ਹਾਦਸੇ ''ਚ ਮੋਟਰਸਾਈਕਲ ਚਾਲਕ ਦੀ ਮੌਤ

Wednesday, Jun 26, 2019 - 06:33 PM (IST)

ਹਾਦਸੇ ''ਚ ਮੋਟਰਸਾਈਕਲ ਚਾਲਕ ਦੀ ਮੌਤ

ਮੋਗਾ-ਥਾਣਾ ਸਦਰ ਅਧੀਨ ਪੈਂਦੇ ਪਿੰਡ ਮੰਗੇਵਾਲਾ ਦੇ ਨੇੜੇ ਸੜਕ ਹਾਦਸੇ 'ਚ ਬਲਜੀਤ ਸਿੰਘ (45) ਨਿਵਾਸੀ ਪਿੰਡ ਥੰਮਣਵਾਲਾ ਜੋ ਦੋ ਬੱਚਿਆਂ ਦਾ ਪਿਤਾ ਸੀ, ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧ 'ਚ ਸਹਾਇਕ ਥਾਣੇਦਾਰ ਨਛੱਤਰ ਸਿੰਘ ਵਲੋਂ ਮ੍ਰਿਤਕ ਦੀ ਪਤਨੀ ਗੁਰਮੀਤ ਕੌਰ ਦੇ ਬਿਆਨਾਂ 'ਤੇ ਕਾਰਵਾਈ ਕੀਤੀ ਗਈ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਲਜੀਤ ਸਿੰਘ ਖੇਤੀ ਅਤੇ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਜਦ ਉਹ 25 ਜੂਨ ਦੀ ਦੇਰ ਸ਼ਾਮ ਆਪਣੇ ਮੋਟਰਸਾਈਕਲ 'ਤੇ ਪਿੰਡ ਮੰਗੇਵਾਲਾ 'ਚ ਕੀਟਨਾਸ਼ਕ ਦਵਾਈਆਂ ਦੀ ਦੁਕਾਨ 'ਤੇ ਜਾ ਰਿਹਾ ਸੀ ਤਾਂ ਰਸਤੇ 'ਚ ਅਚਾਨਕ ਉਸਦਾ ਮੋਟਰਸਾਈਕਲ ਬੇਕਾਬੂ ਹੋ ਕੇ ਝੋਨੇ ਦੇ ਖੇਤ 'ਚ ਚਲਾ ਗਿਆ ਅਤੇ ਉਹ ਸੜਕ 'ਤੇ ਜਾ ਡਿੱਗਿਆ ਅਤੇ ਉਸਦੇ ਸਿਰ 'ਤੇ ਡੂੰਘੀ ਸੱਟ ਲੱਗੀ। ਇਸ ਦੌਰਾਨ ਉਸਦਾ ਭਤੀਜਾ ਸੁਰਿੰਦਰ ਸਿੰਘ ਵੀ ਉਥੇ ਆ ਗਿਆ ਅਤੇ ਉਸ ਨੇ ਬਲਜੀਤ ਸਿੰਘ ਦੇ ਘਰ ਸੂਚਿਤ ਕੀਤਾ।

ਇਸ ਦੌਰਾਨ ਉਨ੍ਹਾਂ 108 ਐਂਬੂਲੈਂਸ ਨੂੰ ਬੁਲਾਇਆ ਅਤੇ ਬਲਜੀਤ ਸਿੰਘ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸਹਾਇਕ ਥਾਣੇਦਾਰ ਨਛੱਤਰ ਸਿੰਘ ਨੇ ਕਿਹਾ ਕਿ ਅੱਜ ਬਲਜੀਤ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸਾਂ ਨੂੰ ਸੌਂਪ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੈਡੀਕਲ ਰਿਪੋਰਟ ਆਉਣ ਦੇ ਬਾਅਦ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ।


author

Karan Kumar

Content Editor

Related News