ਸਿੱਖਿਆ ਮੰਤਰੀ ਦੀ ਮਨਜ਼ੂਰੀ ਤੋਂ ਬਿਨਾਂ ਨਵੰਬਰ 2018 ਤੋਂ ਬਾਅਦ ਕੀਤੀਆਂ ਸਾਰੀਆਂ ਬਦਲੀਆਂ ਰੱਦ

Saturday, Jun 01, 2019 - 09:16 AM (IST)

ਸਿੱਖਿਆ ਮੰਤਰੀ ਦੀ ਮਨਜ਼ੂਰੀ ਤੋਂ ਬਿਨਾਂ ਨਵੰਬਰ 2018 ਤੋਂ ਬਾਅਦ ਕੀਤੀਆਂ ਸਾਰੀਆਂ ਬਦਲੀਆਂ ਰੱਦ

ਮੋਹਾਲੀ (ਨਿਆਮੀਆਂ) : ਪੰਜਾਬ ਦੇ ਸਿੱਖਿਆ ਮੰਤਰੀ ਦੇ ਹੁਕਮਾਂ 'ਤੇ ਪਿਛਲੇ ਸਾਲ ਨਵੰਬਰ ਤੋਂ ਹੋਈਆਂ ਅਧਿਆਪਕਾਂ ਦੀਆਂ ਉਹ ਸਾਰੀਆਂ ਬਦਲੀਆਂ ਅੱਜ ਰੱਦ ਕਰ ਦਿੱਤੀਆਂ ਗਈਆਂ, ਜਿਨ੍ਹਾਂ ਦੀ ਮਨਜ਼ੂਰੀ ਜਾਂ ਸਹਿਮਤੀ ਸਿੱਖਿਆ ਮੰਤਰੀ ਵਲੋਂ ਨਹੀਂ ਦਿੱਤੀ ਗਈ। ਇਨ੍ਹਾਂ ਬਦਲੀਆਂ ਨੂੰ ਲੈ ਕੇ ਆਉਂਦੇ ਦਿਨਾਂ ਵਿਚ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦਫਤਰ ਵਿਚਾਲੇ ਟਕਰਾਅ ਹੋਰ ਵੀ ਵਧਣ ਦੇ ਆਸਾਰ ਬਣ ਗਏ ਹਨ। ਇਸ ਦਾ ਮੁੱਖ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਇਹ ਸਾਰੀਆਂ ਬਦਲੀਆਂ ਪੰਜਾਬ ਦੇ ਸਿੱਖਿਆ ਸਕੱਤਰ ਵਲੋਂ ਆਪਣੇ ਪੱਧਰ 'ਤੇ ਕੀਤੀਆਂ ਗਈਆਂ ਹਨ।

ਸਿੱਖਿਆ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਸਿੱਖਿਆ ਸਕੱਤਰ ਕੋਲ ਕਈ ਅਜਿਹੇ ਮਾਮਲੇ ਆ ਜਾਂਦੇ ਹਨ, ਜਿਨ੍ਹਾਂ ਦੀ ਸਮੱਸਿਆ ਸੱਚਮੁੱਚ ਗੰਭੀਰ ਹੁੰਦੀ ਹੈ ਤੇ ਉਨ੍ਹਾਂ ਦੀ ਬਦਲੀ ਹੋਣੀ ਹੀ ਚਾਹੀਦੀ ਹੁੰਦੀ ਹੈ। ਮੈਰਿਟ ਦੇ ਆਧਾਰ 'ਤੇ ਸਿੱਖਿਆ ਸਕੱਤਰ ਵਲੋਂ ਇਹ ਬਦਲੀਆਂ ਕਰ ਦਿੱਤੀਆਂ ਜਾਂਦੀਆਂ ਹਨ। ਸਿੱਖਿਆ ਸਕੱਤਰ ਅਤੇ ਸਿੱਖਿਆ ਮੰਤਰੀ ਵਿਚਾਲੇ ਚੱਲ ਰਿਹਾ 36 ਦਾ ਅੰਕੜਾ ਕਿਸੇ ਕੋਲੋਂ ਗੁੱਝਾ ਨਹੀਂ ਰਿਹਾ ਅਤੇ ਹੁਣ ਇਹ ਪਾੜਾ ਹੋਰ ਵਧਣ ਦੀ ਸੰਭਾਵਨਾ ਹੈ। ਸਿੱਖਿਆ ਸਕੱਤਰ ਪਿਛਲੇ ਸਾਲ ਨਵੰਬਰ ਤੋਂ ਲੈ ਕੇ ਹੁਣ ਤਕ ਦੀਆਂ ਕੀਤੀਆਂ ਗਈਆਂ ਬਦਲੀਆਂ ਨੂੰ ਰੱਦ ਕਰਕੇ ਸਿੱਖਿਆ ਮੰਤਰੀ ਨਾਲ ਸਿੱਧੇ ਟਕਰਾਅ ਦੇ ਮੂਡ ਵਿਚ ਆ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਸਿੱਖਿਆ ਸਕੱਤਰ ਵਲੋਂ ਅਪਣਾਈਆਂ ਗਈਆਂ ਨੀਤੀਆਂ ਕਾਰਨ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸਿੱਖਿਆ ਬੋਰਡ ਦੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ 85 ਫੀਸਦੀ ਤੋਂ ਵੀ ਵਧੇਰੇ ਆਏ ਹਨ। ਇਸ ਵਾਰ ਸਰਕਾਰੀ ਸਕੂਲਾਂ ਦੇ ਨਤੀਜੇ ਵੀ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਵਧੀਆ ਆਏ ਹਨ, ਜਿਸ ਕਰਕੇ ਮੁੱਖ ਮੰਤਰੀ ਸਿੱਖਿਆ ਸਕੱਤਰ ਦੀ ਪਿੱਠ ਥਪਥਪਾ ਚੁੱਕੇ ਹਨ। ਸਰਕਾਰ ਵਲੋਂ ਇਸ ਬਾਰੇ ਲੱਖਾਂ ਦੇ ਇਸ਼ਤਿਹਾਰ ਵੀ ਮੀਡੀਆ ਰਾਹੀਂ ਛਪਵਾਏ ਜਾ ਚੁੱਕੇ ਹਨ। ਹੁਣ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਸੈਕੰਡਰੀ ਵਿਭਾਗ ਵਿਚ ਰੱਦ ਕੀਤੀਆਂ ਗਈਆਂ ਇਨ੍ਹਾਂ ਬਦਲੀਆਂ ਕਾਰਨ ਕੀ ਨਵੇਂ ਪੁਆੜੇ ਪੈਂਦੇ ਹਨ।


author

cherry

Content Editor

Related News