿਕਾਇਤ ’ਚ ਇਹ ਵੀ ਕਿਹਾ ਗਿਆ ਹੈ ਕਿ ਭਾਜਪਾ ਕੌਂਸਲਰਾਂ ਨੇ ਚੋਣਾਂ ਦੌਰਾਨ ਜਾਣ ਬੁੱਝ ਕੇ ਹੰਗਾਮਾ ਕੀਤਾ ਸੀ। ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਨੇ ਭਾਜਪਾ ਵਲੋਂ ਮੇਅਰ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਨਾਲ ਸਾਜ਼ਿਸ਼ ਕਰ ਕੇ ਬੈਲੇਟ ਪੇਪਰ ’ਤੇ ਟਿੱਕ ਲਾਏ। ਉਨ੍ਹਾਂ ਸ਼ਿਕਾਇਤ ਦੇ ਨਾਲ ਵੀਡੀਓ ਪੈੱਨ ਡਰਾਈਵ ’ਚ ਜਮ੍ਹਾਂ ਕਰਵਾਈ ਹੈ। ਥਾਣਾ ਪੁਲਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ’ਚ ਡੀ. ਡੀ. ਆਰ. ਦਰਜ ਕੀਤੀ ਸੀ।

ਇਹ ਵੀ ਪੜ੍ਹੋ : ਪੱਛਮੀ ਬੰਗਾਲ ਦੇ ਸਿੱਖ ਅਫ਼ਸਰ ’ਤੇ ਸਵਾਲ ਚੁੱਕਣ ’ਤੇ ਭਾਜਪਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਠੋਕਵਾਂ ਜਵਾਬ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e


author

Anuradha

Content Editor

Related News