ਭਾਣਜੇ ਦੇ ਵਿਆਹ ’ਚ ਆਏ ਰਿਟਾ. SI ਨੂੰ 2 ਨਕਾਬਪੋਸ਼ ਔਰਤਾਂ ਨੇ ਬਣਾਇਆ ਸ਼ਿਕਾਰ, ਲੁੱਟੇ ਲੱਖਾਂ ਦੇ ਗਹਿਣੇ ਤੇ ਨਕਦੀ

Thursday, Sep 08, 2022 - 05:44 PM (IST)

ਭਾਣਜੇ ਦੇ ਵਿਆਹ ’ਚ ਆਏ ਰਿਟਾ. SI ਨੂੰ 2 ਨਕਾਬਪੋਸ਼ ਔਰਤਾਂ ਨੇ ਬਣਾਇਆ ਸ਼ਿਕਾਰ, ਲੁੱਟੇ ਲੱਖਾਂ ਦੇ ਗਹਿਣੇ ਤੇ ਨਕਦੀ

ਲੁਧਿਆਣਾ (ਰਿਸ਼ੀ)–ਭਾਣਜੇ ਦੇ ਵਿਆਹ ’ਚ ਗੁਰਦਾਸਪੁਰ ਤੋਂ ਸ਼ਾਮਲ ਹੋਣ ਪਤਨੀ ਨਾਲ ਪੰਜਾਬ ਪੁਲਸ ਦੇ ਰਿਟਾ. ਐੱਸ. ਆਈ. ਨੂੰ 2 ਨਾਕਾਬਪੋਸ਼ ਨੌਸਰਬਾਜ਼ ਔਰਤਾਂ ਨੇ ਆਪਣਾ ਸ਼ਿਕਾਰ ਬਣਾ ਲਿਆ ਤੇ ਲੱਖਾਂ ਦੀ ਕੀਮਤ ਦੇ ਗਹਿਣੇ ਅਤੇ 1 ਲੱਖ 12 ਹਜ਼ਾਰ ਨਕਦੀ ਲੈ ਕੇ ਰਫੂਚੱਕਰ ਹੋ ਗਈਆਂ। ਇਸ ਮਾਮਲੇ ’ਚ ਥਾਣਾ ਬਸਤੀ ਜੋਧੇਵਾਲ ਦੀ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਗੋਪਾਲ ਨਗਰ, ਗੁਰਦਾਸਪੁਰ ਦੇ ਰਹਿਣ ਵਾਲੇ ਦੇਵਰਾਜ ਨੇ ਦੱਸਿਆ ਕਿ 22 ਅਗਸਤ ਨੂੰ ਪਤਨੀ ਰੀਟਾ ਦੇਵੀ ਦੇ ਨਾਲ ਭਾਣਜੇ ਦੇ ਵਿਆਹ ’ਚ ਆਇਆ ਸੀ ਤੇ 4 ਸਤੰਬਰ ਨੂੰ ਵਿਆਹ ਤੋਂ ਬਾਅਦ ਵਾਪਸ ਜਾਣਾ ਸੀ।

ਉਨ੍ਹਾਂ ਕੋਲ ਇਕ ਬੈਗ ਤੇ ਅਟੈਚੀ ਸੀ। ਉਹ ਈ-ਰਿਕਸ਼ਾ ’ਚ ਬੈਠ ਕੇ ਸਮਰਾਲਾ ਚੌਕ ਤੋਂ ਜਲੰਧਰ ਬਾਈਪਾਸ ਵੱਲ ਜਾ ਰਹੇ ਸਨ ਕਿ ਜਲੰਧਰ ਬਾਈਪਾਸ ਤੋਂ ਉਨ੍ਹਾਂ ਦੇ ਨਾਲ ਈ-ਰਿਕਸ਼ਾ ’ਚ ਦੋ ਔਰਤਾਂ ਆ ਕੇ ਸਵਾਰੀ ਦੇ ਰੂਪ ’ਚ ਬੈਠ ਗਈਆਂ। ਇਨ੍ਹਾਂ ਔਰਤਾਂ ਨੇ ਚਿਹਰੇ ’ਤੇ ਕੱਪੜਾ ਬੰਨ੍ਹਿਆ ਹੋਇਆ ਸੀ, ਜੋ ਸ਼ਿਵਪੁਰੀ ਚੌਕ ਕੋਲ ਉਤਰ ਗਈਆਂ। ਜਦੋਂ ਉਨ੍ਹਾਂ ਨੇ ਬਸਤੀ ਜੋਧੇਵਾਲ ਚੌਕ ਕੋਲ ਜਾ ਕੇ ਦੇਖਿਆ ਤਾਂ ਬੈਗ ਦੀ ਜ਼ਿੱਪ ਖੁੱਲ੍ਹੀ ਹੋਈ ਸੀ ਅਤੇ ਬੈਗ ’ਚੋਂ 2 ਸੋਨੇ ਦੇ ਕੰਗਣ, 5 ਅੰਗੂਠੀਆਂ, 3 ਸੋਨੇ ਦੀਆਂ ਚੇਨਾਂ, ਸੋਨੇ ਦਾ ਸੈੱਟ, ਕੰਨਾਂ ਦੀਆਂ ਵਾਲੀਆਂ ਦੀ ਜੋੜੀ ਅਤੇ ਹੋਰ ਕੀਮਤੀ ਸਾਮਾਨ ਗਾਇਬ ਸੀ। ਪੁਲਸ ਦੇ ਅਨੁਸਾਰ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।


author

Manoj

Content Editor

Related News