ਕੋਟਕਪੂਰਾ ਦੇ ਨਵੇਂ ਬੱਸ ਸਟੈਂਡ ਨੇੜੇ ਕਿਰਾਏ ਦੇ ਕਮਰੇ ‘ਚ ਰਹਿੰਦੇ ਵਿਦਿਆਰਥੀ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ
Monday, May 18, 2026 - 05:35 PM (IST)
ਕੋਟਕਪੂਰਾ (ਨਰਿੰਦਰ ਬੈੜ੍ਹ) : ਕੋਟਕਪੂਰਾ ਦੇ ਨਵੇਂ ਬੱਸ ਸਟੈਂਡ ਨੇੜੇ ਇਕ ਘਰ ਵਿਚ ਕਿਰਾਏ ‘ਤੇ ਰਹਿੰਦੇ ਵਿਦਿਆਰਥੀ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਫਾਜ਼ਿਲਕਾ ਦੇ ਆਦਰਸ਼ ਨਗਰ ਨਿਵਾਸੀ ਨਿਪੁੰਨ ਪੁੱਤਰ ਰਜੇਸ਼ ਕੁਮਾਰ ਵਜੋਂ ਹੋਈ ਹੈ, ਜੋ ਇੱਥੋਂ ਦੇ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਵਿਚ ਬੀ.ਸੀ.ਏ ਪਹਿਲੇ ਸਾਲ ਦਾ ਵਿਦਿਆਰਥੀ ਸੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈਂਦੇ ਹੋਏ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਭੇਜ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਬਾਰੇ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ। ਮਿਲੀ ਜਾਣਕਾਰੀ ਅਨੁਸਾਰ ਨਿਪੁੰਨ ਦਾ ਅੱਜ ਪੇਪਰ ਸੀ ਅਤੇ ਉਸਦੇ ਪਰਿਵਾਰ ਵਾਲਿਆਂ ਵੱਲੋਂ ਅੱਜ ਸਵੇਰੇ ਜਦੋਂ ਉਸਨੂੰ ਫੋਨ ਕੀਤਾ ਗਿਆ ਪ੍ਰੰਤੂ ਜਦ ਅਗੋਂ ਕੋਈ ਜਵਾਬ ਨਾ ਮਿਲਿਆ ਤਾਂ ਉਨ੍ਹਾਂ ਮਕਾਨ ਮਾਲਕਾਂ ਨਾਲ ਸੰਪਰਕ ਕੀਤਾ। ਮਕਾਨ ਮਾਲਕਾਂ ਨੇ ਜਦ ਉਸਦੇ ਕਮਰੇ ਕੋਲ ਜਾ ਕੇ ਵੇਖਿਆ ਤਾਂ ਕਮਰਾ ਅੰਦਰੋ ਬੰਦ ਸੀ। ਵਾਰ-ਵਾਰ ਦਰਵਾਜ਼ਾ ਖੜਕਾਉਣ ''ਤੇ ਵੀ ਜਦ ਦਰਵਾਜਾ ਨਾ ਖੁੱਲਿਆ ਤਾਂ ਮਕਾਨ ਮਾਲਕਾਂ ਵੱਲੋਂ ਇਸਦੀ ਸੂਚਨਾ ਥਾਣਾ ਸਿਟੀ ਪੁਲਸ ਨੂੰ ਦਿੱਤੀ ਗਈ।
ਇਸ ਦੌਰਾਨ ਦਲਜੀਤ ਸਿੰਘ ਏ.ਐਸ.ਆਈ. ਦੀ ਅਗਵਾਈ ਵਾਲੀ ਪੁਲਸ ਪਾਰਟੀ ਮੌਕੇ ''ਤੇ ਪੁੱਜੀ ਅਤੇ ਪੁਲਸ ਪਾਰਟੀ ਵੱਲੋਂ ਇਸ ਸਬੰਧੀ ਨਿਪੁੰਨ ਦੇ ਮਾਪਿਆਂ ਨੂੰ ਸੂਚਿਤ ਕੀਤੇ ਜਾਣ ''ਤੇ ਪਰਿਵਾਰ ਦੇ ਮੈਂਬਰ ਮੌਕੇ ''ਤੇ ਪੁੱਜੇ। ਜਾਣਕਾਰੀ ਅਨੁਸਾਰ 22 ਸਾਲਾ ਨਿਪੁੰਨ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਨਵੇਂ ਬੱਸ ਸਟੈਂਡ ਨੇੜੇ ਇਕ ਗਲੀ ਵਿੱਚ ਕਿਰਾਏ ਦੇ ਕਮਰੇ ਵਿਚ ਰਹਿ ਰਿਹਾ ਸੀ ਅਤੇ ਅੱਜ ਉਸਦਾ ਪੇਪਰ ਵੀ ਸੀ। ਇਸ ਸਬੰਧ ਵਿਚ ਮਕਾਨ ਮਾਲਕ ਜਤਿੰਦਰ ਸਿੰਘ ਨੇ ਦੱਸਿਆ ਕਿ ਨਿਪੁੰਨ ਪਿਛਲੇ ਚਾਰ ਮਹੀਨਿਆਂ ਤੋਂ ਉਨ੍ਹਾਂ ਦੇ ਘਰ ਵਿਚ ਕਿਰਾਏ ‘ਤੇ ਰਹਿ ਰਿਹਾ ਸੀ ਅਤੇ ਕਾਲਜ ਵਿਚ ਪੜ੍ਹਾਈ ਕਰ ਰਿਹਾ ਸੀ। ਇਸ ਸਬੰਧੀ ਥਾਣਾ ਸਿਟੀ ਦੇ ਏ.ਐਸ.ਆਈ ਦਲਜੀਤ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
