ਕੋਰੋਨਾ ਵਿਰੁੱਧ ਜੰਗ ’ਚ ਅਜੇ ਹੋਰ ਜਾਗਰੂਕਤਾ ਤੇ ਠੋਸ ਪ੍ਰਬੰਧਾਂ ਦੀ ਸਖ਼ਤ ਜ਼ਰੂਰਤ : ਹਰਪਾਲ ਚੀਮਾ

Monday, May 18, 2020 - 07:36 PM (IST)

ਚੰਡੀਗੜ੍ਹ, (ਰਮਨਜੀਤ)- ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਾਅ ਲਈ ਬੀਤੀ 22 ਮਾਰਚ ਤੋਂ ਲਾਗੂ ਸਖ਼ਤ ਹੁਕਮਾਂ ’ਚ ਬੇਸ਼ੱਕ ਸਰਕਾਰ ਨੇ ਕੁੱਝ ਸ਼ਰਤਾਂ ਸਹਿਤ ਢਿੱਲ ਐਲਾਨੀ ਹੈ, ਪਰ ਇਸ ਨਾਮੁਰਾਦ ਬਿਮਾਰੀ ਬਾਰੇ ਜਾਗਰੂਕਤਾ ਅਤੇ ਸਰਕਾਰਾਂ ਵਲੋਂ ਲੋੜਵੰਦਾਂ ਲਈ ਜ਼ਰੂਰੀ ਪ੍ਰਬੰਧਾਂ ’ਚ ਅਜੇ ਹੋਰ ਵੀ ਠੋਸ ਕਦਮ ਉਠਾਉਣ ਦੀ ਲੋੜ ਹੈ ਕਿਉਂਕਿ ਵੈਕਸੀਨ ਤਿਆਰ ਹੋਣ ਤੱਕ ਇਸ ਬਿਮਾਰੀ ਨੂੰ ਹਲਕੇ ’ਚ ਨਹੀਂ ਲਿਆ ਜਾ ਸਕਦਾ। ਸੋਮਵਾਰ ਇਥੇ ਮੀਡੀਆ ਦੇ ਰੂਬਰੂ ਹੁੰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਅਤੇ ਪਾਰਟੀ ਦੀ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਉਕਤ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਗੈਰੀ ਬੜਿੰਗ, ਸੁਖਵਿੰਦਰ ਸੁੱਖੀ, ਹਰਚੰਦ ਬਰਸਟ, ਬੁਲਾਰੇ ਗੋਵਿੰਦਰ ਮਿੱਤਲ ਅਤੇ ਸੰਦੀਪ ਸਿੰਗਲਾ ਵੀ ਮੌਜੂਦ ਸਨ। ਚੀਮਾ ਨੇ ਕਿਹਾ ਕਿ ਲਾਕਡਾਊਨ/ਕਰਫ਼ਿਊ ਦੌਰਾਨ ਇਸ ਔਖੀ ਘੜੀ ’ਚ ਆਮ ਆਦਮੀ ਪਾਰਟੀ ਸਿਆਸਤ ਤੋਂ ’ਤੇ ਉਠ ਕੇ ਜਿੱਥੇ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਉਥੇ ਆਪਣੇ ਪੱਧਰ ’ਤੇ ਲੋਕਾਂ ਲਈ ਕੋਰੋਨਾ ਮਹਾਮਾਰੀ ਬਾਰੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਅਤੇ ਜ਼ਰੂਰਤਮੰਦਾਂ ਦੀ ਹਰ ਸੰਭਵ ਮਦਦ ਕੀਤੀ।

ਚੀਮਾ ਨੇ ਦੱਸਿਆ ਕਿ ਮੰਡੀਆਂ ਅਤੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੀਆਂ ਮੁਸ਼ਕਲਾਂ-ਮੁਸੀਬਤਾਂ ਸਰਕਾਰ ਤੱਕ ਪਹੁੰਚਾਉਣ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ‘ਆਪ ਦੇ ਕੋਰੋਨਾ ਸੇਵਕ’ ਮੁਹਿੰਮ ਰਾਹੀਂ 3,56,743 ਲੋਕਾਂ ਨੂੰ ਫ਼ੋਨ ’ਤੇ ਕੋਰੋਨਾ ਵਾਇਰਸ ਤੋਂ ਬਚਾਅ ਬਾਰੇ ਜਾਗਰੂਕ ਕੀਤਾ ਅਤੇ ਫੋਨਾਂ ਰਾਹੀਂ ਮਿਲੀ ਫੀਡਬੈਕ ਦੇ ਆਧਾਰ ’ਤੇ ਇਹ ਗੱਲ ਵੀ ਸਾਹਮਣੇ ਆਈ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਾਅ ਲਈ ਅਜੇ ਹੋਰ ਵੱਡੇ ਪੱਧਰ ’ਤੇ ਜਾਗਰੂਕਤਾ ਦੀ ਜ਼ਰੂਰਤ ਹੈ। । ਇਸ ਮੌਕੇ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਅਸੀਂ ਆਲੋਚਨਾ ਲਈ ਆਲੋਚਨਾ ਕਰਨ ’ਚ ਵਿਸ਼ਵਾਸ ਨਹੀਂ ਰੱਖਦੇ, ਪਰ ਕੋਰੋਨਾ ਮਹਾਮਾਰੀ ਨੇ ਕੇਂਦਰ ਦੀ ਨਰਿੰਦਰ ਮੋਦੀ ਅਤੇ ਪੰਜਾਬ ਦੀ ਕੈ. ਅਮਰਿੰਦਰ ਸਿੰਘ ਸਰਕਾਰ ਦੀ ਅਨੇਕ ਪਹਿਲੂਆਂ ਤੋਂ ਬੁਰੀ ਤਰ੍ਹਾਂ ਪੋਲ ਖੋਲ੍ਹੀ ਹੈ। ਸਰਕਾਰੀ ਸਿਹਤ ਸੇਵਾਵਾਂ, ਸੂਬੇ ਦੀ ਕੰਗਾਲ ਅਰਥ ਵਿਵਸਥਾ ਅਤੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਸਮੇਤ ਸਾਰੇ ਮੰਤਰੀਆਂ ਦੀ ਅਜਿਹੀ ਚੁਣੌਤੀ ਦਾ ਸਾਹਮਣਾ ਕਰਨ 'ਚ ਨਾ ਕਾਬਲੀਅਤ ਸਭ ਦੇ ਸਾਹਮਣੇ ਆਈ ਹੈ। ਬੁੱਧ ਰਾਮ ਨੇ ਕਿਹਾ ਕਿ ਇਨ੍ਹਾਂ ਹੀ ਨਹੀਂ ਪੀ.ਆਰ.ਟੀ.ਸੀ. ਦੇ ਮ੍ਰਿਤਕ ਡਰਾਈਵਰ ਮਨਜੀਤ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ‘ਮੈਂ ਮਨਜੀਤ ਸਿੰਘ ਹਾਂ’ ਮੁਹਿੰਮ ਚਲਾਈ, ਜਿਸ ਦੀ ਬਦੌਲਤ ਸਰਕਾਰ ਨੇ ਕੋਰੋਨਾ ਵਿਰੁੱਧ ਜੰਗ ਲੜ ਰਹੇ ਹਰੇਕ ਠੇਕਾ ਭਰਤੀ ਜਾਂ ਆਊਟਸੋਰਸਿੰਗ ‘ਕੋਰੋਨਾ ਸ਼ਹੀਦ’ ਕਰਮਚਾਰੀਆਂ ਨੂੰ 50 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਫ਼ੈਸਲਾ ਲੈਣਾ ਪਿਆ।


Bharat Thapa

Content Editor

Related News