ਨੌਜਵਾਨ ਦੇ ਕਤਲ ਲਈ ਜ਼ਿੰਮੇਵਾਰ ਮ੍ਰਿਤਕ ਦੇ ਸਕੇ ਭਰਾ ਸਮੇਤ 4 ਵਿਅਕਤੀਆਂ ਨੂੰ ਪੁਲਸ ਨੇ ਕੀਤਾ ਕਾਬੂ

05/03/2020 6:04:35 PM

ਭਵਾਨੀਗੜ੍ਹ (ਕਾਂਸਲ): ਭੱਟੀਵਾਲ ਕਲ੍ਹਾਂ ਵਿਖੇ ਬੀਤੀ 30 ਅਪ੍ਰੈਲ ਦੀ ਦੇਰ ਸ਼ਾਮ ਇਕ ਨੌਜਵਾਨ ਦੇ ਢਿੱਡ 'ਚ ਕਿਰਪਾਨ ਮਾਰ ਕੇ ਬੇਰਹਿਮੀ ਨਾਲ ਕੀਤੇ ਕਤਲ ਸਬੰਧੀ ਸਥਾਨਕ ਥਾਣਾ ਮੁਖੀ ਸਬ ਇੰਸਪੈਕਟਰ ਰਮਨਦੀਪ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਮ੍ਰਿਤਕ ਦੇ ਭਰਾ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਬ ਇੰਸਪਕੈਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਭੱਟੀਵਾਲ ਕਲਾਂ ਵਿਖੇ ਬੀਤੀ 30 ਅਪ੍ਰੈਲ ਦੀ ਦੇਰ ਸ਼ਾਮ ਨੂੰ ਵਰਿੰਦਰ ਸਿੰਘ ਬਿੱਟੂ ਪੁੱਤਰ ਗੁਰਮੇਲ ਸਿੰਘ ਦੇ ਹੋਏ ਕਤਲ ਸਬੰਧੀ ਪੁਲਿਸ ਨੇ ਇਕ ਗੁਪਤ ਸੂਚਨਾ ਦੇ ਅਧਾਰ 'ਤੇ ਪਿੰਡ ਭੱਟੀਵਾਲ ਕਲ੍ਹਾਂ ਤੋਂ ਕਪਿਆਲ ਨੂੰ ਜਾਂਦੇ ਰਸਤੇ 'ਚੋਂ ਕਤਲ ਦੇ ਜ਼ਿੰਮੇਵਾਰ ਕਤਲ ਹੋਏ ਨੌਜਵਾਨ ਦੇ ਸਕੇ ਭਰਾ ਲਖਵੀਰ ਸਿੰਘ ਲੱਖੀ ਪੁੱਤਰ ਗੁਰਮੇਲ ਸਿੰਘ, ਕਤਲ ਕਰਨ ਵਾਲੇ ਮੁੱਖ ਦੋਸ਼ੀ ਮਨਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ, ਗਗਨਦੀਪ ਸਿੰਘ ਗੱਗੀ ਪੁੱਤਰ ਪ੍ਰੀਤਮ ਸਿੰਘ ਅਤੇ ਹਰਪ੍ਰੀਤ ਸਿੰਘ ਉਰਫ ਬਿੱਲਾ ਪੁੱਤਰ ਗੁਰਮੇਲ ਸਿੰਘ ਸਾਰੇ ਵਾਸੀਅਨ ਭੱਟੀਵਾਲ ਕਲ੍ਹਾਂ ਜੋ ਕਿ 2 ਮੋਟਰ ਸਾਈਕਲਾਂ 'ਤੇ ਸਵਾਰ ਸਨ, ਨੂੰ ਕਾਬੂ ਕਰਕੇ ਇਨ੍ਹਾਂ ਦੇ ਕਬਜ਼ੇ 'ਚੋਂ ਕਤਲ ਵਿਚ ਵਰਤੀ ਗਈ ਖੂਨ ਨਾਲ ਲਿਬੜੀ ਕਿਰਪਾਨ ਅਤੇ ਡੰਡੇ ਵਗੈਰਾ ਵੀ ਬਰਾਮਦ ਕਰ ਲਏ ਹਨ।

ਥਾਣਾ ਮੁਖੀ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਤੋਂ ਕੀਤੀ ਪੁਛ-ਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਲਖਵੀਰ ਸਿੰਘ ਲੱਖੀ ਅਤੇ ਵਰਿੰਦਰ ਸਿੰਘ ਬਿੱਟੂ ਸਕੇ ਭਰਾ ਸਨ ਅਤੇ ਲਖਵੀਰ ਸਿੰਘ ਲੱਖੀ ਨੇ ਸਾਂਝੀ ਕੰਬਾਈਨ ਉਪਰ ਆਪਣੇ ਦੋਸਤ ਮਨਪ੍ਰੀਤ ਸਿੰਘ ਨੂੰ ਡਰਾਈਵਰ ਰੱਖਿਆ ਹੋਇਆ ਸੀ ਅਤੇ ਮਨਪ੍ਰੀਤ ਸਿੰਘ ਵੱਲੋਂ ਕੰਬਾਇਨ 'ਤੇ ਕੰਮ ਕਰਦੇ ਸਮੇਂ ਵਰਿੰਦਰ ਸਿੰਘ ਬਿੱਟੂ ਵੱਲੋਂ ਕਹੇ ਕੰਮ ਨੂੰ ਤਵਜੋਂ ਨਾ ਦੇਣ ਅਤੇ ਸਿਰਫ ਲਖਵੀਰ ਸਿੰਘ ਦੀ ਹੀ ਗੱਲ ਮੰਨਨ ਕਾਰਨ ਮਨਪ੍ਰੀਤ ਸਿੰਘ ਅਤੇ ਵਰਿੰਦਰ ਸਿੰਘ ਵਿਚ ਅਕਸਰ ਹੁੰਦੀ ਤੂੰ-ਤੂੰ ਮੈਂ-ਮੈਂ ਕਾਰਣ ਲੜਾਈ ਝਗੜਾ ਵੀ ਹੁੰਦਾ ਸੀ ਅਤੇ ਮ੍ਰਿਤਕ ਵਰਿੰਦਰ ਸਿੰਘ ਬਿੱਟੂ ਵੱਲੋਂ ਆਪਣੀ ਭਰਾਈ ਨਾਲ ਕਥਿਤ ਤੌਰ 'ਤੇ ਮਨਪ੍ਰੀਤ ਸਿੰਘ ਦੇ ਸਬੰਧ ਹੋਣ ਦੇ ਸ਼ੱਕ ਦੇ ਚਲਦਿਆਂ ਮਨਪ੍ਰੀਤ ਸਿੰਘ ਨੂੰ ਆਪਣੇ ਘਰ ਆਉਣ ਤੋਂ ਰੋਕ ਦੇਣ ਕਾਰਣ ਮਨਪ੍ਰੀਤ ਸਿੰਘ ਵਰਿੰਦਰ ਬਿੱਟੂ ਨਾਲ ਰੰਜਿਸ਼ ਰੱਖਦਾ ਸੀ। ਉਨ੍ਹਾਂ ਦੱਸਿਆ ਕਿ ਦੋਵੇਂ ਭਰਾਵਾਂ 'ਚ ਵੀ ਹੁਣ ਸਾਂਝੇ ਘਰ, ਜ਼ਮੀਨ ਅਤੇ ਕੰਬਾਈਨ ਦੀ ਵੰਡ ਨੂੰ ਲੈ ਕੇ ਅਕਸਰ ਝਗੜਾ ਰਹਿੰਦਾ ਸੀ। ਇਸ ਕਰਕੇ ਮ੍ਰਿਤਕ ਦਾ ਭਰਾ ਲਖਵੀਰ ਸਿੰਘ ਆਪਣੇ ਦੋਸਤ ਮਨਪ੍ਰੀਤ ਸਿੰਘ ਨੂੰ ਆਪਣੇ ਭਰਾ ਨਾਲ ਝਗੜਾ ਕਰਨ ਤੋਂ ਰੋਕਣ ਦੀ ਥਾਂ ਉਲਟਾ ਸ਼ਹਿ ਦਿੰਦਾ ਸੀ।

PunjabKesari

ਉਨ੍ਹਾਂ ਦੱÎਸਿਆ ਕਿ ਕਤਲ ਦੀ ਘਟਨਾਂ ਤੋਂ ਕੁਝ ਦਿਨ ਪਹਿਲਾਂ ਪਿੰਡ ਵਿਚ ਬਿੱਟੂ ਅਤੇ ਮਨਪ੍ਰੀਤ ਸਿੰਘ ਦੀ ਆਪਸ ਵਿਚ ਬਹਿਸਬਾਜ਼ੀ ਹੋਈ ਅਤੇ ਘਟਨਾ ਵਾਲੇ ਦਿਨ ਵੀ ਦਿਨ ਸਮੇਂ ਫਿਰ ਬਿੱਟੂ ਅਤੇ ਮਨਪ੍ਰੀਤ ਵਿਚਕਾਰ ਹੱਥਾਂ ਪਾਈ ਹੋਈ ਅਤੇ ਇਸ ਦੌਰਾਨ ਬਿੱਟੂ ਦੇ ਨਾਲ ਮੌਜੂਦ ਵਿਅਕਤੀ ਨੇ ਦੋਵਾਂ ਨੂੰ ਲੜਨ ਤੋਂ ਰੋਕ ਦਿੱਤਾ ਪਰ ਇਥੇ ਦੋਵਾਂ ਵੱਲੋਂ ਇਕ ਦੂਜੇ ਨੂੰ ਚੈਲਿੰਜ਼ ਕਰਦਿਆਂ ਲੜਨ ਲਈ ਟਾਇਮ ਬੰਨਣ ਲੱਗੇ, ਜਿਸ ਤੋਂ ਬਾਅਦ ਵਰਿੰਦਰ ਸਿੰਘ ਬਿੱਟੂ ਜਦੋਂ ਆਪਣੇ ਇਕ ਉਕਤ ਸਾਥੀ ਨਾਲ ਰਾਤ ਦੀ ਰੋਟੀ ਲੈ ਕੇ ਸਵਿਫਟ ਕਾਰ ਰਾਹੀਂ ਖੇਤ ਜਾ ਰਿਹਾ ਸੀ, ਤਾਂ ਦੋ ਮੋਟਰਸਾਇਕਲਾਂ 'ਤੇ ਸਵਾਰ ਹੋ ਕੇ ਆਏ ਮਨਪ੍ਰੀਤ ਸਿੰਘ ਨੇ ਆਪਣੇ ਤਿੰਨ ਹੋਰ ਦੋਸਤਾਂ ਗਗਨਦੀਪ ਸਿੰਘ, ਬਹਾਦਰ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਨਾਲ ਲੈ ਕੇ ਕਾਰ ਨੂੰ ਰਸਤੇ ਵਿਚ ਘੇਰ ਕੇ ਵਰਿੰਦਰ ਸਿੰਘ ਬਿੱਟੂ 'ਤੇ ਕਿਰਪਾਨ ਅਤੇ ਡੰਡਿਆਂ ਨਾਲ ਹਮਲਾ ਕਰਕੇ ਬਿੱਟੂ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਇਲਾਜ਼ ਦੌਰਾਨ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਵਰਿੰਦਰ ਬਿੱਟੂ ਦੀ ਮੌਤ ਹੋ ਗਈ ਸੀ।

ਥਾਣਾ ਮੁਖੀ ਨੇ ਦੱਸਿਆ ਕਿ ਇਸ ਕਤਲ ਲਈ ਮ੍ਰਿਤਕ ਵਰਿੰਦਰ ਸਿੰਘ ਬਿੱਟੂ ਦੀ ਮਾਸੀ ਦੇ ਲੜਕੇ ਪਰਮਿੰਦਰ ਸਿੰਘ ਨੇ ਆਪਣੇ ਦਿੱਤੇ ਬਿਆਨਾਂ 'ਚ ਉਕਤ ਚਾਰੇ ਵਿਅਕਤੀਆਂ ਤੋਂ ਇਲਾਵਾ ਮ੍ਰਿਤਕ ਦੇ ਸਕੇ ਭਰਾ ਲਖਵੀਰ ਸਿੰਘ ਲੱਖੀ ਅਤੇ ਭਰਜਾਈ ਨਵਪ੍ਰੀਤ ਕੌਰ ਵਲੋਂ ਬਿੱਟੂ ਨੂੰ ਮਰਵਾਉਣ ਦੀ ਕਥਿਤ ਸਾਜਿਸ਼ ਘੜੇ ਜਾਣ ਦੇ ਦੋਸ਼ ਲਾਏ ਜਾਣ ਕਾਰਨ ਭਰਾ ਅਤੇ ਭਰਜਾਈ ਨੂੰ ਵੀ ਇਸ ਕਤਲ ਦੇ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਬਾਕੀ ਰਹਿੰਦੇ ਇਕ ਵਿਅਕਤੀ ਅਤੇ ਮ੍ਰਿਤਕ ਦੀ ਭਰਜਾਈ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।


Shyna

Content Editor

Related News