ਨੈਸ਼ਨਲ ਹਾਈਵੇਅ ’ਤੇ ਕਾਰ ਲੁੱਟਣ ਦੀ ਕੋਸ਼ਿਸ਼ ’ਚ ਸਨ 2 ਨੌਜਵਾਨ, 1 ਪਿਸਤੌਲ 32 ਬੋਰ ਅਤੇ 9 ਰੌਂਦ ਸਣੇ ਕਾਬੂ

04/12/2022 8:52:30 AM

ਸੰਗਰੂਰ (ਬੇਦੀ) - ਪੁਲਸ ਨੇ 2 ਨੌਜਵਾਨਾਂ ਨੂੰ 1 ਪਿਸਤੌਲ 32 ਬੋਰ ਅਤੇ 9 ਰੌਂਦ ਸਣੇ ਕਾਬੂ ਕੀਤਾ ਹੈ। ਜ਼ਿਲ੍ਹਾ ਪੁਲਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਪਲਵਿੰਦਰ ਸਿੰਘ ਚੀਮਾ ਐੱਸ. ਪੀ. (ਇੰਨ :) ਸੰਗਰੂਰ ਅਤੇ ਯੋਗੇਸ਼ ਕੁਮਾਰ ਡੀ. ਐੱਸ. ਪੀ. (ਡੀ ) ਸੰਗਰੂਰ ਦੇ ਨਿਰਦੇਸ਼ਾਂ ਅਨੁਸਾਰ ਜੇਰ ਨਿਗਰਾਨੀ ਇੰਸਪੈਕਟਰ ਅਮਰਬੀਰ ਸਿੰਘ, ਇੰਚਾਰਜ ਸੀ.ਆਈ.ਏ. ਸੰਗਰੂਰ ਦੀ ਟੀਮ ਨੂੰ ਵੱਡੀ ਸਫਲਤਾ ਮਿਲੀ। 

ਸ. ਥ. ਏ.ਐੱਸ.ਆਈ. ਪ੍ਰੇਮ ਸਿੰਘ ਸੀ.ਆਈ.ਏ. ਸੰਗਰੂਰ ਸਮੇਤ ਪੁਲਸ ਪਾਰਟੀ ਨੇ ਗੁਪਤ ਸੂਚਨਾ ਮਿਲਣ ’ਤੇ ਗਸ਼ਤ ਦੌਰਾਨ ਸਿਵਲ ਹਸਪਤਾਲ ਸੰਗਰੂਰ-ਧੂਰੀ ਰੋਡ ਬਾ ਹੱਦ ਸੰਗਰੂਰ ਤੋਂ ਦੋਸ਼ੀਆਨ ਪੁਸ਼ਪਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਸੁਖਚੈਨ ਸਿੰਘ ਉਰਫ ਸ਼ੇਰੂ ਪੁੱਤਰ ਗੁਰਜੰਟ ਸਿੰਘ ਨੂੰ ਕਾਬੂ ਕਰ ਲਿਆ। ਉਕਤ ਨੌਜਵਾਨਾਂ ਦੇ ਕਬਜ਼ੇ ’ਚੋਂ 01 ਪਿਸਤੋਲ 32 ਬੋਰ ਦੇਸੀ ਸਮੇਤ 12 ਮੈਗਜ਼ੀਨ, 9 ਰੌਂਦ 32 ਬੋਰ ਜਿੰਦਾ ਅਤੇ 1 ਕਿਰਪਾਨ ਸਮੇਤ ਕਾਰ ਮਾਰਕਾ ਕਰੂਜ ਰੰਗ ਚਿੱਟਾ ਬਰਾਮਦ ਹੋਈ। ਜਿਸ ਦੇ ਤਹਿਤ ਥਾਣਾ ਸਿਟੀ ਸੰਗਰੂਰ ਵਿਖੇ ਮੁਕੱਦਮਾ ਦਰਜ ਕਰ ਦਿੱਤਾ ਗਿਆ।

ਦੌਰਾਨੇ ਪੁੱਛ-ਗਿੱਛ ਦੋਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਬਰਾਮਦਸ਼ੁਦਾ ਅਸਲ ਦੀ ਨੋਕ ’ਤੇ ਮੌਕਾ ਦੇਖ ਕੇ ਕਿਸੇ ਵੀ ਨੈਸ਼ਨਲ ਹਾਈਵੇ ’ਤੇ ਇਕੱਲੇ ਕਾਰ ਚਾਲਕ ਨੂੰ ਟਾਰਗੇਟ ਕਰ ਕੇ ਕਾਰ ਖੋਹ ਕਰਨੀ ਸੀ। ਜੋ ਸੰਗਰੂਰ ਪੁਲਸ ਵੱਲੋਂ ਉਕਤਾਨ ਦੋਸ਼ੀਆਨ ਨੂੰ ਕਾਬੂ ਕਰ ਕੇ ਵੱਡੀ ਵਾਰਦਾਤ ਹੋਣ ਤੋਂ ਬਚਾਅ ਹੋ ਗਿਆ ਹੈ। ਉਕਤਾਨ ਦੋਸ਼ੀਆਨ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਇਨ੍ਹਾਂ ਪਾਸੋਂ ਬਰਾਮਦ ਨਾਜਾਇਜ਼ ਅਸਲੇ ਬਾਰੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।
 
 


rajwinder kaur

Content Editor

Related News