ਹਲਕਾ ਸੰਗਰੂਰ ਨੂੰ ਦੇਸ਼ ਦੇ ਨਕਸ਼ੇ ’ਤੇ ਲਿਆਉਣਾ ਹੀ ਮੇਰਾ ਟੀਚਾ : ਵਿਜੈ ਇੰਦਰ ਸਿੰਗਲਾ

Thursday, Jan 27, 2022 - 10:11 PM (IST)

ਹਲਕਾ ਸੰਗਰੂਰ ਨੂੰ ਦੇਸ਼ ਦੇ ਨਕਸ਼ੇ ’ਤੇ ਲਿਆਉਣਾ ਹੀ ਮੇਰਾ ਟੀਚਾ : ਵਿਜੈ ਇੰਦਰ ਸਿੰਗਲਾ

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਵਿਧਾਨ ਸਭਾ ਹਲਕਾ ਸੰਗਰੂਰ ਤੋਂ ਅੱਜ ਕਾਂਗਰਸ ਦੇ ਉਮੀਦਵਾਰ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਭਵਾਨੀਗੜ ਸ਼ਹਿਰ ਵਿੱਚ ਖੋਲੇ ਗਏ ਦਫ਼ਤਰ ਦੌਰਾਨ ਸਮੁੱਚਾ ਸ਼ਹਿਰ ਹੀ ਉਮੜ ਆਇਆ ਅਤੇ ਇੱਕ ਰੈਲੀ ਦਾ ਰੂਪ ਧਾਰ ਲਿਆ। ਭਵਾਨੀਗੜ੍ਹ ਦੀ ਅਨਾਜ ਮੰਡੀ ਵਿਖੇ ਅੱਜ ਕਾਂਗਰਸੀ ਉਮੀਦਵਾਰ ਵਿਜੈ ਇੰਦਰ ਸਿੰਗਲਾ ਵੱਲੋਂ ਦਫ਼ਤਰ ਖੋਲ੍ਹਿਆ ਗਿਆ। ਇਸ ਦੌਰਾਨ ਹੋਏ ਵੱਡੇ ਇਕੱਠ ਨੂੰ ਵੇਖ ਗਦਗਦ ਹੋਏ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਵਿਧਾਨ ਸਭਾ ਹਲਕਾ ਸੰਗਰੂਰ ਨੂੰ ਦੇਸ਼ ਦੇ ਨਕਸ਼ੇ ’ਤੇ ਦੇਖਣਾ ਹੈ, ਜਿਸ ਦੀ ਸ਼ੁਰੂਆਤ ਪਹਿਲੀ ਪਾਰੀ ’ਚ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੇ ਵਿਰੋਧੀਆਂ ਕੋਲ ਬੋਲਣ ਲਈ ਕੁਝ ਵੀ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਵਿਰੋਧੀਆਂ ਦੀ ਹਰ ਗੱਲ ਦਾ ਜਵਾਬ ਵਿਕਾਸ ਨਾਲ ਦਿੱਤਾ ਹੈ।

ਸਿੰਗਲਾ ਨੇ ਕਿਹਾ ਕਿ ਅੱਜ ਵਿਕਾਸ ਦੇ ਦਮ ’ਤੇ ਹੀ ਚੋਣ ਮੈਦਾਨ ’ਚ ਦੁਬਾਰਾ ਉਤਰਿਆ ਹਾਂ ਅਤੇ ਲੋਕਾਂ ਵੱਲੋਂ ਵੀ ਉਨ੍ਹਾਂ ਨੂੰ ਭਾਰੀ ਉਤਸ਼ਾਹ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ’ਚ ਕੀਤੇ ਗਏ ਵਿਕਾਸ ਕੰਮਾਂ ਦੀ ਤਸਵੀਰ ਸ਼ਹਿਰ ਦੇ ਬਦਲੇ ਰੂਪ ਤੋਂ ਵੇਖਣ ਨੂੰ ਮਿਲ ਰਹੀ ਹੈ ਤੇ ਹਰ ਪਿੰਡ ’ਚ ਭੇਜੀ ਗ੍ਰਾਂਟ ਸਦਕਾ ਅੱਜ ਹਰ ਪਿੰਡ ’ਚ ਬੁਨਿਆਦੀ ਸਹੂਲਤਾਂ ਪੂਰੀਆਂ ਕੀਤੀਆਂ ਗਈਆਂ ਹਨ, ਜਿਸ ਤਹਿਤ ਹਰ ਪਿੰਡ ’ਚ ਉਨ੍ਹਾਂ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਅੱਜ ਦੇ ਇਸ ਦੌਰੇ ਦੌਰਾਨ ਪਿੰਡਾਂ ਦੀਆਂ ਪੰਚਾਇਤਾਂ ਅਤੇ ਖੇਡ ਕਲੱਬਾਂ ਦੇ ਮੈਂਬਰਾਂ ਵੱਲੋਂ ਵਿਜੈ ਇੰਦਰ ਸਿੰਗਲਾ ਨੂੰ ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਭਰਪੂਰ ਸਮਰਥਨ ਦੇਣ ਦਾ ਵਾਅਦਾ ਕਰਦਿਆਂ ਦਾਅਵਾ ਕੀਤਾ ਗਿਆ ਕਿ ਇਸ ਚੋਣ ’ਚ ਵਿਜੈ ਇੰਦਰ ਸਿੰਗਲਾ ਹੀ ਜੇਤੂ ਰਹਿਣਗੇ।


author

Manoj

Content Editor

Related News