ਮੁਕਤਸਰ ਪੁਲਸ ਦਾ ਜੇਲ ’ਚ ‘ਸਰਪ੍ਰਾਈਜ਼ ਆਪ੍ਰੇਸ਼ਨ’ : 120 ਜਵਾਨਾਂ ਨੇ ਫੋਲੀ ਇਕ-ਇਕ ਬੈਰਕ
Friday, Jan 23, 2026 - 06:16 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਐੱਸ. ਐੱਸ.ਪੀ. ਸ੍ਰੀ ਮੁਕਤਸਰ ਸਾਹਿਬ ਅਭਿਮੰਨਿਊ ਰਾਣਾ, ਆਈ. ਪੀ. ਐੱਸ ਦੀ ਨਿਗਰਾਨੀ ਹੇਠ ਜ਼ਿਲਾ ਪੁਲਸ ਵੱਲੋਂ ਅੱਜ ਜ਼ਿਲਾ ਸੁਧਾਰ ਘਰ (ਜੇਲ) ’ਚ ਇਕ ਵਿਸ਼ੇਸ਼ ਅਤੇ ਅਚਾਨਕ ਤਲਾਸ਼ੀ ਮੁਹਿੰਮ ਚਲਾਈ ਗਈ। ਇਹ ਸਰਚ ਮੁਹਿੰਮ ਲੋਕਾਂ ਦੀ ਸੁਰੱਖਿਆ, ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਅਤੇ ਜੇਲ ਪ੍ਰਬੰਧਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜੇਲਾਂ ਦੀ ਅੰਦਰੂਨੀ ਸੁਰੱਖਿਆ ’ਤੇ ਲਗਾਤਾਰ ਨਜ਼ਰ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰ ਅਪਰਾਧਿਕ ਤੱਤ ਜੇਲ ਅੰਦਰੋਂ ਹੀ ਗੈਰਕਾਨੂੰਨੀ ਸਰਗਰਮੀਆਂ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਜੇਲ ਅੰਦਰ ਅਨੁਸ਼ਾਸਨ, ਕਾਨੂੰਨੀ ਪਾਬੰਦੀਆਂ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਅਜਿਹੀਆਂ ਅਚਾਨਕ ਤਲਾਸ਼ੀ ਮੁਹਿੰਮਾਂ ਸਮੇਂ-ਸਮੇਂ ’ਤੇ ਕੀਤੀਆਂ ਜਾਂਦੀਆਂ ਹਨ।
ਸਰਚ ਮੁਹਿੰਮ ਦੌਰਾਨ ਕੀਤੀਆਂ ਮੁੱਖ ਕਾਰਵਾਈਆਂ
ਜੇਲ ਦੀਆਂ ਸਾਰੀਆਂ ਬੈਰਕਾਂ, ਵਾਰਡਾਂ ਅਤੇ ਸਹਾਇਕ ਇਲਾਕਿਆਂ ਦੀ ਵਿਸਥਾਰਪੂਰਕ ਅਤੇ ਗਹਿਰਾਈ ਨਾਲ ਜਾਂਚ ਕੀਤੀ ਗਈ। ਜੇਲ ਦੇ ਅੰਦਰੂਨੀ ਅਤੇ ਬਾਹਰੀ ਆਵਾਜਾਈ ਰਸਤੇ, ਕੰਧਾਂ ਦੇ ਕੋਨੇ, ਬਾਥਰੂਮ, ਸਟੋਰ ਅਤੇ ਹੋਰ ਸੰਦੇਹਪੂਰਨ ਥਾਵਾਂ ਦੀ ਖਾਸ ਤੌਰ ’ਤੇ ਜਾਂਚ ਕੀਤੀ ਗਈ।ਕੁਝ ਸ਼ੱਕੀ ਵਿਅਕਤੀਆਂ ਨਾਲ ਪੁੱਛਗਿੱਛ ਕਰ ਕੇ ਸੰਭਾਵੀ ਗੈਰਕਾਨੂੰਨੀ ਗਤੀਵਿਧੀਆਂ ਸਬੰਧੀ ਜਾਣਕਾਰੀ ਇਕੱਤਰ ਕੀਤੀ ਗਈ।
