ਨਵੇਂ ਮੰਡੀਕਰਨ ਕਾਨੂੰਨ ਦੇ ਵਿਰੋਧ ''ਚ ਕਿਸਾਨ 20 ਜੁਲਾਈ ਨੂੰ ਆਪਣੇ ਟਰੈਕਟਰ ਲੈ ਕੇ ਸੜਕਾਂ ਤੇ ਆ ਜਾਣਗੇ: ਰਾਜੇਵਾਲ

06/10/2020 4:41:15 PM

ਸਮਰਾਲਾ (ਗਰਗ): ਮੋਦੀ ਸਰਕਾਰ ਵਲੋਂ ਆਰਡੀਨੈਂਸ ਰਾਹੀਂ ਲਾਗੂ ਕੀਤੇ ਨਵੇਂ ਮੰਡੀਕਰਨ ਕਾਨੂੰਨ ਵਿਰੁੱਧ ਪੰਜਾਬ ਦੇ ਕਿਸਾਨ 20 ਜੁਲਾਈ ਨੂੰ ਆਪਣੇ ਟਰੈਕਟਰ ਪੰਜਾਬ ਦੀਆਂ ਸੜਕਾਂ ਉੱਤੇ ਲਿਆ ਕੇ ਖੜ੍ਹੇ ਕਰ ਦੇਣਗੇ। ਇਹ ਫੈਸਲਾ ਅੱਜ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਜਥੇਬੰਦੀ ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਸ. ਰਾਜੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਪੰਜਾਬ ਦਾ ਮੰਡੀਕਰਨ ਢਾਂਚਾ ਤੋੜ ਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਝੂਠ ਬੋਲਣ ਵਿੱਚ ਸਭ ਤੋਂ ਵੱਧ ਮੋਹਰੀ ਰੋਲ ਅਦਾ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ 1976 ਤੋਂ ਬਾਅਦ ਕਿਸਾਨਾਂ ਉਤੇ ਆਪਣੇ ਜਿਣਸ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਵੇਚਣ ਉਤੇ ਕੋਈ ਪਾਬੰਦੀ ਨਹੀਂ। ਪੰਜਾਬ ਅਤੇ ਹਰਿਆਣੇ ਦਾ ਮੰਡੀਕਰਨ ਢਾਂਚਾ ਦੁਨੀਆਂ ਦਾ ਬਿਹਤਰੀਨ ਢਾਂਚਾ ਹੈ। ਪੰਜਾਬ ਦੇ ਕਿਸਾਨ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਆਰਡੀਨੈਂਸ ਤੋਂ ਬੇਹੱਦ ਖ਼ਫਾ ਹਨ। ਭਾਰਤੀ ਕਿਸਾਨ ਯੂਨੀਅਨ ਨੇ ਫੈਸਲਾ ਕੀਤਾ ਹੈ ਕਿ  ਮੋਦੀ ਸਰਕਾਰ ਦੇ ਇਸ ਫੈਸਲੇ ਵਿਰੁੱਧ ਝੋਨਾ ਲਾਉਣ ਤੋਂ ਤੁਰੰਤ ਬਾਅਦ 20 ਜੁਲਾਈ ਤੋਂ ਵੱਡਾ ਅੰਦੋਲਨ ਸ਼ੁਰੂ ਹੋ ਜਾਵੇਗਾ। ਯੂਨੀਅਨ ਵੱਲੋਂ ਪੰਜਾਬ ਦੇ ਹਰ ਪਿੰਡ ਦੇ ਸਰਪੰਚ, ਨੰਬਰਦਾਰਾਂ ਅਤੇ ਸਹਿਕਾਰੀ ਸਭਾਵਾਂ ਦੇ ਪ੍ਰਧਾਨਾਂ ਤੱਕ ਪਹੁੰਚ ਕਰਕੇ ਇਸ ਅੰਦੋਲਨ ਲਈ ਪਿੰਡ ਪੱਧਰ ਤੱਕ ਦੀ ਮੱਦਦ ਮੰਗੀ ਗਈ ਹੈ। ਇੱਕ ਮਤਾ ਪਾਸ ਕਰਕੇ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ, ਆੜ੍ਹਤੀਆਂ ਅਤੇ ਉਨ੍ਹਾਂ ਦੇ ਮੁਨੀਮਾਂ ਨੂੰ ਵੀ ਇਸ ਅੰਦੋਲਨ ਵਿੱਚ ਭਾਗੀਦਾਰ ਬਣਾਉਣ ਲਈ ਅਪੀਲ ਕੀਤੀ ਗਈ ਹੈ ਅਤੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਪੰਜਾਬ ਦੇ ਹਿੱਤ ਵਿੱਚ ਇਕੱਠੇ ਹੋ ਕੇ ਕਿਸਾਨਾਂ ਦੇ ਇਸ ਅੰਦੋਲਨ ਵਿੱਚ ਹਰ ਤਰ੍ਹਾਂ ਦੀ ਮਦਦ ਦੇਣ।

ਇੱਕ ਹੋਰ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਪੰਜਾਬ ਦੇ ਗੰਨਾ ਉਤਪਾਦਕ ਕਿਸਾਨਾਂ ਦੇ ਗੰਨੇ ਦਾ ਖੰਡ ਮਿੱਲਾਂ ਵੱਲ ਖੜ੍ਹਾ 680 ਕਰੋੜ ਰੁਪਏ ਦਾ ਬਕਾਇਆ ਤੁਰੰਤ ਅਦਾ ਕਰਵਾਏ ਜਾਂ ਫਿਰ ਅੰਦੋਲਨ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਸਰਬਸੰਮਤੀ ਨਾਲ ਮਤਾ ਪਾਸ ਕਰਕੇ ਮੋਦੀ ਸਰਕਾਰ ਦੀ ਇਸ ਗੱਲੋਂ ਵੀ ਸਖਤ ਨਿੰਦਾ ਕੀਤੀ ਗਈ ਕਿ ਉਹ ਦੁਨੀਆਂ ਦੀ ਮੰਡੀ ਵਿੱਚ ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਆਪਣਾ ਖਜਾਨਾ ਭਰਨ ਲਈ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਧਾਈ ਤੁਰੀ ਜਾ ਰਹੀ ਹੈ। ਸਰਕਾਰ ਤੋਂ ਕਿਸਾਨਾਂ ਦੀ ਮੰਦਹਾਲੀ ਨੂੰ ਧਿਆਨ ਵਿੱਚ ਰੱਖਦਿਆਂ  ਤੁਰੰਤ ਡੀਜ਼ਲ ਦੇ ਰੇਟ ਘਟਾਉਣ ਦੀ ਮੰਗ ਕੀਤੀ ਗਈ।


Shyna

Content Editor

Related News