ਫਰਜ਼ੀ ਸਰਟੀਫਿਕੇਟ ਦੇ ਦਮ ’ਤੇ ਹਾਸਲ ਕੀਤੇ 10 ਕਰੋਡ਼ ਤੋਂ ਜ਼ਿਆਦਾ ਦੇ ਟੈਂਡਰ

09/11/2019 2:03:17 AM

ਲੁਧਿਆਣਾ, (ਹਿਤੇਸ਼)- ਨਗਰ ਨਿਗਮ ਵੱਲੋਂ ਲਾਈ ਗਈ ਸ਼ਰਤ ਪੂਰੀ ਕਰਨ ਲਈ ਫਰਜ਼ੀ ਦਸਤਾਵੇਜ਼ ਲਾ ਕੇ ਇਕ ਠੇਕੇਦਾਰ ਨੇ 10 ਕਰੋਡ਼ ਰੁਪਏ ਦੇ ਟੈਂਡਰ ਤਾਂ ਹਾਸਲ ਕਰ ਲਏ ਪਰ ਹੁਣ ਪੋਲ ਖੁੱਲ੍ਹਣ ਦੇ ਬਾਅਦ ਉਸ ਦੇ ਖਿਲਾਫ ਬਲੈਕ ਲਿਸਟ ਕਰਨ ਦੀ ਕਾਰਵਾਈ ਹੋਣ ਜਾ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ ਸੀ.ਐੱਮ. ਵੱਲੋਂ ਜਾਰੀ ਫੰਡ ਵਿਚੋਂ ਹਲਕਾਵਾਈਜ਼ ਵਿਕਾਸ ਕਾਰਜ ਕਰਵਾਉਣ ਲਈ ਲਾਏ ਟੈਂਡਰਾਂ ਵਿਚ ਨਗਰ ਨਿਗਮ ਵੱਲੋਂ ਯੋਗਤਾ ਸਬੰਧੀ ਕਈ ਸ਼ਰਤਾਂ ਲਾਈਆਂ ਗਈਆਂ ਸੀ ਜਿਨ੍ਹਾਂ ਨੂੰ ਪੂਰਾ ਕਰਨ ਦੇ ਨਾਂ ’ਤੇ ਇਕ ਠੇਕੇਦਾਰ ਵੱਲੋਂ ਪੀ.ਡਬਲਿਊ.ਡੀ. ਤੋਂ ਜਾਰੀ ਹੋਣ ਦਾ ਦਾਅਵਾ ਕਰਦਿਆਂ ਸਰਟੀਫਿਕੇਟ ਲਾ ਦਿੱਤਾ ਜੋ ਦਸਤਾਵੇਜ਼ ਕਰਾਸ ਵੈਰੀਫਿਕੇਸ਼ਨ ਦੌਰਾਨ ਫਰਜ਼ੀ ਪਾਏ ਗਏ।

ਇਸ ਬਾਰੇ ਅਫਸਰਾਂ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਮੰਗਲਵਾਰ ਨੂੰ ਹੋਈ ਐੱਫ. ਐਂਡ ਸੀ.ਸੀ. ਦੀ ਮੀਟਿੰਗ ਵਿਚ ਪੇਸ਼ ਕੀਤੀ ਗਈ ਜਿਸ ’ਤੇ ਚਰਚਾ ਦੇ ਬਾਅਦ ਕੰਪਨੀ ਵੱਲੋਂ ਭਰੇ ਗਏ ਪ੍ਰੀਮਿਕਸ ਦੀਆਂ ਸਡ਼ਕਾਂ ਬਣਾਉਣ ਨਾਲ ਸਬੰਧਤ ਸਾਰੇ ਟੈਂਡਰ ਰੱਦ ਕਰਨ ਦਾ ਫੈਸਲਾ ਕੀਤਾ ਗਿਆ। ਇਸ ਦੇ ਨਾਲ ਬੀ. ਐਂਡ ਆਰ. ਬਰਾਂਚ ਨੂੰ ਨਿਯਮਾਂ ਦੇ ਮੁਤਾਬਕ ਕਾਰਵਾਈ ਕਰਨ ਲਈ ਕਿਹਾ ਗਿਆ ਹੈ ਜਿਸ ਦੇ ਤਹਿਤ ਅਫਸਰਾਂ ਨੇ ਠੇਕੇਦਾਰ ਨੂੰ ਬਲੈਕ ਲਿਸਟ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਚੋਣਵੇਂ ਠੇਕੇਦਾਰਾਂ ਨੂੰ ਫਾਇਦਾ ਦੇਣ ਲਈ ਲਾਈ ਜਾਂਦੀ ਹੈ ਸ਼ਰਤ :

ਵੈਸੇ ਤਾਂ ਪੀ.ਆਈ.ਡੀ.ਬੀ. ਵੱਲੋਂ ਸਟੈਂਡਰਡ ਬਿਡਿੰਗ ਡਾਕੂਮੈਂਟ ਜਾਰੀ ਕੀਤਾ ਗਿਆ ਹੈ ਪਰ ਨਗਰ ਨਿਗਮ ਦੇ ਅਫਸਰਾਂ ਨੂੰ ਫਾਇਦਾ ਦੇਣ ਦੀ ਕਵਾਇਦ ਦੇ ਰੂਪ ਵਿਚ ਦੇਖਿਆ ਜਾਂਦਾ ਹੈ ਕਿਉਂਕਿ ਆਮ ਤੌਰ ’ਤੇ ਲਾਈ ਜਾਂਦੀ ਸ਼ਰਤ ਨੂੰ ਜ਼ਿਆਦਾਤਰ ਠੇੇਕੇੇਦਾਰ ਪੂਰੀ ਨਹੀਂ ਕਰਦੇ।

ਪੁਲ ਤੋਡ਼ ਕੇ ਟੈਂਡਰ ਪਾਉਣ ਦੀ ਵਜ੍ਹਾ ਨਾਲ ਖੁੱਲ੍ਹੀ ਪੋਲ

ਫਰਜ਼ੀ ਦਸਤਾਵੇਜ਼ਾਂ ਦਾ ਸਹਾਰਾ ਲੈਣ ਦੀ ਪੋਲ ਠੇਕੇਦਾਰ ਵੱਲੋਂ ਪੁਲ ਤੋਡ਼ ਕੇ ਟੈਂਡਰ ਪਾਉਣ ਦੀ ਵਜ੍ਹਾ ਨਾਲ ਖੁੱਲ੍ਹੀ ਹੈ ਕਿਉਂਕਿ ਪਹਿਲਾਂ ਠੇਕੇਦਾਰਾਂ ਨੇ ਪੈਡਿੰਗ ਬਿੱਲਾਂ ਦੀ ਪੇਮੈਂਟ ਨਾ ਹੋਣ ਦੇ ਵਿਰੋਧ ਵਿਚ ਟੈਂਡਰਾਂ ਦਾ ਬਾਈਕਾਟ ਕੀਤਾ ਸੀ। ਫਿਰ ਪੁਲ ਕਰ ਕੇ ਕਾਫੀ ਘੱਟ ਲੈੱਸ ’ਤੇ ਟੈਂਡਰ ਹਾਸਲ ਕਰਨ ਦੀ ਯੋਜਨਾ ਬਣਾਈ ਗਈ ਪਰ ਉਕਤ ਠੇਕੇਦਾਰ ਨੇ ਜ਼ਿਆਦਾ ਲੈੱਸ ਪਾ ਕੇ ਟੈਂਡਰ ਹਥਿਆ ਲਏ ਜਿਸ ਦੀ ਬਾਕੀ ਠੇਕੇਦਾਰਾਂ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਨਗਰ ਨਿਗਮ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।


Bharat Thapa

Content Editor

Related News