ਪ੍ਰਾਇਮਰੀ ਪੱਧਰ ''ਤੇ ਸਿੱਖਿਆ ਦੇ ਆਧਾਰ ਨੂੰ ਵਧੀਆ ਬਣਾਉਣ ਦੀ ਲੋੜ : ਡੀ. ਸੀ.

04/15/2018 11:15:03 AM

ਲੁਧਿਆਣਾ (ਜ.ਬ.)—ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ (ਸੀ.ਐੱਸ.ਆਰ.) ਦੇ ਤਹਿਤ ਸਮਾਜ ਸੇਵਾ ਵਿਚ ਮੋਹਰੀ ਏਵਨ ਸਾਈਕਲ ਨੇ ਕਨਫੈੱਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਦੇ ਸੰਯੋਜ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਨਵੇਂ ਕਲਾਸਰੂਮ ਭੇਟ ਕੀਤੇ। ਬੀ. ਆਰ. ਐੱਸ. ਨਗਰ, ਹਾਊਸਿੰਗ ਬੋਰਡ ਕਾਲੋਨੀ ਸਥਿਤ ਸਕੂਲ ਦੇ ਵਿਹੜੇ ਵਿਚ ਬਣਵਾਏ ਗਏ ਇਨ੍ਹਾਂ ਕਲਾਸਰੂਮਾਂ ਦਾ ਸ਼ੁੱਭ ਆਰੰਭ ਡੀ. ਸੀ. ਪ੍ਰਦੀਪ ਅਗਰਵਾਲ ਨੇ ਕੀਤਾ। ਇਸ ਮੌਕੇ ਏਵਨ ਸਾਈਕਲ ਦੇ ਮੁਖੀ ਓਂਕਾਰ ਸਿੰਘ ਪਾਹਵਾ, ਡਿਪਟੀ ਐਜੂਕੇਸ਼ਨ ਅਫਸਰ ਡਿੰਪਲ ਮਦਾਨ, ਕੌਂਸਲਰ ਸੁਨੀਲ ਕਪੂਰ, ਰਿਸ਼ੀ ਪਾਹਵਾ, ਮਨਦੀਪ ਪਾਹਵਾ, ਰਾਲਕੋ ਦੇ ਸੰਜੀਵ ਪਾਹਵਾ, ਐੱਸ.ਐੱਸ. ਭੋਗਲ, ਇੰਦਰਜੀਤ ਨਾਗਪਾਲ, ਨਲਿਨ ਤਾਇਲ, ਮਨਜਿੰਦਰ ਸਚਦੇਵਾ, ਗੌਰਵ ਸਚਦੇਵਾ, ਨੀਰਜ ਕੁਮਾਰ, ਬੀ. ਐੱਸ. ਧੀਮਾਨ ਤੋਂ ਇਲਾਵਾ ਕਈ ਹੋਰ ਹਾਜ਼ਰ ਸਨ। ਡੀ. ਸੀ. ਪ੍ਰਦੀਪ ਅਗਰਵਾਲ ਨੇ ਕਿਹਾ ਕਿ ਵਿਸ਼ਵ ਵਿਚ ਤੇਜ਼ੀ ਨਾਲ ਵਧ ਰਹੀ ਭਾਰਤੀ ਅਰਥ ਵਿਵਸਥਾ ਨੂੰ ਦੇਖਦੇ ਹੋਏ ਕਈ ਸੈਕਟਰਾਂ ਵਿਚ ਭਾਰੀ ਬਦਲਾਅ ਆ ਰਹੇ ਹਨ। ਇਨ੍ਹਾਂ ਵਿਚ ਐਜੂਕੇਸ਼ਨ ਸੈਕਟਰ ਮੁੱਖ ਹੈ। ਕਾਰਪੋਰੇਟ ਸੈਕਟਰ ਦੇ ਅਜਿਹੇ ਉਪਰਾਲੇ ਭਾਰਤੀ ਸਿੱਖਿਆ ਖੇਤਰ ਦੇ ਪੱਧਰ ਅਤੇ ਵਾਤਾਵਰਣ ਦੋਵਾਂ ਨੂੰ ਹੀ ਉੱਚ ਬਣਾਉਣ ਵਿਚ ਸਹਾਈ ਹੋਣਗੇ। ਏਵਨ ਸਾਈਕਲ ਦੇ ਏ. ਸੀ. ਐੱਮ. ਡੀ. ਅਤੇ ਸੀ. ਆਈ. ਆਈ. ਲੁਧਿਆਣਾ ਜ਼ੋਨ ਦੇ ਮੁਖੀ ਓਂਕਾਰ ਸਿੰਘ ਪਾਹਵਾ ਨੇ ਕਿਹਾ ਕਿ ਏਵਨ ਸਮੂਹ ਦਾ ਯਕੀਨ ਹੈ ਕਿ ਦੇਸ਼ ਵਿਚ ਪ੍ਰਾਇਮਰੀ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਜ਼ਰੂਰੀ ਕਦਮ ਚੁੱਕਣ ਦੀ ਲੋੜ ਹੈ। ਮੂਲ ਪੱਧਰ 'ਤੇ ਛੋਟੇ ਬੱਚਿਆਂ ਨੂੰ ਦਿੱਤੇ ਗਏ ਕੁਸ਼ਲ ਆਧਾਰ ਤੋਂ ਸਿੱਖਿਅਤ ਭਾਰਤ ਦੀ ਨੀਂਹ ਅਤੇ ਸੁਪਨੇ ਨੂੰ ਦ੍ਰਿੜ੍ਹ ਬਣਾਇਆ ਜਾ ਸਕਦਾ ਹੈ।


Related News